ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਜੂਨ
ਜ਼ਿਲ੍ਹਾ ਪ੍ਰਸ਼ਾਸਨ, ਜੀ.ਐੱਨ.ਏ ਯੂਨੀਵਰਸਿਟੀ ਤੇ ਫਿੱਟ ਬਾਈਕਰਜ਼ ਕਲੱਬ ਵਲੋਂ ਅੱਜ ਨਸ਼ਾ ਵਿਰੋਧੀ ਸਾਈਕਲ ਰੈਲੀ ਕੱਢੀ ਗਈ। ਲੋਕਾਂ ਦਾ ਉਤਸ਼ਾਹ ਵਧਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਖੁਦ ਇਸ ਸਾਈਕਲ ਰੈਲੀ ਦਾ ਹਿੱਸਾ ਬਣੇ ਅਤੇ ਸਾਈਕਲਿੰਗ ਕਰਕੇ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਸਚਦੇਵਾ ਸਟਾਕਜ਼ ਦਫ਼ਤਰ ਬੂਲਾਂਵਾੜੀ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਇੰਪਰੂਵਮੈਂਟ ਟਰੱਸਟ ਮਾਰਕੀਟ ਪਹੁੰਚ ਕੇ ਸਮਾਪਤ ਹੋਈ। ਇਸ ਰੈਲੀ ਵਿਚ ਬੱਚੇ, ਜਵਾਨ, ਲੜਕੀਆਂ ਇੱਥੋਂ ਤੱਕ ਕਿ ਉਮਰ ਦਰਾਜ ਲੋਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸਾਈਕਲ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰੈਲੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ, ਜੀ.ਐੱਨ.ਏ. ਯੂਨੀਵਰਸਿਟੀ ਤੇ ਫਿੱਟ ਬਾਈਕਰਜ਼ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜਾਗਰੂਕਤਾ ਲਿਆਉਣ ਵਿਚ ਸਿਰਫ਼ ਨੌਜਵਾਨ ਹੀ ਨਹੀਂ ਬਲਕਿ ਸਾਰੇ ਵਰਗਾਂ ਦੀ ਹਿੱਸੇਦਾਰੀ ਜ਼ਰੂਰੀ ਹੈ ਅਤੇ ਇਕਜੁੱਟਤਾ ਨਾਲ ਹੀ ਸੂਬੇ ਨੂੰ ਨਸ਼ਿਆਂ ਦੇ ਜੰਜਾਲ ਤੋਂ ਬਚਾਇਆ ਜਾ ਸਕਦਾ ਹੈ। ਐੱਸ.ਐੱਸ.ਪੀ ਨੇ ਜੀ.ਐੱਨ.ਏ ਯੂਨੀਵਰਸਿਟੀ ਤੇ ਫਿਟ ਬਾਈਕਰਜ਼ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ.ਐੱਸ.ਪੀ ਬਬਨਦੀਪ ਸਿੰਘ, ਪ੍ਰੇਮ ਸਿੰਘ, ਡਾ. ਸਮੀਰ ਵਰਮਾ, ਡਾ. ਕੁਨਾਲ ਬੈਂਸ, ਗੁਰਮੀਤ ਸਿੰਘ, ਮੁਨੀਸ਼ ਨਜਰ, ਉਤਮ ਸਿੰਘ ਸਾਬੀ ਆਦਿ ਮੌਜੂਦ ਸਨ।