ਭਗਵਾਨ ਦਾਸ ਸੰਦਲ
ਦਸੂਹਾ, 9 ਅਕਤੂਬਰ
ਇਥੇ ਕਰੋਨਾ ਵਾਇਰਸ ਤੋਂ ਬਾਅਦ ਹੁਣ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹਰ ਸਾਲ ਇਨਾਂ ਦਿਨਾਂ ਵਿੱਚ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਲੋਕਾਂ ਨੂੰ ਡੇਂਗੂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਜਾਣਕਾਰੀ ਮੁਤਾਬਕ ਦਸੂਹਾ ਸ਼ਹਿਰ ਅੰਦਰ ਅਤੇ ਆਲੇ ਦੁਆਲੇ ਦੇ ਪਿੰਡਾਂ ‘ਚ ਡੇਂਗੂ ਦੇ ਸੈਂਕੜੇ ਮਰੀਜ਼ ਹਨ ਜੋ ਸਿਵਲ ਹਸਪਤਾਲ ਵਿੱਚ ਢੁੱਕਵਾਂ ਇਲਾਜ ਨਾ ਹੋਣ ਕਾਰਨ ਨਿੱਜੀ ਅਤੇ ਜਲੰਧਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਦੂਜੇ ਪਾਸੇ ਗਲੀਆਂ ਨਾਲੀਆਂ ਦੀ ਢੁੱਕਵੀਂ ਸਫਾਈ ਨਾ ਹੋਣਾ, ਖਾਲੀ ਥਾਵਾਂ ’ਤੇ ਜੰਗਲੀ ਬੂਟੀ ਦੀ ਭਰਮਾਰ, ਰਿਹਾਇਸ਼ੀ ਇਲਾਕਿਆਂ ਵਿੱਚ ਕੂੜੇ ਦੇ ਢੇਰ ਅਤੇ ਕਈ ਮੁਹੱਲਿਆਂ ਵਿੱਚ ਸੀਵਰੇਜ ਦੇ ਨਾਕਸ ਪ੍ਰਬੰਧ ਡੇਂਗੂ ਮੱਛਰਾਂ ਦੀ ਪਨਾਹਗਾਹ ਦੇ ਕਾਰਨ ਬਣੇ ਹੋਏ ਹਨ ਜਿਸ ਵੱਲ ਪ੍ਰਸ਼ਾਸਨ ਧਿਆਨ ਨਹੀ ਦੇ ਰਿਹਾ। ਵਾਰਡ ਨੰਬਰ-3 ਦੇ ਨੇੜੇ ਕਈ ਦਿਨਾਂ ਤੋਂ ਸਿਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਗੰਦਾ ਪਾਣੀ ਸੜਕਾਂ ਅਤੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕੌਂਸਲਰਾਂ ਨਾਲ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਮਾਮਲਾ ਕਾਰਜ ਸਾਧਕ ਅਫਸਰ ਅਤੇ ਐੱਸ.ਡੀ.ਐੱਮ ਦਸੂਹਾ ਦੇ ਧਿਆਨ ‘ਚ ਲਿਆਂਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸ਼ਹਿਰ ਦਾ ਸੀਵਰੇਜ ਸਿਸਟਮ ਜਲਦ ਠੀਕ ਨਾ ਹੋਇਆ ਤਾਂ ਨਗਰ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਕੌਂਸਲਰ ਸੰਤੋਖ ਤੋਖੀ, ਕੌਂਸਲਰ ਅਮਰਪ੍ਰੀਤ ਸਿੰਘ ਖਾਲਸਾ, ਕਮਲਪ੍ਰੀਤ ਸਿੰਘ ਵਿਰਦੀ, ਸਾਬੀ ਕਸਬਾ, ਬੋਨੀ ਪ੍ਰਧਾਨ, ਲਖਵਿੰਦਰ ਛਾਬੜਾ ਅਤੇ ਮੁਹੱਲਾ ਵਾਸੀ ਹਾਜ਼ਰ ਸਨ। ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਦਵਿੰਦਰ ਪੁਰੀ ਕਿਹਾ ਕਿ ਲੋਕ ਇਹ ਵੱਡੀ ਗਲਤਫਹਿਮੀ ਦਾ ਸ਼ਿਕਾਰ ਹਨ ਕਿ ਸਰਕਾਰੀ ਹਸਪਤਾਲ ਵਿੱਚ ਇਲਾਜ ਸਹੀ ਨਹੀ ਹੁੰਦਾ ਜਦੋਂਕਿ ਹਸਪਤਾਲ ਵਿੱਚ ਡੇਂਗੂ ਮਰੀਜ਼ਾਂ ਲਈ 6 ਬੈਡਾਂ ਦੀ ਇੱਕ ਵੱਖਰੀ ਵਾਰਡ ਬਣਾਈ ਗਈ ਹੈ ਜਿਥੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਪਲੇਟਲੈੱਟਸ ਉਪਲੱਬਧ ਨਾ ਹੋਣ ਕਾਰਨ ਡੇਂਗੂ ਦੇ ਗੰਭੀਰ ਮਰੀਜ਼ਾਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਭੇਜਿਆ ਜਾਂਦਾ ਹੈ।