ਪਾਲ ਸਿੰਘ ਨੌਲੀ
ਜਲੰਧਰ, 9 ਮਈ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਨਰੇਗਾ ਵਰਕਰਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਦੀ ਮੰਗ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਪਿੰਡਾਂ ਵਿਚ ਕੰਮ ਕਰਵਾਉਣ ਲਈ ਮਸਟਰੋਲ ਜਾਰੀ ਕਰ ਦਿੱਤੇ ਹਨ। ਮਨਰੇਗਾ ਵਰਕਰਾਂ ਵੱਲੋਂ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਨੂੰ ਲੈ ਕੇ ਅੱਜ ਐੱਸਡੀਐੱਮ ਨਕੋਦਰ ਦੇ ਦਫਤਰ ਬਾਹਰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਕੰਮ ਦਾ ਭਰੋਸਾ ਦੇਣ ’ਤੇ ਅੱਜ ਪਹਿਲੇ ਦਿਨ ਹੀ ਹੜਤਾਲ ਸਮਾਪਤ ਕਰ ਦਿੱਤੀ ਗਈ। ਮਨਰੇਗਾ ਵਰਕਰਾਂ ਨੇ ਇਸ ਸੰਘਰਸ਼ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਮਨਰੇਗਾ ਵਰਕਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦਾ ਬਹਾਨਾ ਲਾ ਕੇ ਲੰਮੇ ਸਮੇਂ ਤੋਂ ਕੰਮ ਨਹੀਂ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੇ ਏਕੇ ਤੇ ਜੋਸ਼ ਨੂੰ ਦੇਖਦਿਆਂ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ। ਇਸੇ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਨਕੋਦਰ ਬਲਾਕ ਦੇ ਬੀਡੀਪੀਓ ਅਜੇ ਚੰਦਰ ਸ਼ੇਖਰ ਅਤੇ ਏਪੀਓ ਨੇ ਮੌਕੇ ’ਤੇ ਪਹੁੰਚ ਕੇ ਐਲਾਨ ਕੀਤਾ ਕਿ ਜਿਨ੍ਹਾਂ ਪਿੰਡਾਂ ਦੇ ਵਰਕਰਾਂ ਨੇ ਮਨਰੇਗਾ ਹੇਠ ਕੰਮ ਦੀ ਡਿਮਾਂਡ ਕੀਤੀ ਹੈ ਉਨ੍ਹਾਂ ਦੇ ਮਸਟਰੋਲ ਜਾਰੀ ਕਰ ਦਿੱਤੇ ਗਏ ਹਨ। ਮੌਕੇ ਉੱਪਰ ਹੀ ਬੀਡੀਪੀਓ ਮਹਿਤਪੁਰ ਮਲਕੀਤ ਸਿੰਘ ਦੇ ਦਸਤਖ਼ਤਾਂ ਹੇਠ ਲਿਖਤੀ ਪੱਤਰ ਯੂਨੀਅਨ ਨੂੰ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਬਲਾਕ ਅੰਦਰ ਪਿੰਡ ਖਰਸ਼ੈਦਪੁਰ, ਮਡਿਆਲਾ, ਉਧੋਵਾਲ, ਬਾਲੋਕੀ, ਬੀੜ ਬਾਲੋਕੀ, ਆਦਰਾਮਾਨ, ਇਸਮਾਈਲਪੁਰ, ਮਹਿਸਮਪੁਰ, ਤੰਦਾਊਰਾ, ਰਾਏਪੁਰ ਗੁੱਜਰਾਂ, ਸੰਗੋਵਾਲ ਆਦਿ ਪਿੰਡਾਂ ਵਿੱਚ ਕੰਮ ਸ਼ੁਰੂ ਕਰਨ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮਨਰੇਗਾ ਮਜ਼ਦੂਰਾਂ ਨੂੰ ਜਲਦੀ ਹੀ ਕੰਮ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਬਕਸ਼ੋ ਖੁਰਸ਼ੈਦਪੁਰਾ, ਬਲਜੀਤ ਕੌਰ ਮਾਨ, ਜ਼ਿਲ੍ਹਾ ਆਗੂ ਦਰਸ਼ਨ ਵਡਾਲਾ, ਤਹਿਸੀਲ ਪ੍ਰਧਾਨ ਵਿਜੇ ਬਾਠ, ਮਮਤਾ ਨਵਾਂਪਿੰਡ, ਸੋਮਾ ਮੰਡ, ਆਸ਼ਾ ਤੰਦਾਉਰਾ, ਬਲਵਿੰਦਰ ਰਹੀਮਪੁਰ, ਕਮਲਜੀਤ ਕੌਰ ਸਰਹਾਲੀ, ਅਮਰਜੀਤ ਈਦਾ, ਜਸਬੀਰ ਕੌਰ, ਡੇਨੀਅਲ ਸੰਗੋਵਾਲ ਅਤੇ ਪਰਮਜੀਤ ਕੌਰ ਹੰਸ ਆਦਿ ਨੇ ਸੰਬੋਧਨ ਕੀਤਾ।
ਮਨਰੇਗਾ ਵਰਕਰਾਂ ਵੱਲੋਂ ਰੋਸ ਮੁਜ਼ਾਹਰਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਮਨਰੇਗਾ ਵਰਕਰਾਂ ਨੂੰ ਬਣਦੀ ਉਜਰਤ ਅਦਾ ਨਾ ਕਰਨ, ਸੌ ਦਿਨਾਂ ਦਾ ਗਰੰਟੀ ਕੰਮ ਨਾ ਦੇਣ, ਮਨਰੇਗਾ ਮੇਟਾਂ ਨੂੰ ਸਕਿੱਲਡ ਪਰਸਨ ਦਾ ਦਰਜਾ ਨਾ ਦੇਣ, ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਨੱਥ ਨਾ ਪਾਉਣ ਆਦਿ ਨੂੰ ਲੈ ਕੇ ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਜੈ ਗੋਪਾਲ ਧੀਮਾਨ ਅਤੇ ਬਲਰਾਜ ਕੁਮਾਰ ਦੀ ਅਗਵਾਈ ਹੇਠ ਅੱਜ ਇੱਥੇ ਰੋਸ ਮੁਜ਼ਾਹਰਾ ਕੀਤਾ ਗਿਆ। ਮਨਰੇਗਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗਿਆਨ ਸਿੰਘ, ਸ਼ਮਸ਼ੇਰ ਸਿੰਘ, ਸੁਦੇਸ਼ ਕੁਮਾਰੀ, ਇੰਦਰਜੀਤ ਕੌਰ, ਸੁਰਜੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ, ਹਰਜਿੰਦਰ ਸਿੰਘ, ਕਮਲਜੀਤ ਕੌਰ, ਰੀਨਾ ਰਾਣੀ, ਬਲਵੀਰ ਕੌਰ, ਅਨੀਤਾ ਦੇਵੀ ਆਦਿ ਹਾਜ਼ਰ ਸਨ।