ਭਗਵਾਨ ਦਾਸ ਸੰਦਲ
ਦਸੂਹਾ, 17 ਅਪਰੈਲ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਵਾਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਜਪਾ ਨੇ ਹੁਸ਼ਿਆਰਪੁਰ ਲੋਕ ਸਭਾ ਹਲਕਾ (ਰਾਖਵੀਂ) ਤੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਹੈ। ਵੇਰਵਿਆਂ ਮੁਤਾਬਕ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੋਮ ਪ੍ਰਕਾਸ਼ ਨੇ ਕਾਂਗਰਸ ਦੇ ਤਤਕਾਲੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੂੰ 48,530 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਡਾ. ਚੱਬੇਵਾਲ ਨੇ 3,72790 ਵੋਟਾਂ ਲਈਆਂ ਸਨ ਜਦਕਿ ਬਸਪਾ ਦੇ ਖੁਸ਼ੀ ਰਾਮ ਨੇ 1,28564 ਅਤੇ ‘ਆਪ’ ਦੇ ਡਾ. ਰਵਜੋਤ ਸਿੰਘ ਨੂੰ 44914 ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਸਾਲ 2014 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਦੇ ਵਿਜੇ ਸਾਂਪਲਾ ਨੇ ਕਾਂਗਰਸ ਦੇ ਮੋਹਿੰਦਰ ਸਿੰਘ ਕੇਪੀ ਨੂੰ 13582 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦਕਿ ‘ਆਪ’ ਦੀ ਯਾਮਿਨੀ ਗੋਮਰ ਨੇ ਕਰੀਬ ਸਵਾ 2 ਲੱਖ ਵੋਟਾਂ ਬਟੋਰੀਆਂ ਸਨ। ਹੁਣ ਭਾਜਪਾ ਦੀ ਟਿਕਟ ਕੱਟੇ ਜਾਣ ’ਤੇ ਵਿਜੇ ਸਾਂਪਲਾ ਦੀਆਂ ਬਾਗੀ ਸੁਰਾਂ ਬੀਬੀ ਅਨੀਤਾ ਸੋਮ ਪ੍ਰਕਾਸ਼ ਦੀਆਂ ਬੇੜੀਆਂ ’ਚ ਵੱਟੇ ਪਾ ਸਕਦੀਆਂ ਹਨ।
ਉਮੀਦਵਾਰ ਐਲਾਨ ਕਰਨ ’ਚ ਮੋਹਰੀ ਆਮ ਆਦਮੀ ਪਾਰਟੀ ਦੇ ਡਾ. ਰਾਜ ਕੁਮਾਰ ਚੱਬੇਵਾਲ ਮਜ਼ਬੂਤ ਸਥਿਤੀ ’ਚ ਨਜ਼ਰ ਆ ਰਹੇ ਹਨ ਜੋ ਭਾਜਪਾ ਸਣੇ ਹੋਰ ਵਿਰੋਧੀਆਂ ਨੂੰ ਭਾਰੀ ਟੱਕਰ ਦੇਣਗੇ। ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਵੱਲੋਂ ਫਿਲਹਾਲ ਚਰਚਿਤ ਚਿਹਰੇ ਵਾਲੇ ਉਮੀਦਵਾਰ ਦੀ ਭਾਲ ਜਾਰੀ ਹੈ ਜਦਕਿ ਬਸਪਾ ਨੇ ਰਾਕੇਸ਼ ਸੁਮਨ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਮੌਜੂਦਾ ਸਥਿਤੀ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਤੋੜ ਵਿਛੋੜਾ, ਭਾਜਪਾ ਦੀ ਅੰਦਰੂਨੀ ਫੁੱਟ, ਲੰਘੇ ਪੰਜ ਸਾਲਾਂ ’ਚ ਸੋਮ ਪ੍ਰਕਾਸ਼ ਦੀ ਕਥਿਤ ਨਿਰਾਸ਼ਾਜਨਕ ਕਾਰਗੁਜ਼ਾਰੀ ਅਤੇ ‘ਆਪ’ ਦੇ ਮਜ਼ਬੂਤੀ ਵੱਲ ਵਧੇ ਕਦਮਾਂ ਕਾਰਨ ਬਦਲੇ ਸਮੀਕਰਨਾਂ ਕਾਰਨ ਭਾਜਪਾ ਲਈ ਜਿੱਤ ਦੀ ਹੈਟ੍ਰਿਕ ਸੁਖਾਲੀ ਨਹੀਂ ਜਾਪਦੀ।