ਪੱਤਰ ਪ੍ਰੇਰਕ
ਫਗਵਾੜਾ, 16 ਅਪਰੈਲ
ਲਘੂ ਉਦਯੋਗ ਭਾਰਤੀ ਦਾ ਵਫ਼ਦ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ’ਚ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਲਘੂ ਉਦਯੋਗ ਕੋਵਿਡ ਕਾਲ ’ਚ ਪਿਛਲੇ ਦੋ ਸਾਲਾਂ ਤੋਂ ਭਾਰੀ ਮੁਸ਼ਕਲ ’ਚ ਹਨ ਤੇ ਇੱਕ ਤਰ੍ਹਾਂ ਨਾਲ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ। ਸਟੀਲ ਇੰਗਟ ਦੀ ਕੀਮਤ ਜੋ ਕਿ 1 ਅਪਰੈਲ 2020 ਨੂੰ 30 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਸੀ। ਉਹ 1 ਅਪਰੈਲ 2022 ਨੂੰ 61 ਹਜ਼ਾਰ ਰੁਪਏ ਪ੍ਰਤੀ ਮੀਟਰਿਕ ਟਨ ਹੋ ਚੁੱਕੀ ਹੈ। ਇਸੇ ਤਰ੍ਹਾਂ ਪਲਾਸਟਿਕ, ਪਿਗ ਆਇਰਨ, ਕੋਲੇ, ਤਾਂਬੇ ਸਮੇਤ ਲਘੂ ਉਦਯੋਗ ’ਚ ਵਰਤ ਹੋਣ ਵਾਲੇ ਕੈਮੀਕਲ ਬਹੁਤ ਜਿਆਦਾ ਮਹਿੰਗੇ ਹੋ ਗਏ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਇਜਾਫ਼ੇ ਨਾਲ ਭਾੜਾ ਦੁੱਗਣਾ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਸ ’ਚ ਦਰਅਸਲ ਕੁੱਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਕੇਂਦਰ ਸਰਕਾਰ ਨੂੰ ਵਿਚਾਰਨ ਦੀ ਅਪੀਲ ਕੀਤੀ ਗਈ ਹੈ। ਵਫ਼ਦ ’ਚ ਅਸ਼ੋਕ ਸੇਠੀ, ਅਸ਼ੋਕ ਗੁਪਤਾ, ਮੁਖਿੰਦਰ ਸਿੰਘ, ਇੰਦਰ ਖੁਰਾਣਾ, ਪੰਕਜ ਗੌਤਮ, ਹਰੀਦੇਵ ਬੱਗਾ, ਵਿਕਾਸ ਉੱਪਲ, ਦੀਪਕ ਕੋਹਲੀ, ਓਮ ਉੱਪਲ ਤੇ ਸੁਰਜੀਤ ਸੇਠੀ ਸ਼ਾਮਲ ਸਨ। ਸ੍ਰੀ ਸੋਮ ਪ੍ਰਕਾਸ਼ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਦਿੱਤੇ ਗਏ ਸੁਝਾਵਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇਗੀ।