ਪੱਤਰ ਪ੍ਰੇਰਕ
ਸ਼ਾਹਕੋਟ, 27 ਨਵੰਬਰ
ਪੇਂਡੂ ਮਜ਼ਦੂਰ ਯੂਨੀਅਨ ਦੇ ਸੰਘਰਸ਼ ਸਦਕਾ ਪਿੰਡ ਬੱਗਾ ਦੇ ਗਰੀਬ ਲੋਕ ਕਬਰਿਸਤਾਨ ਹਾਸਲ ਕਰਨ ਵਿਚ ਕਾਮਯਾਬ ਹੋ ਹਨ। ਕਬਰਸਤਾਨ ਹਾਸਲ ਕਰਨ ਤੋਂ ਬਾਅਦ ਅੱਜ ਪਿੰਡ ਵਾਸੀਆਂ ਨੇ ਯੂਨੀਅਨ ਆਗੂ ਭਜਨੋ ਦੀ ਅਗਵਾਈ ਵਿੱਚ ਆਪਣੇ ਪੁਰਖਿਆਂ ਦੀ ਮਿੱਟੀ ਨੂੰ ਕਬਰਸਤਾਨ ਵਿੱਚ ਦਫਨ ਕਰਕੇ ਉਨ੍ਹਾਂ ਨੂੰ ਸਿਜਦਾ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਬੇਜ਼ਮੀਨੇ ਲੋਕਾਂ ਨੂੰ ਮਰਨ ਤੋਂ ਪਹਿਲਾ ਸਿਰ ਢੱਕਣ ਲਈ ਅਤੇ ਮਰਨ ਤੋਂ ਬਾਅਦ ਦੋ ਗਜ਼ ਜ਼ਮੀਨ ਦੇ ਟੋਟੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਜੋ ਆਜ਼ਾਦ ਦੇਸ਼ ਦੇ ਮੱਥੇ ਉੱਤੇ ਬਹੁਤ ਵੱਡਾ ਕਲੰਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਕੀਤੇ ਸੰਘਰਸ਼ ਦੀ ਬਦੌਲਤ ਸ਼ਾਹਕੋਟ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਕਬਰਸਤਾਨ ਸੌਂਪ ਦਿੱਤਾ ਹੈ। ਮਿਲੇ ਕਬਰਸਤਾਨ ਵਿਚ ਜਦੋਂ ਸਰਬਜੀਤ ਨੇ ਆਪਣੀ ਦਾਦੀ ਸ਼ਹਿਰਾਂ ਦੀ ਕਬਰ ਤੋੜੀ ਤਾਂ ਮਾਹੌਲ ਬੇਹੱਦ ਗਮਗੀਨ ਹੋ ਗਿਆ। ਮਨਜੀਤ ਕੌਰ ਨੇ ਆਪਣੇ ਦਾਦਾ ਚਿਰਾਗ ਮਸ਼ੀਹ ਦੀ ਕਬਰ ਦੀ ਮਿੱਟੀ ਲਿਜਾਂਦੇ ਕਿਹਾ ਕਿ ਆਪਣੇ ਪੁਰਖਿਆਂ ਦੀ ਮਿੱਟੀ ਨੂੰ ਉਨ੍ਹਾਂ ਦੇ ਆਪਣੇ ਕਬਰਸਤਾਨ ਵਿੱਚ ਦਫਨਾਉਣ ’ਤੇ ਉਨ੍ਹਾਂ ਨੂੰ ਬੇਹੱਦ ਸੰਤੁਸ਼ਟੀ ਮਿਲੀ ਹੈ। ਗਰੀਬ ਲੋਕ ਕਬਰਸਤਾਨ ਦੀ ਮੰਗ ਪੂਰੀ ਹੋਣ ’ਤੇ ਖੁਸ਼ ਹਨ।