ਪਾਲ ਸਿੰਘ ਨੌਲੀ
ਜਲੰਧਰ,10 ਮਾਰਚ
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਤੀਜੇ ਬਹੁਤ ਹੀ ਦਿਲਸਚਪ ਆਏ ਹਨ। ਦੋਆਬਾ ਖੇਤਰ ਦੀਆਂ 23 ਵਿਧਾਨ ਸਭਾ ਦੀਆਂ ਸੀਟਾਂ ਲਈ 14 ਨਵੇਂ ਚਿਹਰੇ ਚੁਣੇ ਗਏ ਹਨ। ਇਸ ਤਰ੍ਹਾਂ ਚੋਣਾਂ ਜਿੱਤਣ ਵਾਲਿਆਂ ਵਿੱਚ ਤਿੰਨ ਡਾਕਟਰ ਵੀ ਸ਼ਾਮਲ ਹਨ ਅਤੇ ਉਹ ਤਿੰਨੋਂ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਹਨ। ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁਖਵਿੰਦਰ ਸਿੰਘ, ਚੱਬੇਵਾਲ ਤੋਂ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਅਤੇ ਸ਼ਾਮ ਚੌਰਾਸੀ ਤੋਂ ‘ਆਪ’ ਦੇ ਡਾ. ਰਵਜੋਤ ਸਿੰਘ ਜੇਤੂਆਂ ’ਚ ਸ਼ਾਮਲ ਹਨ ਜਦ ਕਿ ਨਕੋਦਰ ਤੋਂ ਕਾਂਗਰਸ ਦੇ ਡਾ. ਨਵਜੋਤ ਸਿੰਘ ਦਾਹੀਆ ਚੋਣ ਹਾਰ ਗਏ ਹਨ।
ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਥੇ ‘ਆਪ’ ਚੋਣ ਜਿੱਤ ਗਏ ਹਨ ਉੱਥੇ ਹੀ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਤੌਰ ‘ਤੇ ਚੋਣ ਜਿੱਤ ਗਏ ਹਨ। ਰਾਣਾ ਇੰਦਰਪ੍ਰਤਾਪ ਸਿੰਘ ਆਪਣੇ ਪਰਿਵਾਰ ਵਿੱਚ ਵਿਧਾਇਕ ਬਣਨ ਵਾਲੇ ਚੌਥੇ ਮੈਂਬਰ ਹਨ। 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਕਪੂਰਥਲਾ ਹਲਕੇ ਤੋਂ ਵਿਧਾਇਕ ਬਣੇ ਸਨ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਸਿੰਘ ਸੰਸਦ ਮੈਂਬਰ ਬਣ ਗਏ ਸਨ ਤੇ ਕਪੂਰਥਲਾ ਦੀ ਸੀਟ ਖਾਲੀ ਹੋਣ ਨਾਲ ਉੱਥੇ ਉਨ੍ਹਾਂ ਦੀ ਭਰਜਾਈ ਸੁੱਖੀ ਰਾਣਾ ਵਿਧਾਇਕ ਬਣੇ ਸਨ। ਸਾਲ 2007 ਦੀਆਂ ਚੋਣਾਂ ਦੌਰਾਨ ਰਾਣਾ ਗੁਰਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਚੋਣ ਜਿੱਤੇ ਸਨ ਤੇ ਉਸ ਤੋਂ ਬਾਅਦ ਲਗਤਾਰ ਦੋ ਵਾਰ ਰਾਣਾ ਗੁਰਜੀਤ ਸਿੰਘ ਚੋਣ ਜਿੱਤਦੇ ਆ ਰਹੇ ਹਨ। ਇਸ ਵਾਰ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਲਈ ਟਿਕਟ ਮੰਗੀ ਸੀ ਪਰ ਪਾਰਟੀ ਨੇ ਟਿਕਟ ਨਹੀਂ ਸੀ ਦਿੱਤੀ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਜ਼ਾਦ ਤੌਰ ’ਤੇ ਚੋਣ ਲੜਾ ਦਿੱਤੀ ਸੀ। ਰਾਣਾ ਇੰਦਰਪ੍ਰਤਾਪ ਸਿੰਘ ਪੰਜਾਬ ਦੇ ਇੱਕੋ ਇੱਕ ਵਿਧਾਇਕ ਹਨ ਜਿਹੜੇ ਅਜ਼ਾਦ ਜਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਕੇ ਚੋਣਾਂ ਲੜਨ ਵਾਲੀ ਭਾਜਪਾ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਤਿੰਨ ਰੈਲੀਆਂ ਕੀਤੀਆਂ ਸਨ ਪਰ ਭਾਜਪਾ ਦੇ ਦੋ ਉਮੀਦਵਾਰ ਹੀ ਜਿੱਤ ਸਕੇ। ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਰੈਲੀ ਕੀਤੀ ਸੀ ਤੇ ਰੈਲੀ ਦੌਰਾਨ ਉਨ੍ਹਾਂ ਨੇ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਦੀਆਂ ਸਿਫਤਾਂ ਵੀ ਕੀਤੀਆਂ ਸਨ ਪਰ ਜ਼ਿਲ੍ਹੇ ਵਿੱਚ ਭਾਜਪਾ ਦਾ ਇੱਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਉੱਧਰ, ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਨਾਲ ਕੀਤੇ ਗਏ ਗੱਠਜੋੜ ਦਾ ਕੋਈ ਸਿਆਸੀ ਲਾਭ ਨਹੀਂ ਹੋਇਆ। ਬਸਪਾ ਨੇ ਵੀ 20 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੰਬੇ ਵਕਫੇ ਬਾਅਦ ਬਸਪਾ ਦਾ ਉਮੀਦਵਾਰ ਡਾ. ਨੱਛਤਰਪਾਲ ਸਿੰਘ ਪਹਿਲੀ ਵਾਰ ਨਵਾਂ ਸ਼ਹਿਰ ਤੋਂ ਚੋਣ ਜਿੱਤਿਆ ਹੈ।
