ਪਾਲ ਸਿੰਘ ਨੌਲੀ
ਜਲੰਧਰ, 26 ਅਗਸਤ
ਅਟਾਰੀ ਬਾਜ਼ਾਰ ਵਿੱਚ ਥੋਕ ਦੀਆਂ ਦੁਕਾਨਾਂ ਜਿਸਤ-ਟਾਂਕ ਅਨੁਸਾਰ ਖੋਲ੍ਹਣ ਦਾ ਦੁਕਾਨਦਾਰਾਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਨਾਲ ਪਹਿਲਾਂ ਹੀ ਛੇ ਮਹੀਨਿਆਂ ਵਿੱਚ ਕਾਰੋਬਾਰ ਤਬਾਹ ਹੋ ਚੁੱਕਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਪਰ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਅਟਾਰੀ ਬਾਜ਼ਾਰ ਵਾਲੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕੀ ਕਰੋਨਾ ਬੱਸਾਂ ਨਾਲ ਨਹੀਂ ਫੈਲਦਾ ਜਾਂ ਹੋਟਲਾਂ ਨਾਲ ਨਹੀਂ ਫੈਲਦਾ? ਸਿਰਫ ਦੁਕਾਨਦਾਰਾਂ ਨੂੰ ਹੀ ਕਿਉਂ ਤੰਗ ਕੀਤਾ ਜਾ ਰਿਹਾ। ਪਿੰਡਾਂ ਤੋਂ ਸਾਮਾਨ ਲੈਣ ਆਉਣ ਵਾਲੇ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਅੱਧੀਆਂ ਦੁਕਾਨਾਂ ਬੰਦ ਹੁੰਦੀਆਂ ਹਨ ਤੇ ਅੱਧੀਆਂ ਖੁੱਲ੍ਹੀਆਂ ਹੁੰਦੀਆਂ ਹਨ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਥੋਕ ਦੀਆਂ ਦੁਕਾਨਾਂ ਲਗਾਤਾਰ ਖੋਲ੍ਹਣ ਦੀ ਅਗਿਆ ਦਿੱਤੀ ਜਾਵੇ ਭਾਵੇਂ ਸਰਕਾਰ ਦੁਕਾਨਾਂ ਖੋਲ੍ਹਣ ਦਾ ਸਮਾਂ ਘਟਾ ਦਿੱਤਾ ਜਾਵੇ। ਦੁਕਾਨਦਾਰ ਹਰਸਿਮਰਤ ਸਿੰਘ ਨੇ ਕਿਹਾ ਕਿ ਥੋਕ ਦੀ ਮਾਰਕੀਟ ਹੈ ਇਸ ਲਈ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਅਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਾਹਰੋਂ ਆਉਂਦੇ ਵਪਾਰੀਆਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਥੋਕ ਦੀਆਂ ਦੁਕਾਨਾਂ ਸਵੇਰ ਤੋਂ ਦੁਪਹਿਰ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਦੁਕਾਨਾਂਦਾਰਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਹਮੇਸ਼ਾਂ ਹੀ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਸੁਹੇਲ ਕੁਮਾਰ ਨਾਂ ਦੇ ਦੁਕਨਾਦਾਰ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਦੁਕਾਨਦਾਰ ਤਾਂ ਸਹਿਯੋਗ ਕਰਦੇ ਹਨ ਤਾਂ ਵੀ ਲੋਕ ਸੜਕਾਂ ’ਤੇ ਆਮ ਦਿਨਾਂ ਵਾਂਗ ਕਿਵੇਂ ਘੁੰਮਦੇ ਰਹਿੰਦੇ ਹਨ।
ਦੁਕਾਨਾਂ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ: ਚੁੱਘ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਭਾਜਪਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਅਸੈਂਬਲੀ ਜਲਿਆਂਵਾਲਾ ਬਾਗ ਮੰਡਲ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਗਰੀਬ, ਬੇਸਹਾਰਾ ਤੇ ਕਮਜ਼ੋਰ ਵਰਗਾਂ ਦੀ ਵਿੱਤੀ ਮਦਦ ਕਰਨ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਸਿਰਫ ਦੁਕਾਨਾਂ ਬੰਦ ਕਰਕੇ ਅਤੇ ਕਰਫ਼ਿਊ ਲਗਾਉਣ ਨਾਲ ਕੋਰੋਨਾ ਮਹਾਂਮਾਰੀ ਨੂੰ ਦੂਰ ਨਹੀਂ ਕੀਤਾ ਜਾ ਸਕੇਗਾ, ਇਸ ਲਈ ਸਿਹਤ ਵਿਭਾਗ ਦੇ ਢਾਂਚੇ ਨੂੰ ਵੀ ਠੀਕ ਕਰਨਾ ਪਏਗਾ।
ਪਿੰਡ ਝਿੰਗੜਕਲਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿੰਡ ਝਿੰਗੜਕਲਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਮੈਡੀਕਲ ਅਮਰਜੈਂਸੀ ਤੇ ਜ਼ਰੂਰੀ ਕੰਮਾਂ ਨੂੰ ਹੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਹਤ ਵਿਭਾਗ ਘਰ-ਘਰ ਜਾ ਕੇ ਸਰਵੇ ਅਤੇ ਸੰਪਰਕ ਨੂੰ ਟਰੇਸਿੰਗ ਕਰੇਗਾ। ਇਸ ਤੋਂ ਇਲਾਵਾ ਸਿਹਤ ਪ੍ਰੋਟੋਕੋਲ ਅਨੁਸਾਰ ਸਾਰੇ ਪਾਜ਼ੇਟਿਵ ਮਾਮਲਿਆਂ ਨੂੰ ਸਿਹਤ ਸੁਵਿਧਾਵਾਂ ਵਿੱਚ ਤਬਦੀਲ ਕੀਤਾ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਮਿਆਦ ਘੱਟ ਤੋਂ ਘੱਟ 14 ਦਿਨ ਦੀ ਹੋਵੇਗੀ।