ਪਾਲ ਸਿੰਘ ਨੌਲੀ
ਜਲੰਧਰ, 1 ਸਤੰਬਰ
ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਤੇ ਹੋਰ ਜਨਤਕ ਥਾਵਾਂ ’ਤੇ ਘਰਾਂ ਤੋਂ ਪੀਣ ਵਾਲੇ ਪਾਣੀ ਦੇ ਲਏ 16 ਨਮੂਨਿਆਂ ਵਿੱਚੋਂ 11 ਨਮੂਨੇ ਫੇਲ੍ਹ ਪਾਏ ਗਏ। ਸਿਹਤ ਵਿਭਾਗ ਵੱਲੋਂ ਪਾਣੀ ਦੇ ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਸਟੇਟ ਹੈਲਥ ਪਬਲਿਕ ਲੈਬ ਖਰੜ ਭੇਜਿਆ ਗਿਆ ਸੀ। ਟੈਸਟਿੰਗ ਲੈਬ ਵਿੱਚ ਪਾਣੀ ਦੇ 16 ਵਿੱਚੋਂ 11 ਨਮੂਨੇ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿੱਚ ਘਰਾਂ ਤੇ ਸਕੂਲਾਂ ਵਿੱਚ ਜਨਤਕ ਥਾਵਾਂ ’ਤੇ ਲਗਾਈਆਂ ਗਈਆਂ ਪਾਣੀ ਦੀਆਂ ਟੈਂਕੀਆਂ ਦੇ ਸੈਂਪਲ ਵੀ ਸ਼ਾਮਿਲ ਹਨ।
ਸੂਬੇ ਦੀ ਹੈਲਥ ਲੈਬ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ 11 ਸੈਂਪਲਾਂ ਵਿੱਚ ਬੈਕਟੀਰੀਆ ਦੀ ਗੰਦਗੀ ਪਾਈ ਗਈ ਹੈ। ਪਾਣੀ ਦੇ ਇਨ੍ਹਾਂ ਨਮੂਨਿਆਂ ਵਿੱਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲਿਆ ਪਾਇਆ ਗਿਆ ਹੈ। ਸੀਵਰੇਜ ਦੇ ਪਾਣੀ ਵਿੱਚ ਬੈਕਟੀਰੀਆ ਪਾਏ ਗਏ ਹਨ। ਸਿਹਤ ਵਿਭਾਗ ਨੇ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਦਾ ਸੈਂਪਲ ਵੀ ਭੇਜਿਆ ਸੀ, ਜਿਸ ਦਾ ਸੈਂਪਲ ਵੀ ਫੇਲ੍ਹ ਪਾਇਆ ਗਿਆ ਹੈ। ਇਸ ਤੋਂ ਇਲਾਵਾ ਕਾਲੀਆ ਕਲੋਨੀ ਦੇ ਇਲੀਟ ਟਾਵਰ ਦੀ ਵਾਟਰ ਸਪਲਾਈ ਵੀ ਦੂਸ਼ਿਤ ਹੈ। ਤੇਜ ਮੋਹਨ ਨਗਰ, ਜ਼ਿਲ੍ਹੇ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਪਾਏ ਗਏ ਹਨ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੋਨਾ ਚੱਕ ਗਾਖਲ, ਸਰਕਾਰੀ ਪ੍ਰਾਇਮਰੀ ਸਕੂਲ ਬਿਲਗਾ ਤਲਵਣ, ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਤਲਵਣ ਦੇ ਵੀ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਸਰਕਾਰੀ ਪ੍ਰਾਇਮਰੀ ਸਕੂਲ ਪੱਲੋਵਾਲ, ਸੀਨੀਅਰ ਸੈਕੰਡਰੀ ਸਕੂਲ ਸਫੀਪੁਰ, ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਿੱਲਾਂ, ਸਰਕਾਰੀ ਹਾਈ ਸਕੂਲ (ਲੜਕੀਆਂ) ਤਲਵਣ, ਸ਼ਿਵ ਕਿਰਨ ਪਬਲਿਕ ਸਕੂਲ ਤਲਵਣ ਦੇ ਲਏ ਗਏ ਪਾਣੀ ਦੇ ਨਮੂਨੇ ਸਹੀ ਪਾਏ ਗਏ ਹਨ।
ਸਟੇਟ ਹੈਲਥ ਲੈਬ ਨੇ ਹਦਾਇਤਾਂ ਦਿੱਤੀਆਂ ਹਨ ਕਿ ਜਿਨ੍ਹਾਂ ਥਾਵਾਂ ’ਤੇ ਪਾਣੀ ਦੇ ਨਮੂਨੇ ਫੇਲ੍ਹ ਪਾਏ ਗਏ ਹਨ, ਉਨ੍ਹਾਂ ਥਾਵਾਂ ’ਤੇ ਤੁਰੰਤ ਪ੍ਰਭਾਵ ਨਾਲ ਪੀਣ ਵਾਲੇ ਪਾਣੀ ਵਿੱਚ ਕਲੋਰੀਨ ਮਿਲਾਈ ਜਾਵੇ। ਇਸ ਤੋਂ ਬਾਅਦ ਦੁਬਾਰਾ ਅਜਿਹਾ ਨਾ ਕਰਨ ’ਤੇ ਪਾਣੀ ਦੇ ਨਮੂਨੇ ਲੈ ਕੇ ਦੁਬਾਰਾ ਲੈਬ ’ਚ ਜਾਂਚ ਲਈ ਭੇਜੇ ਜਾਣ, ਤਾਂ ਜੋ ਪਤਾ ਲੱਗ ਸਕੇ ਕਿ ਹੁਣ ਪਾਣੀ ਵਿੱਚ ਬੈਕਟੀਰੀਆ ਤਾਂ ਨਹੀਂ ਹੈ।