ਸੁਰਜੀਤ ਮਜਾਰੀ
ਬੰਗਾ, 27 ਜਨਵਰੀ
ਕਾਂਗਰਸ ਪਾਰਟੀ ਵਲੋਂ ਇੱਥੋਂ ਐਲਾਨੇ ਉਮੀਦਵਾਰ ਤਰਲੋਚਨ ਸਿੰਘ ਸੂੰਢ ਦੇ ਵਿਰੋਧ ’ਚ ਬਾਕੀ ਦਾਅਵੇਦਾਰਾਂ ਨੇ ਇੱਕਜੁਟ ਹੋ ਕੇ ਪਾਰਟੀ ਹਾਈਕਮਾਂਡ ਨੂੰ ਆਪਣਾ ਫ਼ੈਸਲਾ ਬਦਲਣ ਲਈ ਜ਼ੋਰ ਪਾਇਆ ਹੈ। ਇਹਨਾਂ ਦਾਅਵੇਦਾਰਾਂ ’ਚ ਸ਼ਾਮਲ ਠੇਕੇਦਾਰ ਰਾਜਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਕੈਂਥ ਅਤੇ ਕਮਲਜੀਤ ਬੰਗਾ ਨੇ ਪਾਰਟੀ ਹਾਈਕਮਾਂਡ ਨੂੰ ਉਕਤ ਮੁੱਦੇ ’ਤੇ ਸੁਨੇਹਾ ਘੱਲ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਬੰਗਾ ਹਲਕੇ ਤੋਂ ਬਣਾਏ ਉਮੀਦਵਾਰ ਨੇ ਹਮੇਸ਼ਾਂ ਪਾਰਟੀ ਦਾ ਵਿਰੋਧ ਕੀਤਾ ਹੈ ਅਤੇ ਦੋ ਵਾਰ ਬਾਗੀ ਹੋ ਕੇ ਇਸ ਹਲਕੇ ਤੋਂ ਚੋਣ ਵੀ ਲੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਉਮੀਦਵਾਰ ’ਤੇ ਐਮਪੀ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ, ਨਗਰ ਪਾਲਿਕਾ ਚੋਣਾਂ ’ਚ ਕਾਂਗਰਸ ਦਾ ਵਿਰੋਧ ਕਰਨ ਦਾ ਵੀ ਦੋਸ਼ ਲਾਇਆ ਹੈ।
ਇਹਨਾਂ ਆਗੂਆਂ ਨੇ ਦੱਸਿਆ ਕਿ ਪਾਰਟੀ ਵਲੋਂ ਕਰਵਾਏ ਗਏ ਸਾਰੇ ਚੋਣ ਸਰਵੇਖਣ ਵੀ ਉਕਤ ਉਮੀਦਵਾਰ ਦੇ ਖਿਲਾਫ ਹੀ ਆਏ ਹਨ ਅਤੇ ਲੋਕਾਂ ਵਲੋਂ ਨਕਾਰੇ ਗਏ ਇਸ ਨੂੰ ਉਮੀਦਵਾਰ ਬਣਾਉਣਾ ਮੰਦਭਾਗਾ ਹੈ। ਇਹਨਾਂ ਆਗੂਆਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ’ਚ ਦੱਸਿਆ ਕਿ ਜੇਕਰ ਕਾਂਗਰਸ ਪਾਰਟੀ ਇੱਥੋਂ ਆਪਣਾ ਉਮੀਦਵਾਰ ਨਹੀਂ ਬਦਲ ਲੈਂਦੀ ਤਾਂ ਕਰਾਰੀ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਜਮੀਨ ਨਾਲ ਜੁੜੇ ਵਰਕਰਾਂ ਦੇ ਹੌਂਸਲੇ ਪਸਤ ਹੋਣਗੇ।
ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਉਤਰਿਆਂ ਉਮੀਦਵਾਰ ਬੀਤੇ 10 ਸਾਲ ਤੋਂ ਰੂਪੋਸ਼ ਰਿਹਾ ਅਤੇ ਪਾਰਟੀ ਦੇ ਕਿਸੇ ਪਾਰਟੀ ਵਰਕਰ ਦੇ ਦੁੱਖ ਸੁੱਖ ’ਚ ਸ਼ਰੀਕ ਨਹੀਂ ਰਿਹਾ। ਇਹਨਾਂ ਦਾਅਵੇਦਾਰਾਂ ਨੇ ਕਿਹਾ ਕਿ ਬੰਗਾ ‘ਚ ਪਾਰਟੀ ਦੀ ਹੋਂਦ ਬਚਾਉਂਣ ਲਈ ਮੈਰਿਟ ਦੇ ਆਧਾਰ ’ਤੇ ਟਿਕਟ ਦਿੱਤੀ ਜਾਵੇ। ਜਿਕਰਯੋਗ ਹੈ ਇਹਨਾਂ ਦਾਅਵੇਦਾਰਾਂ ਨੇ ਬੀਤੇ ਲੰਬੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਆਪਣੀਆਂ ਬਹੁਪੱਖੀ ਸਰਗਰਮੀਆਂ ਅੰਕਿਤ ਕੀਤੀਆਂ ਫਾਇਲਾਂ ਹਾਈਕਮਾਂਡ ਕੋਲ ਦਰਜ ਕਰਵਾਈਆਂ ਸਨ ਜਿਹਨਾਂ ਨੂੰ ਬੇਧਿਆਨਾ ਕਰਕੇ ਪਾਰਟੀ ਤੋਂ ਦੋ ਵਾਰ ਬਾਗੀ ਹੋ ਕੇ ਆਗੂ ਨੂੰ ਟਿਕਟ ਦੇ ਦਿੱਤੀ ਗਈ ਹੈ। ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਰਟੀ ਨੇ ਟਿਕਟ ਦੇ ਪੁਨਰਵਿਚਾਰ ਨਹੀਂ ਕੀਤਾ ਤਾਂ ਉਹ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਗੇ।