ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਮਾਰਚ
ਸੀਆਈਏ ਸਟਾਫ਼ ਨੇ ਹੁਸ਼ਿਆਰਪੁਰ ਦੇ ਇਕ ਨਜ਼ਦੀਕੀ ਪਿੰਡ ਦੇ ਇਕ ਵਿਅਕਤੀ ਦੀ ਸੁਪਾਰੀ ਲੈ ਕੇ ਕਤਲ ਦੀ ਯੋਜਨਾ ਬਣਾਉਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਕਾਹਰੀ ਵਾਸੀ ਬਲਜੀਤ ਸਿੰਘ ਰਿੰਕੂ, ਸੁਖਦੀਪ ਸਿੰਘ ਨਿੱਕਾ, ਚਬਿਰਾਂਵਾਲੀ, ਸ੍ਰੀ ਮੁਕਤਸਰ ਸਾਹਿਬ ਵਾਸੀ ਸਾਜਨ ਕੁਮਾਰ ਤੇ ਮਨਪ੍ਰੀਤ ਸਿੰਘ ਵਾਸੀ ਦੇਯੰਤਪੁਰ, ਜ਼ਿਲ੍ਹਾ ਜਲੰਧਰ ਸਿਗਨਲ ਐਪ ਰਾਹੀਂ ਇਕ-ਦੂਜੇ ਨਾਲ ਸੰਪਰਕ ਕਰਕੇ ਇਕ ਵਿਅਕਤੀ ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਹਨ। ਇਨ੍ਹਾਂ ਦਾ ਮਾਸਟਰ ਮਾਈਂਡ ਪਰਮਜੀਤ ਸਿੰਘ ਪੰਮਾ ਵਾਸੀ ਸਾਹਰੀ ਜੋ ਇਸ ਵੇਲੇ ਵਿਦੇਸ਼ ’ਚ ਹੈ ਤੇ ਸ਼ੇਰ ਸਿੰਘ ਉਰਫ਼ ਸ਼ੇਰਾ ਹਨ। ਐੱਸਐੱਸਪੀ ਨੇ ਦੱਸਿਆ ਕਿ ਪੰਮਾ ਨੇ ਕਤਲ ਲਈ ਰੇਕੀ ਕਰਵਾਈ ਤੇ ਸ਼ੇਰਾ ਨੂੰ ਸੁਪਾਰੀ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਸਾਜਨ ਕੁਮਾਰ ਸ਼ੂਟਰ ਮੁਕਤਸਰ ਸਾਹਿਬ ਤੋਂ ਪਿਛਲੇ ਮਹੀਨੇ ਹੁਸ਼ਿਆਰਪੁਰ ਆ ਗਿਆ ਤੇ ਵੱਖ-ਵੱਖ ਥਾਵਾਂ ’ਤੇ ਕਿਰਾਏ ’ਤੇ ਰਹਿੰਦਾ ਰਿਹਾ। ਉਹ ਸਿਗਨਲ ਐਪ ਰਾਹੀਂ ਬਾਕੀ ਮੁਲਜ਼ਮਾਂ ਨਾਲ ਗੱਲ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਬੰਧਤ ਵਿਅਕਤੀ ਦਾ ਕਤਲ ਕਰਨ ਲਈ ਟਾਂਡਾ ਰੋਡ ਵਿਖੇ ਇਕ ਪੈਲਸ ਵਿਚ ਵੀ ਗਏ ਸਨ ਪਰ ਪੁਲੀਸ ਹੋਣ ਕਰਕੇ ਇਹ ਉਸ ਨੂੰ ਮਾਰ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਾਹਰੀ, ਸਾਹਰੀ, ਅਜੜਾਮ, ਪਿਆਲਾ ਤੇ ਨਸਰਾਲਾ ਦੇ ਇਲਾਕੇ ’ਚ ਘੁੰਮ ਰਹੇ ਸਨ।
ਐੱਸਐੱਸਪੀ ਨੇ ਦੱਸਿਆ ਕਿ ਐੱਸਪੀ (ਤਫ਼ਸ਼ੀਸ਼) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਚਾਰੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ 32 ਬੋਰ ਦਾ ਪਿਸਤੌਲ, ਇਕ ਆਲਟੋ ਕਾਰ ਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ। ਮੁਲਜ਼ਮਾਂ ਖਿਲਾਫ਼ ਧਾਰਾ 115/120-ਬੀ ਆਈ.ਪੀ.ਸੀ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।