ਨਿੱਜੀ ਪੱਤਰ ਪ੍ਰੇਰਕ
ਜਲੰਧਰ,11 ਜੁਲਾਈ
ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੱਟਰ ਗੈਂਗ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਦੇਸੀ ਪਿਸਤੌਲ ਤੇ ਹੋਰ ਤੇਜ਼ਧਾਰ ਹਥਿਆਰਾਂ ਸਣੇ ਦੋ ਕਾਰਾਂ ਬਰਾਮਦ ਕੀਤੀਆਂ। ਐੱਸਐੱਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਫੜੇ ਗਏ ਗਰੋਹ ਦੇ ਮੈਂਬਰਾਂ ਦੀ ਪਛਾਣ ਪਵਨ ਕੁਮਾਰ ਉਰਫ਼ ਮਟਰ ਵਾਸੀ ਉਪਲ ਖਾਲਸਾ, ਗੁਰਵਿੰਦਰ ਸਿੰਘ ਵਾਸੀ ਪਿੰਡ ਲਾਸੂੜੀ, ਗਗਨਦੀਪ ਸਿੰਘ ਵਾਸੀ ਉਪਲ ਜਗੀਰ, ਅਮਰਮਨਦੀਪ ਸਿੰਘ, ਹਰਿੰਦਰਪਾਲ ਵਾਸੀ ਕੋਟ ਬਾਦਲ ਖਾਂ (ਸਾਰੇ ਜ਼ਿਲ੍ਹਾ ਜਲੰਧਰ) ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਨਰਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਗੈਂਗ ਦੇ ਮੈਂਬਰ ਦੋ ਗੱਡੀਆਂ ਵਿੱਚ ਹਥਿਆਰਾਂ ਸਮੇਤ ਤਲਵਣ-ਨੂਰਮਹਿਲ ਰੋਡ ’ਤੇ ਇੱਕ ਪੈਟਰੋਲ ਪੰਪ ਲੁੱਟਣ ਦੀ ਸਕੀਮ ਘੜ ਰਹੇ ਹਨ। ਮੌਕੇ ’ਤੇ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਹਥਿਆਰਾਂ ਸਮੇਤ ਕਾਬੂ ਕੀਤੇ ਗਏ। ਇਨ੍ਹਾਂ ਕੋਲੋਂ ਦੋ ਪਿਸਤੌਲ 32 ਬੋਰ ਦੇ ਤੇ ਤਿੰਨ 315 ਬੋਰ ਦੇ ਜਿੰਦਾ ਰੌਂਦਾਂ ਸਮੇਤ ਬਾਰਮਦ ਕੀਤੇ। ਤੇਜ਼ਧਾਰ ਕਿਰਪਾਨ, ਖੰਡਾ ਤੇ ਇੱਕ ਟੋਕਾ ਵੀ ਬਰਾਮਦ ਕੀਤਾ ਗਿਆ ਤੇ ਜਾਅਲੀ ਨੰਬਰਾਂ ਦੀਆਂ ਦੋ ਗੱਡੀਆਂ ਵੀ ਫੜੀਆਂ ਗਈਆਂ ਹਨ। ਗਰੋਹ ਦੇ ਮੁਖੀ ਪਵਨ ਕੁਮਾਰ ਉਰਫ ਮਟਰ ਵਿਰੁੱਧ ਪਹਿਲਾਂ ਹੀ 10 ਮਾਮਲੇ ਦਰਜ ਹਨ।