ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਥਾਣਾ ਪੋਜੇਵਾਲ ਅਧੀਨ ਆਉਂਦੇ ਪਿੰਡ ਸੰਢਰੇਵਾਲ ਵਿੱਚ ਗੁਆਂਢੀ ਵੱਲੋਂ ਚਲਾਈ ਗੋਲੀ ਨਾਲ ਮੌਤ ਦੇ ਘਾਟ ਉਤਾਰੇ ਗਏ ਹੇਮ ਰਾਜ ਦੇ ਵਾਰਿਸਾਂ ਵੱਲੋਂ ਕਾਤਲਾਂ ਨੂੰ ਹੁਣ ਤੱਕ ਗ੍ਰਿਫਤਾਰ ਨਾ ਕੀਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ ਅਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਹੇਮ ਰਾਜ ਦੇ ਪੁੱਤਰ ਰੋਹਿਤ ਕੁਮਾਰ ਨੇ ਦੱਸਿਆ ਕਿ 22 ਅਗਸਤ 2022 ਨੂੰ ਉਸ ਦਾ ਪਿਤਾ ਹੇਮ ਰਾਜ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਘਰ ਆਇਆ ਸੀ। ਇਸੇ ਦੌਰਾਨ ਉਨ੍ਹਾਂ ਦੇ ਗੁਆਂਢੀ ਅਸ਼ੋਕ ਭਾਟੀਆ ਉਰਫ ਅਸ਼ੋਕ ਕੁਮਾਰ ਵਾਸੀ ਪਿੰਡ ਸੰਢਰੇਵਾਲ ਵੱਲੋਂ ਆਵਾਜ਼ ਮਾਰੇ ਜਾਣ ’ਤੇ ਜਦੋਂ ਉਸ ਦਾ ਪਿਤਾ ਘਰੋਂ ਬਾਹਰ ਨਿਕਲ ਕੇ ਘਰ ਦੇ ਗੇਟ ਕੋਲ ਪਹੁੰਚਿਆ ਤਾਂ ਉਕਤ ਅਸ਼ੋਕ ਕੁਮਾਰ ਨੇ ਆਪਣੇ ਰਿਵਾਲਵਰ ਨੂੰ ਹੇਮ ਰਾਜ ਦੀ ਕਨਪਟੀ ਨੇੜੇ ਰੱਖ ਕੇ ਸਿਰ ਵੱਲ ਕਰ ਕੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਉਸ ਦਾ ਪਿਤਾ ਜ਼ਮੀਨ ’ਤੇ ਡਿੱਗ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਰੋਹਿਤ ਕੁਮਾਰ ਨੇ ਅੱਗੇ ਦੱਸਿਆ ਕਿ ਪੁਲੀਸ ਵਲੋਂ ਉਸ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਪੋਜੇਵਾਲ ਵਿੱਚ ਕੇੇਸ ਦਰਜ ਤਾਂ ਕਰ ਲਿਆ ਗਿਆ, ਪ੍ਰੰਤੂ ਦੋ ਮਹੀਨੇ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਮ੍ਰਿਤਕ ਦੀ ਵਿਧਵਾ ਸੰਤੋਸ਼ ਦੇਵੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ ਹੈ।