ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗੀ
ਮਜੀਠਾ (ਲਖਨਪਾਲ ਸਿੰਘ): ਹਲਕਾ ਮਜੀਠਾ ਦੇ ਪਿੰਡ ਅਠਵਾਲ ਵਿਚ ਅੱਜ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦੇ ਖੇਤ ਵਾਲੇ ਦੇ ਕਮਰੇ ਵਿੱਚ ਅੱਗ ਲੱਗ ਗਈ। ਪਿੰਡ ਅਠਵਾਲ ਵਾਸੀ ਤਨਵੀਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਬੱਦਲ ਗਰਜਣ ਨਾਲ ਤੇਜ਼ ਬਾਰਸ਼ ਹੋ ਰਹੀ ਸੀ। ਇਸ ਕਰ ਕੇ ਉਹ ਅੱਜ ਖੇਤ ਨਹੀਂ ਜਾ ਬਕਿਆ। ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਖੇਤ ਵਾਲੇ ਕਮਰੇ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਅਸਮਾਨੀ ਬਿਜਲੀ ਉਸ ਦੀ ਬੰਬੀ ਵਾਲੇ ਕਮਰੇ ’ਤੇ ਡਿੱਗਣ ਕਾਰਨ ਮੋਟਰ ਦੇ ਸਟਾਰਟਰ ਨੂੰ ਅੱਗ ਲੱਗ ਗਈ ਸੀ। ਅਸਮਾਨੀ ਬਿਜਲੀ ਕਾਰਨ ਕਮਰੇ ਦੀਆਂ ਕੰਧਾਂ ਅਤੇ ਛੱਤ ਨੁਕਸਾਨੀ ਗਈ। ਕਮਰੇ ਅੰਦਰ ਪਏ ਸਬਜ਼ੀ ਰੱਖਣ ਵਾਲੇ ਕਰੀਬ 300 ਕਰੇਟ ਅੱਗ ਦੀ ਲਪੇਟ ਵਿੱਚ ਆ ਗਏ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦੇਖੀਆਂ ਗਈਆਂ| ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਬਿਜਲੀ ਡਿੱਗਣ ਨਾਲ ਜ਼ੋਰਦਾਰ ਧਮਾਕਾ ਵੀ ਹੋਇਆ ਸੀ। ਤਨਵੀਰਪਾਲ ਸਿੰਘ ਅਨੁਸਾਰ ਉਸ ਦਾ ਭਾਰੀ ਵਿੱਤੀ ਨਕੁਸਾਨ ਹੋਇਆ| ਪੀੜਤ ਕਿਸਾਨ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ|
ਅਸਮਾਨੀ ਬਿਜਲੀ ਡਿੱਗਣ ਕਾਰਨ ਕਮਰੇ ਵਿਚ ਲੱਗੀ ਅੱਗ।