ਜਲੰਧਰ: ਜ਼ਿਲ੍ਹੇ ਦੀਆਂ ਪੰਜ ਸੀਟਾਂ ’ਤੇ ਕਾਂਗਰਸ ਦਾ ਕਬਜ਼ਾ, ਚਾਰ ’ਤੇ ‘ਆਪ’ ਦੀ ਜਿੱਤ
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਦੀਆਂ ਨੌਂ ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਪੰਜ ਅਤੇ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਹਨ। ਜ਼ਿਲ੍ਹੇ ਵਿੱਚ 94 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜ਼ਿਲ੍ਹੇ ਵਿਚ ਬਾਕੀ ਸਾਰੀਆਂ ਪਾਰਟੀਆਂ ਭਾਜਪਾ, ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਸਣੇ ਹੋਰ ਪਾਰਟੀਆਂ ਦਾ ਮੁਕੰਮਲ ਸਫਾਇਆ ਹੋ ਗਿਆ ਹੈ। ਕਾਂਗਰਸ ਨੇ ਜਿਹੜੀਆਂ ਪੰਜ ਸੀਟਾਂ ਜਿੱਤੀਆਂ ਹਨ ਉਨ੍ਹਾਂ ਵਿੱਚ ਜਲੰਧਰ ਛਾਉਣੀ ਵਿੱਚੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ‘ਆਪ’ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ 5808 ਵੋਟਾਂ ਦੇ ਫਰਕ ਨਾਲ ਹਰਾਇਆ। ਜਲੰਧਰ ਉੱਤਰੀ ਹਲਕੇ ਤੋਂ ਅਵਤਾਰ ਸਿੰਘ ਜੂਨੀਅਰ ਨੇ ਭਾਜਪਾ ਦੇ ਕੇਡੀ ਭੰਡਾਰੀ ਨੂੰ 9486 ਫਰਕ ਨਾਲ ਹਰਾਇਆ। ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੂੰ 4567 ਵੋਟਾਂ ਨਾਲ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਚਿੱਤਰ ਸਿੰਘ ਕੋਹਾੜ ਨੂੰ 12079 ਵੋਟਾਂ ਨਾਲ ਅਤੇ ਫਿਲੌਰ ਤੋਂ ਚੌਧਰੀ ਵਿਕਰਮਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ ਨੂੰ 12903 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਨੇ ਜਿਹੜੀਆਂ ਚਾਰ ਸੀਟਾਂ ਜਿੱਤੀਆਂ ਹਨ ਉਨ੍ਹਾਂ ਵਿੱਚ ਨਕੋਦਰ ਤੋਂ ਬੀਬੀ ਇੰਦਰਜੀਤ ਕੌਰ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ 2869 ਵੋਟਾਂ ਦੇ ਫਰਕ ਨਾਲ, ਕਰਤਾਰਪੁਰ ਤੋਂ ਬਲਕਾਰ ਸਿੰਘ ਨੇ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ ਨੂੰ 4574 ਵੋਟਾਂ ਨਾਲ, ਜਲੰਧਰ ਪੱਛਮੀ ਤੋਂ ਸੀਤਲ ਅੰਗੁਰਾਲ ਨੇ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ 4253 ਵੋਟਾਂ ਦੇ ਫਰਕ ਨਾਲ ਅਤੇ ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਨੇ ਕਾਂਗਰਸ ਦੇ ਰਾਜਿੰਦਰ ਬੇਰੀ ਨੂੰ 247 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਭਾਜਪਾ ਛੱਡ ਕੇ ‘ਆਪ’ ਵਿੱਚ ਆਏ ਸ਼ੀਤਲ ਅੰਗੁਰਾਲ ਨੇ ਕਈ ਵਾਰ ਕੌਂਸਲਰ ਦੀ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਕਦੇ ਜਿੱਤ ਨਸੀਬ ਨਹੀਂ ਸੀ ਹੋਈ ਪਰ ਹੁਣ ਉਨ੍ਹਾਂ ਨੇ ਵਿਧਾਨ ਸਭਾ ਦੀ ਚੋਣ ਵਿੱਚ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਹਰਾਉਣ ਵਿੱਚ ਸਫ਼ਲਤਾ ਹਾਸਲ ਕਰ ਕੇ ਕਾਂਗਰਸੀ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ ਹੈ।