ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੁਲਾਈ
ਘਰ ਦੀ ਰੋਜ਼ੀ-ਰੋਟੀ ਕਮਾਉਣ ਲਈ ਮਾਲਟਾ ਗਏ ਤਿੰਨ ਪੰਜਾਬੀਆਂ ਨੂੰ ਕਮਿਸ਼ਨਰੇਟ ਪੁਲੀਸ ਨੇ ਉਥੋਂ ਦੀ ਇਕ ਕੰਪਨੀ ਦੇ ਚੁੰਗਲ ’ਚੋਂ ਛੁਡਵਾਇਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਨ੍ਹਾਂ ਤਿੰਨਾਂ ਵਿਚੋਂ ਇਕ ਜਲੰਧਰ ਦੇ ਨੌਜਵਾਨ ਨੇ ਆਪਣੀ ਹੱਡਬੀਤੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ। ਇਸ ਵੀਡੀਓ ਨੂੰ ਦੇਖ ਕੇ ਹੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ’ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਸਾਗਰ ਤੇ ਅਰਸ਼ਦੀਪ ਅਤੇ ਜ਼ਿਲ੍ਹਾ ਲੁਧਿਆਣਾ ਤੋਂ ਕ੍ਰਿਸ਼ਨਾ ਦੇਵੀ ਨੂੰ ਏ ਟੂ ਜ਼ੈੱਡ ਐਕਸਪੋਰਟ ਲਿਮਟਿਡ ਵੱਲੋਂ ਮਸ਼ੀਨ ਆਪ੍ਰੇਟਰਜ਼ ਵਜੋਂ ਮਾਲਟਾ ਭੇਜਿਆ ਗਿਆ ਸੀ। ਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਕਥਿਤ ਤੌਰ ’ਤੇ ਬੰਧੂਆਂ ਮਜ਼ਦੂਰ ਬਣਾਇਆ ਗਿਆ ਅਤੇ ਸਰੀਰਕ ਤਸੀਹੇ ਦਿੱਤੇ ਗਏ, ਜਿਸ ਦੀ ਸਾਗਰ ਵੱਲੋਂ ਵੀਡੀਓ ਬਣਾ ਕੇ ਮਾਲਟਾ ਵਿੱਚ ਉਨ੍ਹਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦਿਆਂ ਮਦਦ ਮੰਗੀ ਗਈ। ਜ਼ਿਕਰਯੋਗ ਹੈ ਕਿ ਵੀਡੀਓ ਵਿਚ ਸਾਗਰ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸ ਨੂੰ ਬਚਾਇਆ ਨਹੀਂ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਵੀਡੀਓ ’ਤੇ ਫੌਰੀ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ ਨੇ ਏ ਟੂ ਜ਼ੈੱਡ ਐਕਸਪੋਰਟ ਦੇ ਮਾਲਕ ਨੂੰ ਤਲਬ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਿੰਨੇ ਪੀੜਤ ਪੰਜਾਬੀਆਂ ਨੂੰ ਵਾਪਸ ਜਲੰਧਰ ਲਿਆਉਣ ਦੇ ਪ੍ਰਬੰਧ ਕੀਤੇ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ।