ਹਰਜੀਤ ਅਟਵਾਲ
ਲੰਡਨ-ਆਈ ਲੰਡਨ ਦੇ ਐਨ ਵਿਚਕਾਰ ਹਜ਼ਾਰਵੇਂ ਸਾਲ ਭਾਵ ਮਿਲੇਨੀਅਮ-ਯੀਅਰ ਦੇ ਜਸ਼ਨ ਵਿੱਚ ਬਣਾਇਆ ਸਤੰਭ ਜਾਂ ਸਮਾਰਕ ਹੈ। ਇਸ ਲਈ ਇਸ ਨੂੰ ਮਿਲੇਨੀਅਮ ਵ੍ਹੀਲ ਵੀ ਕਿਹਾ ਜਾਂਦਾ ਹੈ। ਇਹ ਇੱਕ ਫੈਰਿਸ ਹੈ ਜਿਸ ਨੂੰ ਅਸੀਂ ਚੰਡੋਲ ਵੀ ਕਹਿੰਦੇ ਹਾਂ, ਜਿਸ ’ਤੇ ਬਹਿਕੇ ਬੱਚੇ ਮੇਲਿਆਂ ’ਤੇ ਝੂਟੇ ਲੈਂਦੇ ਹਨ। ਝੂਲੇ ਥੋੜ੍ਹੇ ਛੋਟੇ ਹੁੰਦੇ ਹਨ, ਪਰ ਲੰਡਨ ਆਈ ਬਹੁਤ ਵੱਡਾ ਹੈ। ਇਸ ਦਾ ਵਿਆਸ ਇੱਕ ਸੌ ਵੀਹ ਮੀਟਰ ਹੈ। ਇਸ ਦੀ ਕੁੱਲ ਉੱਚਾਈ 135 ਮੀਟਰ ਹੈ। ਇਹ 2000 ਵਿੱਚ ਜਦੋਂ ਬਣਿਆ ਤਾਂ ਦੁਨੀਆ ਦਾ ਸਭ ਤੋਂ ਉੱਚਾ ਵ੍ਹੀਲ ਸੀ, ਪਰ ਹੁਣ ਹੋਰ ਕਈ ਬਣ ਗਏ ਤੇ ਇਸ ਨੂੰ ਪਿੱਛੇ ਛੱਡ ਗਏ। ਹੁਣ ਵੇਗਸ ਵਾਲੇ ਹਾਈ-ਰੋਲਰ ਦੀ ਝੰਡੀ ਹੈ ਜੋ 167 ਮੀਟਰ ਉੱਚਾ ਵ੍ਹੀਲ ਹੈ। ਹਾਲੇ ਵੀ ਇਹ ਯੂਰੋਪ ਦਾ ਸਭ ਤੋਂ ਉੱਚਾ ਚੱਕਰ ਹੈ, ਪਰ ਰਿਜਡ ਸਟਰਕਚਰ ਵਾਲਾ ਹਾਲੇ ਵੀ ਦੁਨੀਆ ਵਿੱਚ ਸਭ ਤੋਂ ਉੱਚਾ ਇਹੀ ਹੈ। ਕਦੇ ਲੰਡਨ ਵਿੱਚ ਵੀ ਇਹ ਸਭ ਤੋਂ ਉੱਚਾ ਸੀ, ਪਰ ਹੁਣ ਲੰਡਨ ਦੀ ਸਭ ਤੋਂ ਉੱਚੀ 72 ਮੰਜ਼ਲੀ ਇਮਾਰਤ ‘ਸ਼ਾਰਡ’ ਹੈ ਜਿਸ ਦੀ ਉਚਾਈ 245 ਮੀਟਰ ਹੈ। ਪਿਛਲੇ ਸਾਲ ਵੀਹ ਮਾਰਚ ਨੂੰ ਇਸ ਦਾ ਜਨਮ-ਦਿਨ ਮਨਾਇਆ ਗਿਆ ਸੀ। ਉਸ ਦਿਨ ਇੱਥੇ ਵਾਹਵਾ ਰੌਣਕਾਂ ਸਨ ਜਿਵੇਂ ਜਨਮ-ਦਿਨਾਂ ’ਤੇ ਹੁੰਦੀਆਂ ਹੀ ਹਨ।
ਬਹੁਤ ਸਾਰੇ ਸਿਆਣਿਆਂ ਦਾ ਕਹਿਣਾ ਹੈ ਕਿ ਜੋ ਆਈਫਲ ਟਾਵਰ ਨੇ ਪੈਰਿਸ ਲਈ ਕੀਤਾ ਹੈ ਜਾਂ ਜੋ ਆਈਫਲ ਟਾਵਰ ਦੀ ਪੈਰਿਸ ਵਿੱਚ ਜਗ੍ਹਾ ਹੈ, ਉਹੀ ਲੰਡਨ-ਆਈ ਦੀ ਲੰਡਨ ਵਿੱਚ ਹੈ। ਮੈਂ ਆਈਫਲ-ਟਾਵਰ ਵੀ ਕਈ ਵਾਰ ਦੇਖਿਆ ਹੈ ਤੇ ਲੰਡਨ-ਆਈ ਤਾਂ ਸਾਲ ