ਜਲੰਧਰ (ਪਾਲ ਸਿੰਘ ਨੌਲੀ):
ਸੂਬੇ ਦੀ ਪੋਲਟਰੀ ਪੂਰੀ ਤਰ੍ਹਾਂ ਨਾਲ ਬਰਡ ਫਲੂ ਤੋਂ ਮੁਕਤ ਹੈ। ਸਿਰਫ਼ ਬਰਡ ਫਲੂ ਦੀਆਂ ਅਫਵਾਹਾਂ ਕਰਕੇ ਹੀ ਸੂਬੇ ਦੀ ਪੋਲਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਦਾਅਵਾ ਅੱਜ ਇਥੇ ਪ੍ਰੈੱਸ ਕਲੱਬ ਵਿੱਚ ਪੰਜਾਬ ਪੋਲਟਰੀ ਫਾਰਮਰ ਐਸੋਸੀਏਸ਼ਨ ਅਤੇ ਪੰਜਾਬ ਬ੍ਰਾਇਲਰ ਬੋਰਡ ਦੇ ਨੁਮਾਇੰਦਿਆਂ ਨੇ ਕੀਤਾ। ਐਸੋਸੀਏਸ਼ਨ ਦੇ ਆਗੂਆਂ ਵਿਸ਼ਾਲ ਗੁਪਤਾ ਸੰਗਰੂਰ, ਵਿਵੇਕ ਸਿੰਧਵਾਨੀ ਬਰਨਾਲਾ ਤੇ ਜਤਿੰਦਰ ਸਿੰਘ ਲਾਡੀ ਲੁਧਿਆਣਾ ਨੇ ਦੱਸਿਆ ਕਿ ਬਰਡ ਫਲੂ ਦੀ ਕੋਈ ਬਿਮਾਰੀ ਨਹੀਂ ਹੈ। ਸਿਰਫ ਕੁਝ ਜੰਗਲੀ ਪੰਛੀਆਂ ਦੀ ਮੌਤ ਹੋਣ ਕਰਕੇ ਉਨ੍ਹਾਂ ਨੂੰ ਬਰਡ ਫਲੂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਪੋਲਟਰੀ ’ਤੇ ਪਿਆ ਹੈ। ਇਨ੍ਹਾਂ ਅਫਵਾਹਾਂ ਕਰਕੇ ਪੰਜਾਬ ਦੀ ਪੋਲਟਰੀ ਤਬਾਹੀ ਦੇ ਕੰਢੇ ’ਤੇ ਪੁੱਜ ਗਈ ਹੈ। ਪਿਛਲੇ ਤਿੰਨ ਦਿਨਾਂ ਵਿੱਚ ਹੀ ਪੰਜਾਬ ਦੀ ਪੋਲਟਰੀ ਦਾ ਕਾਰੋਬਾਰ 50 ਫੀਸਦੀ ਤਕ ਘਟ ਗਿਆ ਹੈ ਅਤੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।