ਪੱਤਰ ਪ੍ਰੇਰਕ
ਸ਼ਾਹਕੋਟ, 3 ਫਰਵਰੀ
ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਉਸ ਸਮੇਂ ਸੂਬੇ ਦਾ ਬੇਹੱਦ ਵਿਕਾਸ ਹੋਇਆ। ਇਸਦੇ ਉਲਟ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਸ ਸਮੇਂ ਪੰਜਾਬ ਦਾ ਬੇਹੱਦ ਵਿਨਾਸ ਹੋਇਆ। ਉਕਤ ਪ੍ਰਗਟਾਵਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੀਤਾ। ਉਹ ਅੱਜ ਮਲਸੀਆਂ ਵਿੱਚ ਗੁਰਮੁੱਖ ਸਿੰਘ ਬਹੁਗੁਣ ਤੇ ਸੇਵਾ ਮੁਕਤ ਪ੍ਰਿੰਸੀਪਲ ਹਰਮੀਤ ਕੌਰ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਗੈਰ ਸਮਾਜੀ ਅਨਸਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਕਾਂਗਰਸ ਪਾਰਟੀ ਹੀ ਲਿਜਾ ਸਕਦੀ ਹੈ। ਕਾਂਗਰਸ ਹੀ ਸੂਬੇ ਵਿੱਚ ਭਾਂਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਕੇ ਅਮਨ ਸ਼ਾਂਤੀ ਕਾਇਮ ਰੱਖ ਸਕਦੀ ਹੈ। ਇਸੇ ਲਈ ਕਾਂਗਰਸ ਦਾ ਸੱਤਾ ਵਿਚ ਆਉਣਾ ਜ਼ਰੂਰੀ ਹੈ। ਉਨ੍ਹਾਂ ਦੇ ਵਿਰੋਧੀਆਂ ਵੱਲੋਂ ਕੀਤਾ ਨਾਪਾਕ ਗਠਜੋੜ ਵੀ ਕਾਂਗਰਸ ਨੂੰ ਸੱਤਾ ਵਿਚ ਆਉਣ ਤੋਂ ਰੋਕ ਨਹੀਂ ਸਕਦਾ ਕਿਉਂਕਿ ਉਨ੍ਹਾਂ ਕੋਲ ਕੋਈ ਪੰਜਾਬ ਹਿਤੈਸ਼ੀ ਏਜੰਡਾ ਨਹੀਂ ਹੈ। ਕਾਂਗਰਸ ਸਰਕਾਰ ਵੱਲੋਂ ਕੀਤੇ ਵਿਕਾਸ ਅੱਗੇ ਵਿਰੋਧੀ ਉਮੀਦਵਾਰ ਟਿੱਕ ਨਹੀਂ ਸਕਣਗੇ। ਪੰਜਾਬੀ ਕਾਂਗਰਸ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਲਈ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦਾ ਪੱਕਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਾਂਗਰਸ ਦੇ ਮੁੜ ਸੱਤਾ ਵਿਚ ਆਉਣ ਦਾ ਦਾਅਵਾ ਕੀਤਾ।