ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਕਤੂਬਰ
ਸਿਹਤ ਵਿਭਾਗ ਵੱਲੋਂ ਵਿਸ਼ਵ ਦਿਮਾਗੀ ਸਿਹਤ ਦਿਵਸ ਮੌਕੇ ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੇ ਝੰਡੀ ਵਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਸਿਕ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਇਹ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਮਾਨਸਿਕ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਨੇ ਕਿਹਾ ਕਿ ਇਹ ਬਿਮਾਰੀਆਂ ਮਨੋਕਾਲਪਨਿਕ ਨਹੀਂ ਬਲਕਿ ਦੂਜੀਆਂ ਸਰੀਰਕ ਬਿਮਾਰੀਆਂ ਵਾਂਗ ਵਾਸਤਵਿਕ ਹਨ, ਜਿਹੜੀਆਂ ਦੁਖਦਾਈ ਹੋਣ ਦੇ ਨਾਲ-ਨਾਲ ਅਪਾਹਜ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰੀਰ ਦੇ ਹੋਰ ਰੋਗਾਂ ਵਾਂਗ ਇਹ ਵੀ ਆਰਜ਼ੀ ਹਨ। ਜੇਕਰ ਸਮੇਂ ਸਿਰ ਇਨ੍ਹਾਂ ਦਾ ਇਲਾਜ ਹੋ ਜਾਵੇ ਤਾਂ 77 ਫ਼ੀਸਦੀ ਮਰੀਜ਼ਾਂ ਨੂੰ ਇਹ ਰੋਗ ਦੁਬਾਰਾ ਨਹੀਂ ਹੁੰਦਾ। ਮਨੋਰੋਗ ਮਾਹਿਰ ਡਾ. ਰਾਜ ਕੁਮਾਰ ਨੇ ਕਿਹਾ ਕਿ ਸਕਾਰਾਤਮਕ ਸੋਚ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐੱਸਐੱਮਓ ਡਾ. ਸਵਾਤੀ ਸ਼ੀਮਾਰ, ਡਾ. ਸੁਨੀਲ ਭਗਤ, ਡਾ. ਡੀਪੀ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪ੍ਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਤ੍ਰਿਪਤਾ ਦੇਵੀ ਆਦਿ ਮੌਜੂਦ ਸਨ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਲੋਂ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਦਾ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।
ਮਾਨਸਿਕ ਰੋਗਾਂ ਤੋਂ ਬਚਣ ਲਈ ਜਾਗਰੂਕ ਕੀਤਾ
ਸ਼ਾਹਕੋਟ (ਪੱਤਰ ਪ੍ਰੇਰਕ): ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਅੱਜ ਸਿਹਤ ਵਿਭਾਗ ਸ਼ਾਹਕੋਟ ਦੀ ਟੀਮ ਨੇ ਸਥਾਨਿਕ ਕਮਿਊਨਿਟੀ ਸੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਅਤੇ ਕਈ ਹੋਰ ਸਥਾਨਾਂ ’ਤੇ ਸੈਮੀਨਾਰਾਂ ਰਾਂਹੀ ਅਵਾਮ ਨੂੰ ਮਾਨਸਿਕ ਰੋਗਾਂ ਤੋਂ ਬਚਾਉਣ ਲਈ ਜਾਗਰੂਕ ਕੀਤਾ। ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਐੱਸਐੱਮਓ ਸ਼ਾਹਕੋਟ ਡਾ. ਦਵਿੰਦਰਪਾਲ ਸਿੰਘ ਨੇ ਕਿਹਾ ਕਿ ਮੋਬਾਈਲ ਦੀ ਵਰਤੋ ਘਟਾ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਨਾਲ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਬੀਈਈ ਚੰਦਨ ਮਿਸਰਾ ਨੇ ਕਿਹਾ ਕਿ ਮਾਨਸਿਕ ਬੋਝ, ਬੁਰੀ ਸੰਗਤ ਦੇ ਪ੍ਰਭਾਵ, ਕੰਮ ਦੇ ਵਧੇਰੇ ਬੋਝ ਅਤੇ ਮੋਬਾਈਲ ਦੀ ਵਧੇਰੇ ਵਰਤੋਂ ਨਾਲ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨੂੰ ਸਾਕਾਰਤਮਕ ਸੋਚ ਅਪਨਾਉਣ ਲਈ ਪ੍ਰੇਰਿਤ ਕੀਤੇ ਜਾਣ ਨਾਲ ਹੀ ਉਨ੍ਹਾਂ ਦੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ।