ਪਾਲ ਸਿੰਘ ਨੌਲੀ
ਜਲੰਧਰ, 30 ਦਸੰਬਰ
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ’ਚ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਭਾਜਪਾ ਦੇ ਆਗੂਆਂ ਵਿਚ ਘਮਸਾਨ ਮਚਿਆ ਹੋਇਆ ਹੈ। ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਰਹੇ ਯੁਵਾ ਮੋਰਚੇ ਦੇ ਆਗੂ ਸ਼ੀਤਲ ਅੰਗੁਰਾਲ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਜਾਣ ਮਗਰੋਂ ਕਈ ਹੋਰ ਦਾਅਵੇਦਾਰ ਵੀ ਉੱਭਰ ਕੇ ਸਾਹਮਣੇ ਆਏ ਹਨ।
ਇਸ ਹਲਕੇ ਦੀ ਭਾਜਪਾ ਵੱਲੋਂ ਨੁਮਾਇੰਦਗੀ ਕਰਦੇ ਰਹੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਪਾਰਟੀ ਨੇ ਪਿਛਲੀ ਵਾਰ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਚੋਣ ਹਾਰ ਗਏ ਸਨ। ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਖੁੱਲਰ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਵਿਰੁੱਧ ਭਾਜਪਾ ਨੂੰ ਤਕੜਾ ਉਮੀਦਵਾਰ ਉਤਾਰਨਾ ਚਾਹੀਦਾ ਹੈ ਤਾਂ ਜੋ ਜਿੱਤ ਪ੍ਰਾਪਤ ਕੀਤੀ ਜਾ ਸਕੇ। ਪ੍ਰਦੀਪ ਖੁੱਲਰ ਨੇ ਕਿਹਾ ਕਿ ਵਰੇਸ਼ ਮਿੰਟੂ ਤੇ ਰੌਬਿਨ ਸਾਂਪਲਾ ਵਰਗੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਪਾਰਟੀ ਆਪਣੀ ਜਿੱਤ ਦਰਜ ਕਰਵਾ ਸਕੇ।
ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ, ਜਿਹੜੇ ਕਿ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ, ਨੂੰ ਮੁੜ ਭਾਜਪਾ ’ਚ ਸ਼ਾਮਲ ਕਰਵਾਉਣ ਬਾਰੇ ਵੀ ਪਾਰਟੀ ਸੋਚ ਵਿਚਾਰ ਕਰ ਰਹੀ ਹੈ।