ਜਸਬੀਰ ਸਿੰਘ ਚਾਨਾ
ਫਗਵਾੜਾ, 16 ਅਕਤੂਬਰ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅੱਜ ਫਗਵਾੜਾ ਵਿੱਚ ਹੋਏ ਸੁਆਗਤੀ ਸਮਾਗਮ ’ਚ ਪੁੱਜੇ ਸਾਬਕਾ ਕੌਂਸਲਰਾਂ ਨੇ ਰੱਜ ਕੇ ਆਪਣੇ ਹੋ ਰਹੇ ਅਪਮਾਨ ਦੇ ਦੁੱਖੜੇ ਰੋਏ। ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ ਦੇ ਘਰ ਹੋਏ ਸਮਾਗਮ ’ਚ ਕਈ ਸਾਬਕਾ ਕੌਂਸਲਰਾਂ ਨੇ ਕਿਹਾ ਕਿ ਉਹ ਫਗਵਾੜਾ ਦੀ ਹੋਈ ਉਪ ਚੋਣ ’ਚ ਪਾਰਟੀ ਛੱਡ ਕੇ ਆਏ ਸਨ ਤੇ ਮੌਜੂਦਾ ਵਿਧਾਇਕ ਦੀ ਮੱਦਦ ਕਰਕੇ ਉਸ ਨੂੰ ਜਿਤਾਇਆ ਸੀ ਪਰ ਜਿੱਤ ਤੋਂ ਬਾਅਦ ਉਨ੍ਹਾਂ ਸਾਡੀ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਪੁੱਛਗਿੱਛ ਖਤਮ ਕਰ ਦਿੱਤੀ। ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਚੋਣਾਂ ਦੇ ਮੌਕੇ ਉਨ੍ਹਾਂ ਕੋਲੋਂ ਵੱਡੀ ਭੁੱਲ ਹੋਈ ਹੈ ਜਿਸ ਦੀ ਉਹ ਮੁਆਫ਼ੀ ਚਾਹੁੰਦੇ ਹਨ। ਉਨ੍ਹਾਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਹਰਨੂਰ ਸਿੰਘ ਮਾਨ ਯੂਥ ਆਗੂ ਨੂੰ ਆਪਣਾ ਪੁੱਤਰ ਐਲਾਨਦਿਆ ਕਿਹਾ ਕਿ 2022 ’ਚ ਮੁੜ ਕਾਂਗਰਸ ਦੀ ਸਰਕਾਰ ਬਣਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਹੈ ਇਸ ਲਈ ਤੁਹਾਨੂੰ ਹੁਣ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਆਵੇਗੀ।ਇਸ ਮੌਕੇ ਹਰਜੀ ਮਾਨ ਵਲੋਂ ਰਾਣਾ ਗੁਰਜੀਤ ਸਿੰਘ ਦਾ ਫਗਵਾੜਾ ਪੁੱਜਣ ਤੇ ਵੱਡੇ ਕਾਫ਼ਲੇ ਨਾਲ ਸੁਆਗਤ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਬਲਾਕ ਕਾਂਗਰਸੀ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਰਾਜੂ, ਹਰਜੀਤ ਸਿੰਘ ਪਰਮਾਰ, ਪ੍ਰਮੁੱਖ ਸਨਅਤਕਾਰ ਕੁਲਦੀਪ ਸਰਦਾਨਾ, ਸਤਬੀਰ ਸਿੰਘ ਸਾਬੀ ਵਾਲੀਆ, ਸਾਬਕਾ ਕੌਂਸਲਰ ਮੁਨੀਸ਼ ਪ੍ਰਭਾਕਰ, ਗੁਰਦੀਪ ਦੀਪਾ, ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ, ਪਦਮ ਦੇਵ ਸੁਧੀਰ ਨਿੱਕਾ, ਰਵੀ ਕੁਮਾਰ, ਅਮਰਜੀਤ ਪੀਪਾਰੰਗੀ, ਮਲਕੀਅਤ ਸਿੰਘ ਰਘਬੋਤਰਾ, ਅਵਤਾਰ ਸਿੰਘ ਪੰਡਵਾ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਵਰੁਨ ਬੰਗੜ, ਬਿੱਲੂ ਖੇੜਾ, ਸੁਰਜੀਤ ਖੇੜਾ, ਅਸ਼ੋਕ ਕੁਲਥਮ, ਬਲਵਿੰਦਰ ਸਿੰਘ ਠੱਕਰਕੀ ਸਰਪੰਚ, ਅਮਰਜੀਤ ਨੰਗਲ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।
ਵਿਧਾਇਕ ਧਾਲੀਵਾਲ ਨੇ ਦਿੱਤਾ ਭਰੋਸਾ
ਇਸ ਸਬੰਧੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਕੌਂਸਲਰਾਂ ਦੇ ਹਲਕਿਆਂ ਦਾ ਪਹਿਲਾ ਨਾਲੋਂ ਵੱਧ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਸਾਬਕਾ ਕੌਂਸਲਰਾਂ ਦੇ ਸਨਮਾਨ ਨੂੰ ਬਰਕਰਾਰ ਰੱਖਣ ਦਾ ਵੀ ਭਰੋਸਾ ਦਿੱਤਾ।