ਜਗਜੀਤ ਸਿੰਘ
ਮੁਕੇਰੀਆਂ, 11 ਨਵੰਬਰ
ਸਹਿਕਾਰੀ ਸਭਾ ਵੱਲੋਂ ਦਿੱਤੀ ਡੀਏਪੀ ਖਾਦ ਵਿੱਚੋਂ ਇੱਟਾਂ-ਰੋੜੇ ਮਿਲਣ ਦੇ ਮਾਮਲੇ ਵਿਚ ਖੇਤੀ ਅਧਿਕਾਰੀਆਂ ਨੇ ਪੀੜਤ ਕਿਸਾਨਾਂ ਨਾਲ ਰਾਬਤਾ ਕਰਨ ਦੀ ਥਾਂ ਸਹਿਕਾਰੀ ਸਭਾ ਅੰਦਰ ਪਈ ਖਾਦ ਦੇ ਬੋਰਿਆਂ ’ਚੋਂ ਨਮੂਨੇ ਲੈ ਕੇ ਕਾਗਜ਼ੀ ਖਾਨਪੂਰਤੀ ਪੂਰੀ ਕਰ ਲਈ ਹੈ। ਇਨ੍ਹਾਂ ਨਮੂਨਿਆਂ ਦੀ ਜਾਂਚ ਵਿਚੋਂ ਖੇਤੀ ਅਧਿਕਾਰੀਆਂ ਨੂੰ ਕੁਝ ਖ਼ਾਸ ਨਜ਼ਰ ਨਹੀਂ ਆਇਆ ਜਦੋਂਕਿ ਕਿਸਾਨ ਖਾਦ ’ਚੋਂ ਨਿਕਲੇ ਇੱਟਾਂ ਰੋੜੇ ਤੇ ਲੋਹੇ ਤੇ ਟੁਕੜੇ ਸੰਭਾਲੀ ਬੈਠੇ ਹਨ। ਜ਼ਿਕਰਯੋਗ ਹੈ ਕਿ ਪਿੰਡ ਨੁਸ਼ਹਿਰਾ ਪੱਤਣ ਦੀ ਸਹਿਕਾਰੀ ਸਭਾ ਵਲੋਂ ਕਿਸਾਨਾਂ ਨੂੰ ਵੇਚੀ ਡੀਏਪੀ ਖਾਦ ਵਿੱਚੋਂ ਇੱਟਾਂ-ਰੋੜੇ ਤੇ ਲੋਹੇ ਤੇ ਐਂਗਲ ਨਿਕਲੇ ਸਨ। ਖੇਤੀ ਵਿਭਾਗ ਦੇ ਏਡੀਓ ਕਮਲਦੀਪ ਸਿੰਘ ਨੇ ਕਿਹਾ ਕਿ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਲਿਖਤੀ ਸ਼ਿਕਾਇਤ ਨਾ ਮਿਲਣ ਕਰ ਕੇ ਕਿਸੇ ਕਿਸਾਨ ਨਾਲ ਰਾਬਤਾ ਨਹੀਂ ਕੀਤਾ ਗਿਆ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲਲਿਤ ਮੋਹਨ ਨੇ ਕਿਹਾ ਕਿ ਸੇਲਜ਼ਮੈਨ ਵੱਲੋਂ ਮੁਹੱਈਆ ਕਰਵਾਈ ਖਾਦ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਕੁਤਾਹੀ ਹੋਣ ’ਤੇ ਸਬੰਧਤ ਏਜੰਸੀ ਨੂੰ ਲਿਖਿਆ ਜਾਵੇਗਾ: ਮੁੱਖ ਖੇਤੀ ਅਫ਼ਸਰ
ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ ਸੁਰਿੰਦਰ ਸਿੰਘ ਨੇ ਕਿਹਾ ਕਿ ਮਿਲਾਵਟੀ ਖਾਦ ਦਾ ਮਾਮਲਾ ਸਾਹਮਣੇ ਆਉਣ ’ਤੇ ਸੈਂਪਲ ਭਰੇ ਗਏ ਹਨ। ਜੇ ਕੋਈ ਕੁਤਾਹੀ ਹੋਈ ਹੈ ਤਾਂ ਪੀੜਤ ਕਿਸਾਨਾਂ ਨਾਲ ਰਾਬਤਾ ਕਰ ਕੇ ਖਾਦ ਵਿੱਚੋਂ ਨਿਕਲਿਆ ਸਾਮਾਨ ਜਾਂਚ ਕੇ ਸਬੰਧਤ ਏਜੰਸੀ ਨੂੰ ਲਿਖਿਆ ਜਾਵੇਗਾ।