ਪੱਤਰ ਪ੍ਰੇਰਕ
ਫਗਵਾੜਾ, 21 ਅਗਸਤ
ਇਥੋਂ ਦੇ ਮੁਹੱਲਾ ਬਸੰਤਪੁਰਾ ਵਿੱਚ ਨਕਲਾਂ ਦਾ ਪ੍ਰੋਗਰਾਮ ਕਰਕੇ ਵਾਪਸ ਆ ਰਹੀ ਇੱਕ ਕਲਾਕਾਰ ਪਾਰਟੀ ਨੂੰ ਕੁਝ ਹਮਲਾਵਾਰਾ ਨੇ ਘੇਰ ਕੇ ਕੁੱਟਮਾਰ ਕੀਤੀ ਤੇ ਉਨ੍ਹਾਂ ਪਾਸੋਂ 33 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਦਿੰਦਿਆ ਪੀੜਤ ਜੋਤੀ ਵਾਸੀ ਮਨਸਾ ਦੇਵੀ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਆਪਣੀ ਪਾਰਟੀ ਸਮੇਤ ਨੰਗਲ ਖੇੜਾ ਤੋਂ ਇੱਕ ਧਾਰਮਿਕ ਸਮਾਗਮ ਕਰਕੇ ਵਾਪਸ ਆ ਰਹੇ ਸਨ। ਜਦੋਂ ਉਹ ਬਸੰਤਪੁਰਾ ਲਾਗੇਂ ਪੁੱਜੇ ਤਾਂ ਉਨ੍ਹਾਂ ਦੇ ਦੋ ਸਾਥੀ ਜੋ ਮੋਟਰਸਾਈਕਲ ’ਤੇ ਉਨ੍ਹਾਂ ਦੇ ਅੱਗੇ ਜਾ ਰਹੇ ਸਨ। ਉਨ੍ਹਾਂ ਨੂੰ ਕੁਝ ਮੋਟਰਸਾਈਕਲ ਚਾਲਕਾਂ ਨੇ ਰਸਤੇ ਵਿੱਚ ਰੋਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਨ੍ਹਾਂ ਗੱਡੀ ਰੋਕੀ ਤਾਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ ਕੁੱਟਿਆ ਗਿਆ। ਜਿਨ੍ਹਾਂ ਵਿੱਚੋਂ ਤਿੰਨ ਮੈਂਬਰਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਹਮਲਾਵਾਰ ਸਮਾਗਮ ਵਿੱਚੋਂ ਮਿਲੇ 25 ਹਜ਼ਾਰ ਰੁਪਏ ਤੇ 8 ਹਜ਼ਾਰ ਰੁਪਏ ਦੇ ਇਨਾਮ ਵੀ ਲੈ ਕੇ ਫ਼ਰਾਰ ਹੋ ਗਏ ਅਤੇ ਦੋ ਮੋਬਾਈਲ ਵੀ ਭੰਨ ਗਏ। ਜ਼ਖ਼ਮੀ ਹੋਏ ਮੈਂਬਰਾ ਵਿੱਚ ਰੀਹਾ ਗੜ੍ਹਸ਼ੰਕਰ, ਬੋਬੀ ਅਤੇ ਜੋਤੀ ਵਾਸੀਆਨ ਮਨਸਾ ਦੇਵੀ ਵਜੋਂ ਹੋਈ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।
ਰਿਵਾਲਵਰ ਸਣੇ ਨੌਜਵਾਨ ਕਾਬੂ
ਧਾਰੀਵਾਲ (ਪੱਤਰ ਪ੍ਰੇਰਕ) ਥਾਣਾ ਧਾਰੀਵਾਲ ਦੀ ਪੁਲੀਸ ਨੇ ਇਕ ਨੌਜਵਾਨ ਨੂੰ 32 ਬੋਰ ਦੇ ਰਿਵਾਲਵਰ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸਬ ਇੰਸਪੈਕਟਰ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਸਮੇਤ ਪੁਲੀਸ ਪਾਰਟੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਗਸਤ ਦੌਰਾਨ ਪਿੰਡ ਜੱਫਰਵਾਲ ਰੋਡ ਪੁੱਲੀ ਡਰੇਨ ਤੋਂ ਇਕ ਨੌਜਵਾਨ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰਕੇ ਜਦੋਂ ਉਸਦੀ ਤਲਾਸੀ ਕੀਤੀ ਤਾਂ ਉਸ ਦੀ ਸੱਜੀ ਡੱਬ ਵਿੱਚੋਂ ਇੱਕ ਰਿਵਾਲਵਰ 32 ਬੋਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਪ੍ਰਵੇਜ ਮਸੀਹ ਪੁੱਤਰ ਨਿਆਮਤ ਮਸੀਹ ਵਾਸੀ ਕੋਹਾਲੀ, ਥਾਣਾ ਘੁਮਾਣ ਵਜੋਂ ਹੋਈ। ਪੁਲੀਸ ਨੇ ਨੌਜਵਾਨ ਨੂੰ ਰਿਵਾਲਵਰ ਸਣੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।