ਪੱਤਰ ਪ੍ਰੇਰਕ
ਫਗਵਾੜਾ, 17 ਸਤੰਬਰ
ਪਿੰਡ ਗੰਡਵਾਂ ਦੇ ਦੋ ਭਰਾਵਾਂ ਨੇ ਆਪਣੇ ਹੀ ਦੋਸਤ ਨੂੰ ਨਸ਼ੇ ਦੀ ਦਲਦਲ ’ਚ ਫ਼ਸਾ ਕੇ ਦੋਸਤ ਦੇ ਪਰਿਵਾਰ ਹਿੱਸੇ ਆਉਂਦੀ ਜ਼ਮੀਨ ਦਾ ਜਾਅਲੀ ਇਕਰਾਰਨਾਮਾ ਬਣਾ ਕੇ ਆਪਣੇ ਨਾਮ ਕਰਵਾ ਲਈ ਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾ ਦਿੱਤਾ ਜਦੋਂ ਉਹ ਕੇਂਦਰ ਤੋਂ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਹੀ ਉਸ ਸਾਮਾਨ ਤੇ ਜ਼ਮੀਨ ਖੁਰਦ ਬੁਰਦ ਕਰਕੇ ਲੈ ਗਏ। ਇਸ ਸਬੰਧੀ ਸਿਟੀ ਪੁਲੀਸ ਨੇ ਸੱਤ ਮੈਂਬਰਾਂ ਖਿਲਾਫ਼ ਧਾਰਾ 420, 467, 468, 471, 120-ਬੀ, 506 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ਉਨ੍ਹਾਂ ’ਚ ਰਵੀ ਕੁਮਾਰ ਪੁੱਤਰ ਜਸਪਾਲ ਰਾਮ ਵਾਸੀ ਪਿੰਡ ਗੰਡਵਾਂ, ਲਖਵੀਰ ਕੁਮਾਰ ਪੁੱਤਰ ਜਸਪਾਲ ਰਾਮ ਵਾਸੀ ਗੰਢਵਾਂ, ਮਨਦੀਪ ਸਿੰਘ ਨਾਰੰਗ ਪੁੱਤਰ ਨਰੇਸ਼ ਚੰਦਰ ਨਾਰੰਗ ਵਾਸੀ ਖਾਲਸਾ ਇੰਨਕਲੇਟ ਬਾਬਾ ਗਧੀਆ, ਹਨੀ ਹਾਂਡਾ ਵਾਸੀ ਰਤਨਪੁਰਾ, ਨੂਤਨ ਸ਼ਰਮਾ ਲੰਬਰਦਾਰ, ਪਿਆਰਾ ਸੰਧੂ ਸਾਬਕਾ ਮੈਂਬਰ ਪੰਚਾਇਤ ਵਾਸੀ ਕੋਟਰਾਣੀ, ਸਲੀਮ ਪੁੱਤਰ ਹੂਸੈਨਦੀਪ ਸ਼ਾਮਲ ਹਨ। ਐਸ.ਪੀ. ਸਰਬਜੀਤ ਸਿੰਘ ਵਾਹੀਆ ਤੇ ਐਸ.ਐਚ.ਓ ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਕੇਸ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੰਢਵਾਂ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।