ਭਗਵਾਨ ਦਾਸ ਸੰਦਲ
ਦਸੂਹਾ, 10 ਮਾਰਚ
ਇਥੇ ਵਿਧਾਨ ਸਭਾ ਹਲਕਾ ਦਸੂਹਾ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ। ‘ਆਪ’ ਉਮੀਦਵਾਰ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਾਂਗਰਸ ਦੇ ਅਰੁਣ ਮਿੱਕੀ ਡੋਗਰਾ ਨੂੰ 8587 ਦੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਸ਼ਾਨਦਾਰ ਐਂਟਰੀ ਕੀਤੀ ਹੈ। ਘੁੰਮਣ 43,272 ਵੋਟਾਂ ਬਟੋਰਨ ‘ਚ ਸਫਲ ਹੋਏ ਜਦੋਕਿ ਕਾਂਗਰਸ ਦੇ ਅਰੁਣ ਮਿੱਕੀ ਡੋਗਰਾ ਨੂੰ 34,685, ਭਾਜਪਾ ਦੇ ਰਘੂਨਾਥ ਸਿੰਘ ਰਾਣਾ ਨੂੰ 25,632, ਬਸਪਾ ਦੇ ਸ਼ੁਸ਼ੀਲ ਕੁਮਾਰ ਪਿੰਕੀ ਨੂੰ 22,883 ਅਤੇ ਅਕਾਲੀ ਦਲ ਅਮ੍ਰਿਤਸਰ ਦੇ ਸੁਖਵਿੰਦਰ ਸਿੰਘ 3429 ਵੋਟਾਂ ਮਿਲਿਆਂ ਹਨ । ਕਿਸਾਨ ਮੋਰਚਾ ਦੇ ਆਰ.ਐਲ ਸੰਧੂ ਨੇ 1024 ਵੋਟਾਂ ਮਿਲੀਆਂ ਅਤੇ 810 ਵੋਟਰਾਂ ਨੇ ਨੋਟਾਂ ਦੇ ਬਟਨ ਦੀ ਵਰਤੋ ਕੀਤੀ । ਜਿਉਂ ਹੀ ਐਡਵੋਕੇਟ ਘੁੰਮਣ ਦੀ ਜਿੱਤ ਦਾ ਐਲਾਨ ਹੋਇਆ ਤਾਂ ਸਿਆਸਤ ਵਿੱਚ ਬਦਲਾਅ ਦੇ ਚਾਹਵਾਨਾਂ ਨੇ ਆਤਿਸ਼ਬਾਜ਼ੀ ਸ਼ੁਰੂ ਕਰ ਦਿੱਤੀ । ‘ਆਪ’ ਦੇ ਵਰਕਰਾਂ ਤੇ ਸਮਰਥਕਾਂ ਨੇ ਭੰਗੜੇ ਪਾ ਕੇ ਜਿਥੇ ਵਿਆਹ ਵਾਲਾ ਮਾਹੌਲ ਸਿਰਜਿਆ ਉਥੇ ਹੀ ਨੋਜਵਾਨਾਂ ਨੇ ਟਰੈਕਟਰਾਂ ’ਤੇ ਡੈੱਕ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਲੋਕਾਂ ਦਾ ਜ਼ਲੌਅ ਦੇਖਦਿਆ ਹੀ ਬਣਦਾ ਸੀ । ਦੂਜੇ ਪਾਸੇ ਕਾਂਗਰਸ, ਭਾਜਪਾ ਤੇ ਅਕਾਲੀ-ਬਸਪਾ ਦੇ ਖੇਮੇ ਵਿੱਚ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ ।