ਜਗਜੀਤ ਸਿੰਘ
ਮੁਕੇਰੀਆਂ, 27 ਜਨਵਰੀ
ਖੇਤੀ ਕਾਨੂੰਨਾਂ ਮਾਮਲੇ ਵਿੱਚ ਪਾਰਟੀ ਤੋਂ ਨਾਰਾਜ ਤੇ ਕਿਸਾਨ ਪੱਖੀ ਰੁਖ਼ ਅਖ਼ਤਿਆਰ ਕਰ ਚੁੱਕੇ ਹਲਕਾ ਮੁਕੇਰੀਆਂ ਦੇ ਭਾਜਪਾ ਵਰਕਰਾਂ ਵੱਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ 26 ਜਨਵਰੀ ਨੂੰ ਪਿੰਡ ਮੁਰਾਦਪੁਰ ਅਵਾਣਾ ’ਚ ਕਿਸਾਨੀ ਝੰਡੇ ਲਗਾਉਣ ਦੀ ਸ਼ੁਰੂਆਤ ਕਰ ਕੇ ‘ਗਣਤੰਤਰ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਕਿਸਾਨ ਮਜ਼ਦੂਰ ਏਕਤਾ’ ਤਹਿਤ ਕਿਸਾਨੀ ਝੰਡੇ ਲਗਾਉਣ ਦੀ ਸ਼ੁਰੂਆਤ ਭਾਜਪਾ ਦੇ ਸਾਬਕਾ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ ਦੀ ਅਗਵਾਈ ਹੇਠ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਪਾਸ ਕਰਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ ਅਤੇ ਭਾਜਪਾ ਵਰਕਰਾਂ ਦੇ ਵਿਰੋਧ ਦੇ ਬਾਵਜੂਦ ਇਨ੍ਹਾਂ ਨੂੰ ਵਾਪਸ ਨਹੀਂ ਲੈ ਰਹੀ। ਭਾਜਪਾ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ 26 ਜਨਵਰੀ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਿੰਸਾ ਕੀਤੀ ਗਈ ਹੈ, ਜਿਨਾਂ ਖਿਲਾਫ਼ ਦਿੱਲੀ ਪੁਲੀਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਜਪਾ ਵਰਕਰ ਪਿੰਡਾਂ ਵਿੱਚ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਕੇ ਲਾਮਬੰਦ ਕਰਨਗੇ ਅਤੇ ਕਿਸਾਨਾਂ ਵੱਲੋਂ ਦਿੱਤੇ ਜਾਣ ਵਾਲੇ ਹਰ ਸੰਘਰਸ਼ ਵਿੱਚ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ’ਤੇ ਕਾਲੇ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਉਣਗੇ। ਆਗੂਆਂ ਨੇ ਕਿਹਾ ਕਿ ਭਾਜਪਾ ਵਰਕਰਾਂ ਵਲੋਂ ਪਿੰਡ-ਪਿੰਡ ਕਿਸਾਨੀ ਝੰਡੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਕਰੀਬ 100 ਪਿੰਡਾਂ ਵਿੱਚ ਕਿਸਾਨੀ ਝੰਡੇ ਲਗਾਉਣ ਦਾ ਟੀਚਾ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਉਹ ਸਮੂਹਿਕ ਅਸਤੀਫ਼ੇ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਨਿਰਮਲ ਸਿੰਘ ਪੰਚ, ਦਿਲਬਾਗ ਸਿੰਘ, ਮਨਜੀਤ ਸਿੰਘ ਸੈਣੀ, ਰਵੇਲ ਸਿੰਘ, ਮੋਹਨ ਲਾਲ ਪੰਚ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ।