ਹਰਜੀਤ ਅਟਵਾਲ
ਲੰਡਨ ਦੀ ਵੱਖੀ ਵਿਚ ਹੀ ਈਸਾ ਯੁੱਗ ਦਾ ਇਕ ਪਿੰਡ ਵਸਦਾ ਹੈ ਤੇ ਘੁੱਗ ਵਸਦਾ ਹੈ। ਇਸ ਪਿੰਡ ਦਾ ਨਾਂ ਡੈਰਵਿਲ ਹੈ ਤੇ ਇਸ ਸਾਰੇ ਪਿੰਡ ਦਾ ਇਕੋ ਪੋਸਟ ਕੋਡ TN32 5DR ਹੈ। ਜੇ ਤੁਸੀਂ ਦੱਖਣੀ ਲੰਡਨ ਤੋਂ ਇੰਗਲੈਂਡ ਦੇ ਸਮੁੰਦਰੀ ਤੱਟ ਦੇ ਸ਼ਹਿਰ ਹੇਸਟਿੰਗ ਵੱਲ ਜਾਵੋ ਤਾਂ ਸੜਕ A21 ’ਤੇ ਜਾਣਾ ਹੁੰਦਾ ਹੈ। ਪੌਣਾ ਕੁ ਘੰਟਾ ਕਾਰ ਚਲਾਉਣ ਤੋਂ ਬਾਅਦ ਤੁਸੀਂ ਰੌਬਰਟਸਬ੍ਰਿਜ ਕਸਬੇ ਵਿਚ ਪੁੱਜ ਜਾਂਦੇ ਹੋ ਤੇ ਮੁੱਖ ਸੜਕ ਤੋਂ ਸੱਜੇ ਮੁੜਦਿਆਂ ਡੈਰਵਿਲ ਦੇ ਸਾਈਨ ਮਿਲ ਜਾਂਦੇ ਹਨ। ਕੁਝ ਮਿੰਟ ਕਾਰ ਚਲਾ ਕੇ ਤੁਸੀਂ ਡੈਰਵਿਲ ਪੁੱਜ ਜਾਂਦੇ ਹੋ, ਪਰ ਇੱਥੋਂ ਤੁਸੀਂ ਪਿੰਡ ਦੇ ਅੰਦਰ ਨਹੀਂ ਜਾ ਸਕਦੇ। ਇਸ ਪਿੰਡ ਦੇ ਅੰਦਰ ਜਾਣ ਲਈ ਤੁਹਾਨੂੰ ਅਗਾਓਂ ਇਜਾਜ਼ਤ ਲੈਣੀ ਪੈਂਦੀ ਹੈ ਜੋ ਔਨਲਾਈਨ ਮਿਲ ਜਾਂਦੀ ਹੈ।
ਡੈਰਵਿਲ ਈਸਾ ਦੇ ਵੇਲੇ ਦੀ ਤਹਿਜ਼ੀਬ ਦਾ ਪਿੰਡ ਹੈ। ਤੁਹਾਨੂੰ ਔਰਤਾਂ, ਬੱਚੇ, ਬੁੱਢੇ ਪੁਰਾਣੇ ਜ਼ਮਾਨੇ ਦੇ ਢਿੱਲੇ ਜਿਹੇ ਕੱਪੜੇ ਪਾਈ ਮਿਲਣਗੇ। ਇਹ ਲੋਕ ਫੈਸ਼ਨ ਤੋਂ ਸਦੀਆਂ ਦੂਰ ਹਨ। ਇਹ ਪਿੰਡ ਪਹਾੜੀਆਂ ਵਿਚ ਘਿਰਿਆ ਹੋਇਆ ਹੈ। ਜੰਗਲ, ਝਾੜੀਆਂ, ਦੂਰ ਤਕ ਫੈਲੇ ਖੇਤ ਤੇ ਖੇਤਾਂ ਵਿਚ ਚਰਦੀਆਂ ਗਾਵਾਂ ਤੇ ਭੇਡਾਂ ਤੁਹਾਨੂੰ ਪੁਰਾਣੇ ਜ਼ਮਾਨੇ ਵਿਚ ਲੈ ਜਾਣਗੇ। ਇਹ ਪਿੰਡ ਕੁਦਰਤ ਦੇ ਬਹੁਤ ਨੇੜੇ ਹੈ। ਇੱਥੇ ਨਾ ਟੈਲੀਵਿਜ਼ਨ ਹੈ ਤੇ ਨਾ ਹੀ ਇੰਟਰਨੈੱਟ ਜਾਂ ਵਾਈ-ਫਾਈ। ਇੱਥੇ ਰਹਿੰਦੇ ਲੋਕਾਂ ਦੀ ਨਾ ਕੋਈ ਜਾਇਦਾਦ ਹੈ, ਨਾ ਕੋਈ ਜਮ੍ਹਾਂ ਪੂੰਜੀ ਤੇ ਨਾ ਹੀ ਇਨ੍ਹਾਂ ਸਿਰ ਕੋਈ ਕਰਜ਼ਾ ਹੈ ਤੇ ਨਾ ਹੀ ਇਨ੍ਹਾਂ ਨੇ ਕੋਈ ਕਿਸ਼ਤ ਦੇਣੀ ਹੈ। ਜ਼ਿੰਦਗੀ ਦੀਆਂ ਸਾਰੀਆਂ ਉਲਝਣਾਂ ਤੋਂ ਦੂਰ ਇਹ ਲੋਕ ਬਹੁਤ ਹੀ ਆਰਾਮ ਨਾਲ ਵਸਦੇ ਹਨ। ਇਹ ਲੋਕ ਪੀੜ੍ਹੀ ਦਰ ਪੀੜ੍ਹੀ ਇੱਥੇ ਵਸਦੇ ਆ ਰਹੇ ਹਨ। ਇਹ ਸਾਂਝੇ ਘਰਾਂ ਵਿਚ ਰਹਿੰਦੇ ਹਨ। ਬਹੁਤੀ ਵਾਰ ਇਕ ਇਮਾਰਤ ਵਿਚ ਕਈ ਅਪਾਰਟਮੈਂਟ ਹੁੰਦੇ ਹਨ। ਕੋਈ ਕਿਰਾਇਆ ਨਹੀਂ ਤੇ ਕੋਈ ਬਿੱਲ ਨਹੀਂ। ਕੋਈ ਸਿਰਦਰਦੀ ਨਹੀਂ ਕੋਈ ਤਣਾਓ ਨਹੀਂ। ਇਨ੍ਹਾਂ ਦੀਆਂ ਸਾਂਝੀਆਂ ਰਸੋਈਆਂ ਹਨ। ਆਮ ਤੌਰ ’ਤੇ ਸਭ ਦਾ ਭੋਜਨ ਇਕੋ ਜਗ੍ਹਾ ਬਣਦਾ ਹੈ ਤੇ ਸਾਰਾ ਪਿੰਡ ਇਕੱਠਾ ਬਹਿ ਕੇ ਖਾਂਦਾ ਹੈ। ਇਕੱਠੇ ਹੋ ਕੇ ਦਿਨ-ਤਿਓਹਾਰ ਮਨਾਉਂਦੇ ਹਨ। ਇਨ੍ਹਾਂ ਨੂੰ ਕੋਈ ਵੀ ਚੀਜ਼ ਖ਼ਰੀਦਣ ਦੀ ਲੋੜ ਨਹੀਂ ਪੈਂਦੀ। ਪਿੰਡ ਦੀ ਕਮੇਟੀ ਹੀ ਇਨ੍ਹਾਂ ਦੀਆਂ ਲੋੜਾਂ ਦੀਆਂ ਚੀਜ਼ਾਂ ਖ਼ਰੀਦਦੀ ਹੈ। ਔਰਤਾਂ ਆਪਣੇ ਕੱਪੜੇ ਆਪ ਸਿਉਂਦੀਆਂ ਹਨ ਜਾਂ ਕਮੇਟੀ ਵਿਚ ਹੀ ਔਰਤਾਂ ਦੇ ਕੱਪੜੇ ਤਿਆਰ ਕੀਤੇ ਜਾਂਦੇ ਹਨ। ਇੱਥੇ ਦੇ ਮਰਦਾਂ ਦੇ ਬਹੁਤੇ ਕੱਪੜੇ ਵੀ ਆਪਣੇ ਨਹੀਂ ਹਨ ਜਿਵੇਂ ਜੈਕਟਾਂ, ਬਲੇਜ਼ਰ, ਕੋਟ, ਜੁੱਤੀਆਂ ਆਦਿ। ਇਹ ਲੋਕ ਕੱਪੜੇ ਤੇ ਜੁੱਤੀਆਂ ਲਾਹ ਕੇ ਇਕੋ ਜਗ੍ਹਾ ਰੱਖ ਦਿੰਦੇ ਹਨ, ਜਿਹੜਾ ਕਿਸੇ ਨੂੰ ਚੰਗਾ ਲੱਗੇ ਤੇ ਨਾਪ ਆ ਜਾਵੇ, ਪਾ ਸਕਦਾ ਹੈ। ਜੇ ਉਨ੍ਹਾਂ ਦੇ ਪਸੰਦ ਦੀ ਕੋਈ ਚੀਜ਼, ਕੱਪੜਾ ਨਹੀਂ ਹੈ ਤਾਂ ਉਹ ਕਮੇਟੀ ਕੋਲ ਆਪਣੀ ਲੋੜ ਲਿਖਵਾ ਸਕਦਾ ਹੈ ਤੇ ਜਲਦੀ ਹੀ ਉਹ ਚੀਜ਼ ਉਪਲੱਬਧ ਹੋ ਜਾਂਦੀ ਹੈ। ਇਨ੍ਹਾਂ ਦੇ ਬਹੁਤੇ ਕੱਪੜੇ ਇਕੋ ਲਾਂਡਰੀ ਵਿਚ ਧੋਤੇ ਜਾਂਦੇ ਹਨ। ਇਸ ਪਿੰਡ ਵਿਚ ਕਿੰਡਰ ਗਾਰਟਨ, ਨਰਸਰੀ, ਸਕੂਲ ਆਦਿ ਸਭ ਹਨ। ਸਕੂਲ ਪੱਧਰ ਦੀ ਪੜ੍ਹਾਈ ਇੱਥੇ ਕਰਾਈ ਜਾਂਦੀ ਹੈ ਤੇ ਅੱਗੇ ਜਿਸ ਬੱਚੇ ਨੇ ਪੜ੍ਹਨਾ ਹੋਵੇ, ਯੂਨੀਵਰਸਟੀ ਜਾਣਾ ਹੋਵੇ ਉਸ ਨੂੰ ਪੂਰੇ ਮੌਕੇ ਦਿੱਤੇ ਜਾਂਦੇ ਹਨ। ਇਸ ਪਿੰਡ ਵਿਚ ਬੱਚਿਆਂ, ਬੁੱਢਿਆਂ ਤੇ ਅਪਾਹਜਾਂ ਦੀ ਵਿਸ਼ੇਸ਼ ਸੰਭਾਲ ਕੀਤੀ ਜਾਂਦੀ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਇਸ ਪਿੰਡ ਦੇ ਲੋਕ ਵਿਹਲੇ ਹਨ। ਇਹ ਤਰ੍ਹਾਂ ਤਰ੍ਹਾਂ ਦੀਆਂ ਪਿੰਡ ਵਿਚ ਹੀ ਨੌਕਰੀਆਂ ਕਰਦੇ ਹਨ ਤੇ ਇਸ ਪਿੰਡ ਦੀ ਇਕ ਫੈਕਟਰੀ ਵੀ ਹੈ ਜਿਸ ਤੋਂ ਕਾਫ਼ੀ ਆਮਦਨ ਆਉਂਦੀ ਹੈ ਜੋ ਪਿੰਡ ਲਈ ਖ਼ਰਚੀ ਜਾਂਦੀ ਹੈ। ਹਾਂ, ਇਸ ਪਿੰਡ ਵਿਚ ਨੌਕਰੀ ਕਰਨ ਵਾਲੇ ਨੂੰ ਕੋਈ ਤਨਖਾਹ ਨਹੀਂ ਮਿਲਦੀ, ਜੇ ਵਾਧੂ ਖ਼ਰਚ ਦੀ ਲੋੜ ਹੋਵੇ ਤਾਂ ਥੋੜ੍ਹਾ ਬਹੁਤ ਬੋਨਸ ਮਿਲ ਜਾਂਦਾ ਹੈ। ਇਹ ਲੋਕ ਆਪਣੇ ਇਸ ਜੀਵਨ ਵਿਚ ਬਹੁਤ ਖ਼ੁਸ਼ ਹਨ, ਪਰ ਬਾਹਰ ਦੀ ਦੁਨੀਆਂ ਦੇ ਕਈ ਲੋਕ ਇਨ੍ਹਾਂ ਨੂੰ ਕਮ-ਅਕਲ ਵਾਲੇ ਕਹਿੰਦੇ ਹਨ ਜੋ ਇਨਸਾਨੀ ਤਰੱਕੀ ਦੀਆਂ ਨਿਆਮਤਾਂ ਤੋਂ ਮੁੱਖ ਮੋੜੀ ਬੈਠੇ ਹਨ ਕਿਉਂਕਿ ਇਨ੍ਹਾਂ ਦੇ ਬਹੁਤੇ ਬੱਚਿਆਂ ਨੂੰ ਆਈਪੈਡ ਜਾਂ ਮੋਬਾਈਲ ਫੋਨਾਂ ਬਾਰੇ ਕੁਝ ਨਹੀਂ ਪਤਾ।
ਇਹ ਸਾਰੇ ਲੋਕ ਇਕ ਵਿਸ਼ੇਸ਼ ਧਾਰਮਿਕ ਸਮੁਦਾਏ ਨਾਲ ਵਾਹ ਰੱਖਦੇ ਹਨ ਜਿਸ ਨੂੰ ਬਰੂਡਰਹੌਫ (Bruderhof) ਕਿਹਾ ਜਾਂਦਾ ਹੈ। ਇਹ ਜਰਮਨ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਭਰਾਵਾਂ ਦਾ ਇਕੱਠ ਜਾਂ ਭਰਾਤਰੀ ਪ੍ਰੇਮ। ਇਸ ਸਮੁਦਾਏ ਦਾ ਸਿੱਧਾ ਵਾਹ ਜੀਸਸ ਕ੍ਰਾਈਸਟ ਨਾਲ ਹੈ ਭਾਵ ਇਹ ਇਸਾਈ ਧਰਮ ਦਾ ਹੀ ਇਕ ਗੁਰੱਪ ਹੈ। ਇਹ ਹਰ ਵੇਲੇ ਜੀਸਸ ਕ੍ਰਾਈਸਟ ਦੀ ਮਹਿਮਾ ਵਿਚ ਗੀਤ ਗਾਉਂਦੇ ਰਹਿੰਦੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਆਹਿੰਸਾ, ਸ਼ਾਂਤੀ ਤੇ ਪ੍ਰੇਮ ਹੈ। ਇਸ ਪਿੰਡ ਵਿਚ ਕਦੇ ਕੋਈ ਜੁਰਮ ਸੁਣਨ-ਦੇਖਣ ਵਿਚ ਨਹੀਂ ਆਇਆ। ਬਰੂਡਰਹੌਫ ਧਾਰਮਿਕ ਗਰੁੱਪ ਸੌ ਸਾਲ ਪਹਿਲਾਂ ਹੋਂਦ ਵਿਚ ਆਇਆ ਸੀ, ਜਾਣੀ ਕਿ 1920 ਵਿਚ। ਇਨ੍ਹਾਂ ਦਾ ਭਰੋਸਾ ਹੈ ਕਿ ਜੀਸਸ ਦੇ ਦੱਸੇ ਰਾਹ ’ਤੇ ਚਲਦਿਆਂ ਹੀ ਮਨੁੱਖਤਾ ਦੀ ਸੇਵਾ ਕੀਤੀ ਜਾ ਸਕਦੀ ਹੈ। ਬਰੂਡਰਹੌਫ ਇਕ ਜਿਉਣ ਦਾ ਢੰਗ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਦਾ ਸੱਦਾ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਚਰਚਾਂ ਤੇ ਹੋਰ ਇਸਾਈ ਧਾਰਮਿਕ ਅਸਥਾਨਾਂ ਵਿਚ ਕੀਤੀ ਜਾਂਦੀ ਧਰਮ ਦੀ ਵਿਆਖਿਆ ਹੀ ਅਸਲੀ ਜੀਵਨ ਜਾਚ ਹੈ। ਇਹ ਚਰਚ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਮੰਨਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਜਿਉਣ ਢੰਗ ਅੱਜ ਦੇ ਸਮਾਜ ਦੀਆਂ ਮੁਸੀਬਤਾਂ, ਦੁੱਖ-ਤਕਲੀਫਾਂ ਦਾ ਜਵਾਬ ਹੈ, ਹੱਲ ਹੈ। ਅੱਜ ਦਾ ਸਮਾਜ ਪੈਸੇ, ਖੁਦਗਰਜ਼ੀ ਉੱਪਰ ਟਿਕਿਆ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਇਕੱਲਤਾ, ਤਣਾਓ ਤੇ ਨਾਬਰਾਬਰਤਾ ਫੈਲੀ ਹੋਈ ਹੈ।
ਇਨ੍ਹਾਂ ਦਾ ਯਕੀਨ ਹੈ ਕਿ ਬਰੂਡਰਹੌਫ ਕਮਿਊਨਿਟੀ ਵਿਚ ਰਹਿੰਦਿਆਂ ਤੁਸੀਂ ਜੀਸਸ ਦੇ ਪਿਆਰ ਨੂੰ ਸਿੱਧਾ ਅਨੁਭਵ ਕਰ ਸਕਦੇ ਹੋ। ਜੀਸਸ ਹੀ ਹੈ ਜੋ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ, ਲੋਕਾਂ ਨੂੰ ਭੈਣਾਂ-ਭਰਾਵਾਂ ਵਾਂਗ ਰਹਿਣਾ ਸਿਖਾਉਂਦਾ ਹੈ। ਬਰੂਡਰਹੌਫ ਅਹਿੰਸਾ, ਅਮਨ ਤੇ ਲੋਕ-ਭਲਾਈ ’ਤੇ ਖੜ੍ਹੀ ਸੁਸਾਇਟੀ ਹੈ। ਕਾਨੂੰਨੀ ਤੌਰ ’ਤੇ ਅਮਰੀਕਾ ਦੀ ‘ਚਰਚ ਕਮਿਊਨਿਟੀ’ਜ਼ ਇੰਟਰਨੈਸ਼ਨਲ’ ਨਾਲ ਜੁੜੀ ਹੋਈ ਹੈ। ਇਹ ਗਰੁੱਪ ਜਾਂ ਸੁਸਾਇਟੀ ਦੁਨੀਆਂ ਭਰ ਵਿਚ ਫੈਲੀ ਹੋਈ ਹੈ। ਇਸ ਦੀਆਂ ਤੇਈ ਸ਼ਾਖਾਵਾਂ ਹਨ। ਡੈਰਵਿਲ ਵਾਲੇ ਪਿੰਡ ਵਿਚ ਪੰਜਾਹ ਤੋਂ ਸੱਠ ਪਰਿਵਾਰ ਰਹਿ ਰਹੇ ਹਨ। ਲੋਕ ਆਉਂਦੇ ਜਾਂਦੇ ਰਹਿੰਦੇ ਹਨ, ਕਈ ਮੈਂਬਰ ਛੱਡ ਵੀ ਜਾਂਦੇ ਹਨ ਤੇ ਨਵੇਂ ਵੀ ਭਰਤੀ ਹੁੰਦੇ ਰਹਿੰਦੇ ਹਨ। ਆਪਸ ਵਿਚ ਥਾਵਾਂ ਵੀ ਬਦਲਦੇ ਰਹਿੰਦੇ ਹਨ ਜਿਵੇਂ ਅਮਰੀਕਾ ਦੇ ਕੁਝ ਲੋਕ ਤਜਰਬੇ ਵਜੋਂ ਇੰਗਲੈਂਡ ਆ ਜਾਣਗੇ ਤੇ ਇੱਥੋਂ ਦੇ ਉੱਥੇ ਜਾ ਵਸਣਗੇ। ਇੱਥੇ ਜੰਮੇ ਬੱਚਿਆਂ ਨੂੰ ਇਸ ਸੁਸਾਇਟੀ ਦੇ ਉਦੋਂ ਤਕ ਮੈਂਬਰ ਨਹੀਂ ਬਣਾਇਆ ਜਾਂਦਾ ਜਦੋਂ ਤਕ ਉਹ ਇੱਕੀ ਸਾਲ ਦੇ ਨਾ ਹੋ ਜਾਣ। ਵੱਡੇ ਹੋਣ ’ਤੇ ਇੱਥੋਂ ਦੇ ਬੱਚਿਆਂ ਨੂੰ ਅਨੁਭਵ ਵਜੋਂ ਸਮਾਜ ਦੀ ਮੁੱਖ ਧਾਰਾ ਵਿਚ ਭੇਜਿਆ ਜਾਂਦਾ ਹੈ। ਇੱਥੇ ਜੰਮੇ-ਪਲੇ ਬੱਚਿਆਂ ਲਈ ਮੁੱਖ ਧਾਰਾ ਬਹੁਤ ਓਪਰੀ ਹੁੰਦੀ ਹੈ। ਲੰਡਨ ਦੇ ਪੈਖਮ ਦੇ ਇਲਾਕੇ ਵਿਚ ਬਰੂਡਰਹੌਫ ਦੀ ਇਕ ਵਿਸ਼ੇਸ਼ ਸ਼ਾਖਾ ਹੈ ਜਿੱਥੇ ਇਨ੍ਹਾਂ ਨੂੰ ਰੱਖ ਕੇ ਨਵੀਂ ਦੁਨੀਆਂ ਲਈ ਤਿਆਰ ਕੀਤਾ ਜਾਂਦਾ ਹੈ। ਕਈ ਬਾਹਰਲੀ ਚਕਾਚੌਂਧ ਦੇ ਅਸਰ ਹੇਠ ਆ ਕੇ ਇਸ ਪਿੰਡ ਜਾਂ ਸੁਸਾਇਟੀ ਨੂੰ ਅਲਵਿਦਾ ਵੀ ਕਹਿ ਜਾਂਦੇ ਹਨ, ਪਰ ਬਹੁਤੇ ਵਾਪਸ ਮੁੜ ਆਉਂਦੇ ਹਨ। ਇਨ੍ਹਾਂ ਵਿਚੋਂ ਬਹੁਤੇ ਬਾਹਰਲੀ ਦੁਨੀਆਂ ਦੇ ਮੇਚ ਦੇ ਨਹੀਂ ਹੋ ਸਕਦੇ ਤੇ ਵਾਪਸ ਆ ਜਾਂਦੇ ਹਨ।
ਅਮਰੀਕਾ ਵਿਚ ਵੀ ਅਜਿਹਾ ਹੀ ਇਕ ਕਲਟ ਹੈ ਜਿਸ ਨੂੰ ਅਮੀਸ਼ ਕਹਿੰਦੇ ਹਨ, ਪਰ ਬਰੂਡਰਹੌਫ ਨੂੰ ਕਲਟ ਨਹੀਂ ਕਿਹਾ ਜਾ ਸਕਦਾ। ਕਲਟ ਦੇ ਲੋਕਾਂ ਨੂੰ ਆਪਣੇ ਕੱਟੜ ਧਾਰਮਿਕ ਗਰੁੱਪ ਨੂੰ ਛੱਡਣ ਦੀ ਇਜਾਜ਼ਤ ਨਹੀਂ ਹੁੰਦੀ, ਪਰ ਬਰੂਡਰਹੌਫ ਵਾਲੇ ਜਦੋਂ ਚਾਹੁਣ ਇਸ ਨੂੰ ਛੱਡ ਕੇ ਜਾ ਸਕਦੇ ਹਨ। ਅਮੀਸ਼ ਨਾਲੋਂ ਇਕ ਗੱਲ ਹੋਰ ਬਰੂਡਰਹੌਫ ਦੀ ਵੱਖਰੀ ਹੈ ਕਿ ਅਮੀਸ਼ ਨੇ ਬਾਹਰਲੀ ਦੁਨੀਆਂ ਨਾਲੋਂ ਬਿਲਕੁਲ ਹੀ ਨਾਤਾ ਤੋੜਿਆ ਹੋਇਆ ਹੈ, ਮਾਡਰਨ ਜ਼ਿੰਦਗੀ ਲਈ ਬਿਲਕੁਲ ਦਰਵਾਜ਼ੇ ਬੰਦ ਕਰ ਰੱਖੇ ਹਨ, ਪਰ ਬਰੂਡਰਹੌਫ ਵਾਲੇ ਇਸ ਤੋਂ ਉਲਟ ਹਨ, ਇਨ੍ਹਾਂ ਕੋਲ ਕਾਰਾਂ ਹਨ, ਇਹ ਮਾਡਰਨ ਤਰੀਕੇ ਨਾਲ ਕਾਰੋਬਾਰ ਵੀ ਕਰਦੇ ਹਨ। ਕਮਿਊਨਿਟੀ ਤੋਂ ਬਾਹਰ ਜਾ ਕੇ ਫੈਕਟਰੀਆਂ ਵੀ ਚਲਾਉਂਦੇ ਹਨ। ਭਾਵੇਂ ਇਹ ਲੋਕ ਨਵੀਂ ਤਕਨਾਲੋਜੀ ਤੋਂ ਦੂਰ ਰਹਿੰਦੇ ਹਨ, ਪਰ ਆਪਣੇ ਗਰੁੱਪ ਦੀ ਜਾਣਕਾਰੀ ਦੇਣ ਲਈ ਸਭ ਤੋਂ ਪਹਿਲਾਂ ਇਨ੍ਹਾਂ ਨੇ ਹੀ ਆਪਣੇ ਨਾਂ ਦਾ ਡੁਮੇਨ ਰਜਿਸਟਰ ਕਰਾਇਆ ਸੀ। ਇਨ੍ਹਾਂ ਦਾ ਵੈੱਬਸਾਈਟ ਪਤਾ bruderhof.com ਹੈ ਜੋ 1996 ਤੋਂ ਚਲਦੀ ਆ ਰਹੀ ਹੈ। ਆਪਣੇ ਬਾਰੇ ਜਾਣਕਾਰੀ ਦੇਣ ਬਾਰੇ ਇਨ੍ਹਾਂ ਨੇ ਈਬੁੱਕਸ ਵੀ ਸ਼ੁਰੂ ਕੀਤੀਆਂ ਸਨ। ਅੱਜਕੱਲ੍ਹ ਇਨ੍ਹਾਂ ਦੀ ਇਕ ਹੋਰ ਵੈੱਬਸਾਈਟ ਵੀ ਹੈ ਜਿਸ ਦਾ ਪਤਾ plough.com ਹੈ। ਇਸ ਦੇ ਕੁਝ ਮੈਂਬਰਾਂ ਦੇ ਵੀਡੀਓ ਬਲੌਗ ਵੀ ਹਨ।
ਬਰੂਡਰਹੌਫ ਸੁਸਾਇਟੀ ਦਾ ਇਹ ਪਿੰਡ ਡੈਰਵਿਲ ਦੁਨੀਆਂ ਲਈ ਬੁਝਾਰਤ ਬਣਿਆ ਰਿਹਾ ਹੈ। ਇੱਥੇ ਜਾਣ ਲਈ ਪਹਿਲਾਂ ਤੁਹਾਨੂੰ ਲਿਖਤੀ ਇਜਾਜ਼ਤ ਲੈਣੀ ਪੈਂਦੀ ਹੈ। ਇੰਟਰਨੈੱਟ ’ਤੇ ਹੀ ਤੁਸੀਂ ਇੱਥੇ ਜਾਣ ਲਈ ਅਰਜ਼ੀ ਦਿੰਦੇ ਹੋ ਤੇ ਇਨ੍ਹਾਂ ਦੀ ਕਮੇਟੀ ਵੱਲੋਂ ਆਗਿਆ ਦਿੱਤੀ ਜਾਂਦੀ ਹੈ। ਪਰ ਹੁਣ ਇਨ੍ਹਾਂ ਨੇ ਬਾਹਰਲੀ ਦੁਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪਿੱਛੇ ਜਿਹੇ ਬੀਬੀਸੀ ਵਾਲੇ ਇੱਥੇ ਜਾ ਕੇ ਫ਼ਿਲਮ ਬਣਾ ਕੇ ਲਿਆਏ ਹਨ ਜਿਸ ਨੂੰ ਟੈਲੀਵਿਜ਼ਨ ਉੱਪਰ ਦਿਖਾਇਆ ਗਿਆ ਸੀ। ਇਹ ਯੂ-ਟਿਊਬ ’ਤੇ ਵੀ ਦੇਖੀ ਜਾ ਸਕਦੀ ਹੈ। ਉਹ ਫ਼ਿਲਮ ਦੇਖ ਕੇ ਵੀ ਇਹੋ ਪ੍ਰਭਾਵ ਬਣਦਾ ਹੈ ਕਿ ਇਹ ਅਦਭੁਤ ਲੋਕ ਹਨ। ਇਨ੍ਹਾਂ ਦੇ ਜਿਉਣ ਢੰਗ ਦੀ ਪ੍ਰਸੰਸਾ ਕਰਨੀ ਬਣਦੀ ਹੈ।