ਗੁਰਦੇਵ ਸਿੰਘ ਗਹੂੰਣ
ਬਲਾਚੌਰ, 16 ਫਰਵਰੀ
ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਰਵਿਦਾਸ ਦਾ 645ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਪਿੰਡ ਕੁਲਾਰ ਵਿੱਚ ਸੰਤ ਗੁਲਜ਼ਾਰੀ ਰਾਮ ਝੱਜ ਵਾਲਿਆਂ ਨੇ ਗੁਰੂ ਰਵਿਦਾਸ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਅਸ਼ੋਕ ਕੁਲਾਰ ਨੇ ਦੱਸਿਆ ਕਿ ਗੁਰੂ ਰਵਿਦਾਸ ਦੇ ਸਿਧਾਂਤਾਂ ’ਤੇ ਚੱਲ ਕੇ ਬੇਗਮਪੁਰਾ ਸ਼ਹਿਰ ਵਸਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਥੇਬੰਦੀ ਨੇ ਪ੍ਰਣ ਕੀਤਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬਲਾਚੌਰ, ਨਿਊ ਕਲੋਨੀ ਰੱਕੜਾਂ ਬੇਟ, ਗਹੂੰਣ, ਮਹਿੰਦੀਪੁਰ, ਸਿਆਣਾ ਅਤੇ ਘਮੌਰ ਦੀਆਂ ਸੰਗਤਾਂ ਵੱਲੋਂ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਸ਼ਾਹਕੋਟ (ਗੁਰਮੀਤ ਖੋਸਲਾ): ਸ੍ਰੀ ਗੁਰੂ ਰਵਿਦਾਸ ਧਰਮਸਾਲਾ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਵੱਲੋਂ ਸਥਾਨਕ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਗੁਰਮੇਜ ਲਾਲ ਹੀਰ, ਸਕੱਤਰ ਸੁਰਿੰਦਰ ਭੱਟੀ ਅਤੇ ਚੇਅਰਮੈਨ ਜੈਰਾਜ ਚੁੰਬਰ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਇਆ ਗਿਆ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਕਾਲਰੀਆਂ, ਬਗੀਚੀ ਮੁਹੱਲਾ, ਬੇਗਮਪੁਰਾ ਤੇ ਹੋਰ ਥਾਵਾਂ ’ਤੇੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਨਿਰਮਲ ਸਿੰਘ ਚੋਮੋਂ ਵਾਲੇ, ਭਾਈ ਨਵਜੋਤ ਸਿੰਘ ਖਾਲਸਾ ਕੋਹਜੇ ਵਾਲੇ ਅਤੇ ਹੋਰ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।
ਭੁਲੱਥ (ਦਲੇਰ ਸਿੰਘ ਚੀਮਾ): ਕਸਬੇ ਵਿੱਚ ਸਥਿਤ ਗੁਰਦੁਆਰਾ ੴ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਭੋਲਾ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਭੋਗਪੁਰ ਵਾਲਿਆਂ ਵੱਲੋਂ ਗੁਰੂ ਰਵਿਦਾਸ ਦੀ ਬਾਣੀ ’ਤੇ ਕਥਾ-ਵਿਚਾਰ ਕੀਤੀ ਗਈ। ਇਸ ਮੌਕੇ ਲੇਖਕ ਡਾ. ਮੇਹਰ ਚੰਦ ਸਿੱਧੂ ਨੇ ਭਗਤ ਰਵਿਦਾਸ ਦੇ ਜੀਵਨ ਬਾਰੇ ਦੱਸਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਇੱਥੇ ਸ੍ਰੀ ਦਰਬਾਰ ਸਾਹਿਬ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ| ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ|
ਤਲਵਾੜਾ (ਦੀਪਕ ਕੁਮਾਰ): ਇੱਥੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਗੁਰੂ ਰਵਿਦਾਸ ਦਾ 654ਵਾਂ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬੀਬੀਐੱਮਬੀ ਕਲੋਨੀ ਦੇ ਸੈਕਟਰ 3 ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਕਰਵਾਏ ਧਾਰਮਿਕ ਸਮਾਗਮ ਦੀ ਆਰੰਭਤਾ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਨਾਲ ਕੀਤੀ ਗਈ, ਜਿਸ ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਗੁਰੂ ਰਵਿਦਾਸ ਦੇ 645ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸ਼ਹਿਰ ਵਿੱਚੋਂ ਲੰਘਦੀ ਨਹਿਰ ਦੇ ਕਿਨਾਰੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਧਰਮਸ਼ਾਲਾ ਧਾਰੀਵਾਲ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪਿੰਡ ਰਣੀਆਂ ਤੋਂ ਮੁੜ ਵਾਪਸ ਜੀਟੀ ਰੋਡ ’ਤੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਲੰਘਦਾ ਹੋਇਆ ਬਟਾਲਾ ਰੋਡ ਸ਼ਾਹ ਪੈਟਰੋਲ ਪੰਪ ਤੋਂ ਮੁੜ ਵਾਪਸ ਆਰੰਭਿਕ ਸਥਾਨ ’ਤੇ ਸਮਾਪਤ ਹੋਇਆ। ਸਮਾਜ ਸੇਵੀ ਅਤੇ ਧਾਰਮਿਕ ਸਭਾਵਾਂ ਸਣੇ ਹੋਰ ਸ਼ਰਧਾਲੂਆਂ ਨੇ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ’ਤੇ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਲਈ ਲੰਗਰ ਲਾਏ।
ਗੁਰੂ ਰਵਿਦਾਸ ਮੰਦਿਰ ਵਿਖੇ ਨਤਮਸਤਕ ਹੋਏ ਓਮ ਪ੍ਰਕਾਸ਼ ਸੋਨੀ
ਅੰਮ੍ਰਿਤਸਰ: ਗੁਰੂ ਰਵਿਦਾਸ ਦੇ ਜਨਮ ਦਿਵਸ ਦੇ ਸਬੰਧ ਵਿੱਚ ਹਾਲ ਬਾਜ਼ਾਰ ਸਥਿਤ ਗੁਰੂ ਰਵਿਦਾਸ ਮੰਦਿਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੱਥਾ ਟੇਕ ਕੇ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਲਿਆ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਸੋਨੀ ਨੇ ਜਨਮ ਉਤਸਵ ਮੌਕੇ ਤਿਆਰ ਕਰਵਾਇਆ ਗਿਆ ਕੇਕ ਵੀ ਕੱਟਿਆ। -ਖੇਤਰੀ ਪ੍ਰਤੀਨਿਧ