ਸੁਰਜੀਤ ਮਜਾਰੀ
ਨਵਾਂ ਸ਼ਹਿਰ, 3 ਜਨਵਰੀ
ਕੋਈ ਸਮਾਂ ਸੀ ਜਦੋਂ ਬਹੁਜਨ ਸਮਾਜ ਪਾਰਟੀ ਨੇ ਦੋਆਬਾ ਦੇ ਹਲਕਾ ਬੰਗਾ, ਗੜ੍ਹਸ਼ੰਕਰ, ਮਾਹਿਲਪੁਰ, ਬਲਾਚੌਰ, ਸ਼ਾਮ ਚੁਰਾਸੀ, ਆਦਮਪੁਰ ਤੋਂ ਵਿਧਾਇਕ ਅਤੇ ਫ਼ਿਲੌਰ ਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਬਣਾ ਕੇ ਸੂਬੇ ਵਿੱਚ ਸਿਆਸੀ ਹਲਚਲ ਮਚਾ ਦਿੱਤੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਆਬਾ ਅੰਦਰ ਪਾਰਟੀ ਨੇ ਵਿਰੋਧੀ ਧਿਰਾਂ ਨੂੰ ਕਰਾਰੀ ਟੱਕਰ ਦਿੱਤੀ ਸੀ। ਇਹੀ ਕਾਰਨ ਹੈ ਕਿ ਦੋਆਬਾ ਖੇਤਰ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦੀ ਸੂਬਾ ਪ੍ਰਧਾਨਗੀ ਪਿਛਲੇ ਲੰਬੇ ਸਮੇਂ ਤੋਂ ਇਸੇ ਖੇਤਰ ਦੇ ਹੱਥ ਰਹੀ ਹੈ। ਮਾਝਾ ਤੇ ਮਾਲਵਾ ਖੇਤਰ ਦੇ ਮੁਕਾਬਲੇ ਦੋਆਬਾ ਅੰਦਰ ਵਧੇਰੇ ਮਜ਼ਬੂਤ ਜਨ ਆਧਾਰ ਰੱਖਣ ਵਾਲੀ ਇਸ ਪਾਰਟੀ ਨੇ ਦੋਆਬਾ ਖੇਤਰ ਦੇ ਆਗੂਆਂ ਦੀ ਘਰ ਵਾਪਸੀ ਕਰਵਾਉਣ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਇਸੇ ਲੜੀ ਤਹਿਤ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਪਾਰਟੀ ਦੇ ਸਾਬਕਾ ਪ੍ਰਧਾਨ ਗੁਰਲਾਲ ਸੈਲਾ, ਸੂਬਾਈ ਆਗੂ ਸੁਮਿੱਤਰ ਸਿੰਘ ਸੀਕਰੀ ਅਤੇ ਜਨਰਲ ਸਕੱਤਰ ਭਗਵਾਨ ਦਾਸ ਚੌਹਾਨ ਨੂੰ ਮੁੜ ਇੱਕਸੁਰ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਹਰ ਆਗੂ ਤੇ ਵਰਕਰ ਦਾ ਆਪਣੀ ਮਾਂ ਪਾਰਟੀ ਨਾਲ ਰਿਸ਼ਤਾ, ਖੂਨ ਦੇ ਰਿਸ਼ਤੇ ਵਰਗਾ ਹੁੰਦਾ ਹੈ। ਇਸ ਵਾਸਤੇ ਪਾਰਟੀ ਤੋਂ ਬਾਹਰ ਗਏ ਆਗੂਆਂ ਨੂੰ ਘਰ ਵਾਪਸੀ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਪਾਰਟੀ ਆਗੂ ਪ੍ਰਵੀਨ ਬੰਗਾ ਨੇ ਕਿਹਾ ਕਿ ਪਾਰਟੀ ਨੇ ਰੁੱਸੇ ਆਗੂਆਂ ਤੇ ਵਰਕਰਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।