ਪਾਲ ਸਿੰਘ ਨੌਲੀ
ਜਲੰਧਰ, 8 ਸਤੰਬਰ
ਇੱਥੋਂ ਦੀ 66 ਫੁੱਟੀ ਰੋਡ ’ਤੇ ਇੱਕ ਫਰਨੀਚਰ ਦੇ ਸ਼ੋਅਰੂਮ ਤੇ ਗੋਦਾਮ ’ਚ ਅੱਗ ਲੱਗ ਗਈ ਜਿਸ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਹਾਈ ਗ੍ਰੇਡ ਫਰਨੀਚਰ ਸ਼ੋਅਰੂਮ ਦੇ ਮਾਲਕ ਨਰੇਸ਼ ਗੁਪਤਾ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕਰਫਿਊ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਸ਼ੋਅਰੂਮ ਬੰਦ ਕਰਕੇ ਆਪਣੇ ਘਰ ਗਿਆ ਸੀ। ਅੱਜ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਸ਼ੋਅਰੂਮ ਨੂੰ ਅੱਗ ਲੱਗੀ ਹੋਈ ਹੈ ਤਾਂ ਉਹ ਤੁਰੰਤ ਸ਼ੋਅਰੂਮ ਪਹੁੰਚੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸਵੇਰੇ 7.30 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਸੱਤ-ਅੱਠ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਸਨ ਪਰ ਅੱਗ ਏਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਉਸ ਨੂੰ ਬੁਝਾਉਣ ’ਚ ਭਾਰੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਦੇ ਸ਼ੋਅਰੂਮ ਅਤੇ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਉਥੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਆਪਣੀ ਹਿੰਮਤ ਨਾਲ ਜਿੰਨਾ ਵੀ ਸਾਮਾਨ ਬਾਹਰ ਕੱਢ ਹੋਇਆ, ਉਹ ਕੱਢਣ ਦਾ ਯਤਨ ਕੀਤਾ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ।
ਸਪੇਅਰ ਪਾਰਟਸ ਦੀ ਦੁਕਾਨ ਨੂੰ ਲੱਗੀ ਅੱਗ
ਬਲਾਚੌਰ: ਸਥਾਨਕ ਗੜ੍ਹਸ਼ੰਕਰ ਰੋਡ ’ਤੇ ਸਥਿਤ ਸਵਰਨ ਮਾਰਕਿਟ ਅੰਦਰ ਅਮਨ ਕਾਰ ਜ਼ੋਨ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਦੁਕਾਨ ਅੰਦਰ ਪਿਆ ਲੱਖ ਰੁਪਏ ਦਾ ਸਪੇਅਰ ਪਾਰਟ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀ ਸਵਰਨ ਮਾਰਕੀਟ ਵਿੱਚ ਗੱਡੀਆਂ/ ਕਾਰਾਂ ਦੇ ਸਪੇਅਰ ਪਾਰਟ ਦੀ ਦੁਕਾਨ ਦਾ ਮਾਲਕ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰ ਕੇ ਘਰ ਗਿਆ ਤਾਂ ਦੇਰ ਰਾਤ ਕਿਸੇ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਦੁਕਾਨ ਵਿੱਚ ਮੋਟਰ ਗੱਡੀਆ ਦਾ ਹਰ ਤਰ੍ਹਾਂ ਦਾ ਸਪੇਅਰ ਪਾਰਟ , ਡੈਕੋਰੇਸ਼ਨ ਦਾ ਕੀਮਤੀ ਸਾਮਾਨ, ਫਰਨੀਚਰ, ਏਸੀ, ਪੱਖੇ ਆਦਿ ਸੜ ਕੇ ਸੁਆਹ ਹੋ ਗਏ ਜਿਸ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। -ਪੱਤਰ ਪ੍ਰੇਰਕ