ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਅਗਸਤ
ਪੁਲੀਸ ਨੇ ਚੋਰ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 15 ਲੱਖ ਰੁਪਏ ਦੀ ਨਕਦੀ, 20 ਤੋਲੇ ਸੋਨਾ ਅਤੇ 600 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਗੱਗੀ ਵਾਸੀ ਪਿੰਡ ਬਤਾਲਾ ਅੰਮ੍ਰਿਤਸਰ, ਕਾਲਾ ਵਾਸੀ ਲੋਹਗੜ੍ਹ ਬਸਤੀ ਮੋਗਾ, ਜੰਨਤ ਵਾਸੀ ਬਤਾਲਾ, ਸ਼ੱਕੂ ਅਤੇ ਆਸ਼ਾ ਦੋਵੇਂ ਵਾਸੀ ਲੋਹਗੜ੍ਹ ਬਸਤੀ ਮੋਗਾ ਵਜੋਂ ਹੋਈ ਹੈ। ਪਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ। ਉਕਤ ਟੀਮ ਨੇ ਨਾਕਾਬੰਦੀ ਦੌਰਾਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਮੁਲਜ਼ਮ ਨੂੰ ਧਰਮਕੋਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ। ਮੁਲਜ਼ਮਾਂ ਨੇ ਅਰੋੜਾ ਕਲੋਨੀ ਕੱਕੋਂ ਵਿੱਚ ਇਕ ਘਰ ’ਚੋਂ 20 ਤੋਲੇ ਸੋਨਾ, ਚਾਂਦੀ ਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਸਥਾਨਕ ਨੀਲ ਕੰਠ ਮੁਹੱਲੇ ’ਚ ਕਿਰਾਏ ’ਤੇ ਰਹਿੰਦੇ ਸਨ ਅਤੇ ਚੋਰੀ ਕਰਕੇ ਸ਼ਹਿਰ ਛੱਡ ਕੇ ਚਲੇ ਗਏ ਸਨ। ਮੁਲਜ਼ਮ ਗੱਗੀ ਤੇ ਕਾਲਾ ਖ਼ਿਲਾਫ਼ ਪਹਿਲਾਂ ਵੀ ਚੋਰ ਦੇ ਮੁਕੱਦਮੇ ਦਰਜ ਹਨ।