ਪੱਤਰ ਪ੍ਰੇਰਕ
ਦਸੂਹਾ, 7 ਦਸੰਬਰ
ਇਥੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸੀ ਆਗੂਆਂ ਵੱਲੋਂ ਵਿਧਾਇਕ ਅਰੁਣ ਮਿਕੀ ਡੋਗਰਾ ਦੇ ਹੱਕ ਵਿੱਚ ਵਿੱਢੀ ਚੋਣ ਸਰਗਰਮੀ ਨੇ ਟਿਕਟ ਦੇ ਹੋਰਨਾਂ ਦਾਅਵੇਦਾਰਾਂ ਨੂੰ ਸੋਚੀਂ ਪਾ ਦਿੱਤਾ ਹੈ। ਯੂਥ ਆਗੂ ਹਿੰਮਤ ਸਿੰਘ ਦਿਉਲ ਦੀ ਅਗਵਾਈ ਹੇਠ ਖੈਰਾਬਾਦ ਦੇ ਪੈਲਸ ਵਿੱਚ ਹੋਈ ਨੌਜਵਾਨਾਂ ਦੀ ਇਕੱਤਰਤਾ ਵਿੱਚ ਵਿਧਾਇਕ ਡੋਗਰਾ ਨੇ ਸ਼ਿਰਕਤ ਕੀਤੀ। ਸ੍ਰੀ ਡੋਗਰਾ ਨੇ ਨੌਜਵਾਨਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਦਿਆ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਨੋਜਵਾਨਾਂ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਉਨ੍ਹਾਂ ਹਲਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ।
ਹਲਕੇ ਦੇ ਕਾਂਗਰਸੀ ਆਗੂ ਨੂੰ ਉਮੀਦਵਾਰ ਬਣਾਉਣ ਦੀ ਮੰਗ
ਭੋਗਪੁਰ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਆਦਮਪੁਰ ਦੇ ਕਾਂਗਰਸੀ ਆਗੂਆਂ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ, ਜਨਰਲ ਸਕੱਤਰ ਜਸਵੀਰ ਸਿੰਘ ਸੈਣੀ, ਕੌਂਸਲਰ ਸੰਤੋਖ ਕੌਰ, ਕੌਂਸਲਰ ਜਸਪਾਲ ਸਿੰਘ ਅਤੇ ਕੌਂਸਲਰ ਸਤਪਾਲ ਅਟਵਾਲ ਨੇ ਹਾਈਕਮਾਂਡ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਆਦਮਪੁਰ ਤੋਂ ਸਥਾਨਕ ਕਾਂਗਰਸ ਆਗੂ ਨੂੰ ਉਮੀਦਵਾਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਰੀਬ ਅੱਠ ਦਹਾਕਿਆਂ ਤੋਂ ਕਿਸੇ ਵੀ ਸਥਾਨਕ ਕਾਂਗਰਸੀ ਆਗੂ ਨੂੰ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਨਾ ਬਣਾਉਣ ਕਾਰਨ ਪੈਰਾਸ਼ੂਟ ਰਾਹੀਂ ਚੋਣ ਲੜਨ ਵਾਲੇ ਬਾਹਰਲੇ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਨੁਮਾਇੰਦਿਆਂ ਦੀ ਵਜ੍ਹਾ ਕਾਰਨ ਹੀ ਹਲਕਾ ਆਦਮਪੁਰ ਸਰਬਪੱਖੀ ਵਿਕਾਸ ਪੱਖੋਂ ਪੱਛੜ ਕੇ ਰਹਿ ਗਿਆ ਹੈ।