ਸੁਰਜੀਤ ਮਜਾਰੀ
ਨਵਾਂ ਸ਼ਹਿਰ, 22 ਦਸੰਬਰ
ਇਸ ਹਲਕੇ ’ਚ ਲੰਬੇ ਅਰਸੇ ਤੋਂ ਕੰਮ ਕਰ ਰਹੇ ਸਤਨਾਮ ਸਿੰਘ ਜਲਵਾਹਾ ਨੂੰ ਅਣਗੌਲਿਆ ਕਰਕੇ ਆਮ ਆਦਮੀ ਪਾਰਟੀ ਵਿੱਚ ਨਵੇਂ ਸ਼ਾਮਲ ਹੋਏ ਲਲਿਤ ਮੋਹਣ ਪਾਠਕ ਲਈ ਟਿਕਟ ਦਿੱਤੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਦਰਜ-ਬ-ਦਰਜਾ ਟਕਸਾਲੀ ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਇਸ ਸਬੰਧੀ ਰੋਸ ਪੱਤਰ ਲਿਖਿਆ ਹੈ। ਟਿਕਟ ਦੇਣ ਲਈ ਪਾਰਟੀ ਦੀ ਸਥਾਈ ਟੀਮ ਨੂੰ ਵਿਸ਼ਵਾਸ਼ ’ਚ ਨਾ ਲੈਣ ਅਤੇ ਪਾਰਟੀ ਦਾ ਮੁੱਢਲਾ ਢਾਚਾਂ ਖੜ੍ਹਾ ਕਰਨ ਵਾਲਿਆ ਦੀ ਮਿਹਨਤ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ਼ ਲਾਇਆ ਗਿਆ। ਇਸ ਪੱਤਰ ’ਚ ਪਾਰਟੀ ਸਿਧਾਂਤ ਦੇ ਖਿਲਾਫ਼ ਜਾਣ ਅਤੇ ‘ਆਮ’ ਨੂੰ ਛੱਡ ਕੇ ‘ਖਾਸ’ ਨੂੰ ਮੂਹਰੇ ਕਰਨ ਦਾ ਪੱਖ ਵੀ ਉਭਾਰਿਆ ਗਿਆ ਹੈ। ਇੱਥੋਂ ਟਿਕਟ ਦੇ ਇਕਲੌਤੇ ਦਾਅਵੇਦਾਰ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਉਨ੍ਹਾਂ ਨੂੰ ਨਵਾਂ ਸ਼ਹਿਰੀਆਂ ਵਲੋਂ ਹਮੇਸ਼ਾਂ ਪਰਿਵਾਰਕ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਨੇ ਵੀ ਹਲਕਾ ਵਾਸੀਆਂ ਦੀਆਂ ਸਮੱਸਿਆਵਾ ਦੇ ਹੱਕ ’ਚ ਹਮੇਸਾਂ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮਾਇਤ ’ਤੇ ਉੱਤਰੇ ਪਾਰਟੀ ਆਗੂਆਂ ’ਚ ਸ਼ਾਮਲ ਸੁਰਿੰਦਰ ਸਿੰਘ ਸੰਘਾ, ਮਨਦੀਪ ਸਿੰਘ ਅਟਵਾਲ, ਯੋਗੇਸ਼ ਕੁਮਾਰ ਜੋਗਾ, ਦਵਿੰਦਰ ਫ਼ਾਬੜਾ, ਭੁਪਿੰਦਰ ਸਿੰਘ ਉੜਾਪੜ, ਕੁਲਵੰਤ ਸਿੰਘ ਰਕਾਸ਼ਨ ਆਦਿ ਨੇ ਕਿਹਾ ਕਿ ਜੇ ਪਾਰਟੀ ਜਿੱਤਣਾ ਚਾਹੁੰਦੀ ਅਤੇ ਲੋਕਾਂ ਅੰਦਰ ਆਮ ਦੀ ਸੁਣਵਾਈ ਨੂੰ ਤਸਦੀਕ ਕਰਨਾ ਚਾਹੁੰਦੀ ਹੈ ਤਾਂ ਇੱਥੋਂ ਟਕਸਾਲੀ ਆਗੂ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ। ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੂੰ ਲਿਖੇ ਇਸ ਪੱਤਰ ਦਾ ਇੱਕ ਇੱਕ ਉਤਾਰਾ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਸਹਾਇਕ ਇੰਚਾਰਜ ਰਾਘਵ ਚੱਢਾ ਨੂੰ ਵੀ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਲਲਿਤ ਮੋਹਣ ਪਾਠਕ ਉਰਫ਼ ਬੱਲੂ ਲੰਬਾ ਸਮਾਂ ਇੱਥੋਂ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ ਅਤੇ ਥੋੜ੍ਹੇ ਸਮੇਂ ਤੋਂ ਉਹਨਾਂ ਦਾ ਕਾਂਗਰਸ ਨਾਲੋਂ ਨਾਤਾ ਟੁੱਟ ਗਿਆ ਸੀ। ਹੁਣ ਉਹਨਾਂ ਦੇ ਆਪ ’ਚ ਸ਼ਾਮਲ ਹੁੰਦਿਆਂ ਹੀ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ। ਦੂਜੇ ਬੰਨ੍ਹੇ ਆਪ ਦੇ ਆਗੂ ਸਤਨਾਮ ਸਿੰਘ ਜਲਵਾਹਾ ਵੱਡੇ ਪੱਧਰ ’ਤੇ ਚੋਣ ਪ੍ਰਚਾਰ ਆਰੰਭ ਕਰ ਚੁੱਕੇ ਸਨ।