ਪੱਤਰ ਪ੍ਰੇਰਕ
ਬਲਾਚੌਰ, 30 ਜੁਲਾਈ
ਇੱਥੇ ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਿਛਲੇ ਇੱਕ ਸਾਲ ਤੋਂ ਸ਼ਗਨ ਸਕੀਮ ਦੇ ਪੈਸੇ ਲੋੜਵੰਦ ਲੜਕੀਆਂ ਦੇ ਮਾਪਿਆਂ ਨੂੰ ਸਮੇਂ ਸਿਰ ਜਾਰੀ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਲਦ ਤੋਂ ਜਲਦ ਸ਼ਗਨ ਸਕੀਮ ਦੇ ਪੈਸੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਐੱਸਸੀ ਤੇ ਬੀਸੀ ਵਰਗ ਦੇ ਲੋੜਵੰਦਾਂ ਨੂੰ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ 51 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਰਕਾਰ ਇਹ ਰਾਸ਼ੀ ਸਿਰਫ 21 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਤੱਕ ਪਹੁੰਚਾ ਸਕੀ ਹੈ ਤੇ ਹੁਣ ਲਗਭਗ ਪਿਛਲੇ ਇੱਕ ਸਾਲ ਤੋਂ ਇਨ੍ਹਾਂ ਲੋੜਵੰਦਾਂ ਨੂੰ ਸ਼ਗਨ ਸਕੀਮ ਦਾ ਕੋਈ ਪੈਸਾ ਸਰਕਾਰ ਨੇ ਰਿਲੀਜ਼ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਸਰਕਾਰ ਤੋਂ ਅਪੀਲ ਕਰਦੀ ਹੈ ਕਿ ਲੋੜਵੰਦਾਂ ਨੂੰ ਵਾਅਦੇ ਅਨੁਸਾਰ 51 ਹਜ਼ਾਰ ਰੁਪਏ ਵਿਆਹ ਤੋਂ ਘੱਟੋ ਘੱਟ ਪੰਦਰਾਂ ਦਿਨ ਪਹਿਲਾਂ ਮਿਲਣੇ ਯਕੀਨੀ ਬਣਾਉਣ। ਬਸਪਾ ਆਗੂ ਨੇ ਕਿਹਾ ਕਿ ਕੈਟਪਟ ਸਰਕਾਰ ਲੋੜਵੰਦਾਂ ਲਈ ਬਣਾਈਆਂ ਬਹੁਤੀਆਂ ਭਲਾਈ ਸਕੀਮਾਂ ਦੀ ਸੰਘੀ ਘੁੱਟਦੀ ਨਜ਼ਰ ਆ ਰਹੀ ਹੈ ਜਿਸ ਦੀ ਪ੍ਰਤੱਖ ਉਦਹਾਰਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪ੍ਰਾਈਵੇਟ ਕਾਲਜਾਂ ਨੂੰ ਸਰਕਾਰ ਵੱਲੋਂ ਫੰਡ ਨਾ ਜਾਰੀ ਕੀਤੇ ਜਾਣ ਤੋਂ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਨੂੰ ਜਾਣ-ਬੁੱਝ ਕੇ ਜ਼ਲੀਲ ਕਰਵਾਇਆ ਜਾ ਰਿਹਾ ਹੈ ਤੇ ਅੰਤਰਜਾਤੀ ਵਿਆਹੁਤਾ ਜੋੜਿਆਂ ਨੂੰ ਮਿਲਦੀ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਬੰਦ ਪਈ ਹੈ ਤੇ ਇਸ ਦੀ ਜ਼ਿੰਮੇਵਾਰ ਖੁਦ ਪੰਜਾਬ ਸਰਕਾਰ ਹੈ।