ਭਾਜਪਾ ਦੇ ਐੱਸਸੀ ਮੋਰਚੇ ਨੇ ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਮੋਰਚਾ ਖੋਲ੍ਹਿਆ

ਭਾਜਪਾ ਦੇ ਐੱਸਸੀ ਮੋਰਚੇ ਨੇ ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਮੋਰਚਾ ਖੋਲ੍ਹਿਆ

ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਭਾਜਪਾ ਐੱਸਸੀ ਮੋਰਚੇ ਦੇ ਕਾਰਕੁਨ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਗਸਤ

ਭਾਜਪਾ ਦੇ ਐੱਸਸੀ ਮੋਰਚੇ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਖ਼ਿਲਾਫ਼ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਕੁਮਾਰ ਦੀ ਅਗਵਾਈ ਵਿੱਚ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਵਿਰੋਧ ਕੀਤਾ ਗਿਆ। ਉੱਤਰੀ ਵਿਧਾਨ ਸਭਾ ਹਲਕੇ ਵਿੱਚ ਮਕਸੂਦਾਂ ਚੌਕ, ਕਿਸ਼ਨਪੁਰਾ ਰੋਡ ਅਤੇ ਦੋਮੋਰੀਆ ਪੁਲ ਨੇੜੇ ਐੱਸਸੀ ਮੋਰਚੇ ਦੇ ਕਾਰਕੁਨਾਂ ਨੇ ਧਰਨਾ ਲਾਇਆ ਜਦਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਕੋਟ ਰਾਮਦਾਸਪੁਰ, ਚੁਗਿੱਟੀ ਚੌਕ ਤੇ ਕਪੂਰਥਲਾ ਚੌਕ ’ਚ ਧਰਨਾ ਲਾਇਆ। ਇਸੇ ਤਰ੍ਹਾਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਘਾਹ ਮੰਡੀ, ਬਸਤੀ ਬਾਵਾ ਖੇਲ ਅਤੇ ਜਲੰਧਰ ਛਾਉਣੀ ਵਿੱਚ ਬਾਬਾ ਜੀਵਨ ਸਿੰਘ ਚੌਕ ਵਿੱਚ ਪ੍ਰਦਰਸ਼ਨ ਕੀਤੇ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।

ਪਠਾਨਕੋਟ (ਪੱਤਰ ਪ੍ਰੇਰਕ): ਭਾਜਪਾ ਦੇ ਐੱਸਸੀ ਮੋਰਚੇ ਨੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਸ਼ੀਲ ਦੀ ਅਗਵਾਈ ਵਿੱਚ ਵਾਲਮੀਕੀ ਚੌਕ, ਢਾਂਗੂ ਚੌਂਕ, ਗਾੜੀ ਅਹਾਤਾ ਚੌਕ, ਪਟੇਲ ਚੌਕ ਅਤੇ ਪੀਰ ਬਾਬਾ ਚੌਕ ’ਚ ਮੋਰਚਾ ਖੋਲ੍ਹਦਿਆਂ ਕੈਪਟਨ ਸਰਕਾਰ ਨੂੰ ਘੇਰਿਆ ਅਤੇ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨ ਦੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਸ਼ਾਮਲ ਹੋਏ।

ਫਗਵਾੜਾ (ਜਸਬੀਰ ਸਿੰਘ ਚਾਨਾ): ਭਾਜਪਾ ਐੱਸਸੀ ਸੈੱਲ ਪੰਜਾਬ ਇਕਾਈ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਜਹਿਰੀ ਸ਼ਰਾਬ ਨਾਲ ਸੂਬੇ ਵਿੱਚ ਹੋਈਆਂ ਮੌਤਾਂ ਦੇ ਮਾਮਲੇ ’ਚ ਏਡੀਸੀ ਰਾਜੀਵ ਵਰਮਾ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਐੱਸਸੀ ਮੋਰਚਾ ਪੰਜਾਬ ਦੇ ਇੰਚਾਰਜ ਰਾਜੇਸ਼ ਬਾਘਾ ਨੇ ਕਿਹਾ ਕਿ ਕੇਸ ਦੀ ਜਾਂਚ ਸੀ.ਬੀ.ਆਈ. ਹਵਾਲੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਲਈ 25 ਲੱਖ ਦੇ ਮੁਆਵਜ਼ੇ ਦੇ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।

ਗੁਰਦਾਸਪੁਰ (ਕੇ ਪੀ ਸਿੰਘ): ਭਾਜਪਾ ਦੇ ਐੱਸਸੀ ਮੋਰਚੇ ਵੱਲੋਂ ਭਾਜਪਾ ਆਗੂ ਓਮ ਪ੍ਰਕਾਸ਼ ਜੰਗੀ ਦੀ ਪ੍ਰਧਾਨਗੀ ਹੇਠ ਲੇਬਰ ਸ਼ੈੱਡ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਜਿਸ ਵਿੱਚ ਐੱਸਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੌੰਡਲ ਵਿਸ਼ੇਸ਼ ਤੌਰ ’ਤੇ ਪਹੁੰਚੇ।

ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਭਾਜਪਾ ਦੇ ਐੱਸਸੀ ਮੋਰਚਾ ਮੰਡਲ ਦਸੂਹਾ ਵੱਲੋਂ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਸੈਂਕੜੇ ਮੌਤਾਂ ਦੇ ਸਬੰਧ ਵਿੱਚ ਜ਼ਿਲ੍ਹ ਪ੍ਰਧਾਨ ਸੁਰਿੰਦਰ ਜਾਜਾ ਦੀ ਅਗਵਾਹੀ ਹੇਠ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਾਰਕੁਨਾਂ ਵੱਲੋਂ ਐੱਸਡੀਐੱਮ ਦਸੂਹਾ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ਕਾਦੀਆਂ (ਮਕਬੂਲ ਅਹਿਮਦ): ਭਾਜਪਾ ਦੇ ਐੱਸਸੀ ਮੋਰਚੇ ਵੱਲੋਂ ਜ਼ਿਲ੍ਹਾ ਸਕੱਤਰ ਜੋਗਿੰਦਰਪਾਲ ਨੰਦੂ ਦੀ ਅਗਵਾਈ ਹੇਠ ਪ੍ਰਭਾਕਰ ਚੌਕ ਵਿੱਚ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨਕਾਰੀ ਇਕੱਠੇ ਹੋਏ। ਇਸ ਇਕੱਠ ਦੀ ਜਾਣਕਾਰੀ ਐੱਸਐੱਚਓ ਪਰਮਿੰਦਰ ਸਿੰਘ ਨੂੰ ਲੱਗੀ ਤਾਂ ਪੁਲੀਸ ਹੱਥਾਂ ਵਿੱਚ ਬਾਂਸ ਲੈ ਕੇ ਪ੍ਰਦਰਸ਼ਨਕਾਰੀਆਂ ਕੋਲ ਪੁੱਜ ਗਈ। ਪੁਲੀਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੰਦਿਆਂ ਮੌਕੇ ਤੋਂ ਚਲੇ ਜਾਣ ਲਈ ਕਿਹਾ। ਐੱਸਐੱਚਓ ਦਾ ਕਹਿਣਾ ਸੀ ਕਿ ਪੁਲੀਸ ਨੂੰ ਅਗਾਊਂ ਜਾਣਕਾਰੀ ਦਿੱਤੇ ਬਿਨਾਂ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਜਿਸ ’ਤੇ ਪ੍ਰਦਰਸ਼ਨਕਾਰੀ ਵਾਪਸ ਚਲੇ ਗਏ। ਦੂਜੇ ਪਾਸੇ ਜ਼ਿਲ੍ਹਾ ਸਕੱਤਰ ਜੋਗਿੰਦਰਪਾਲ ਨੰਦੂ ਆਪਣੇ ਚਾਰ ਸਾਥੀਆਂ ਨਾਲ ਪ੍ਰਭਾਕਰ ਚੌਕ ’ਚ ਹੀ ਖੜ੍ਹੇ ਰਹੇ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All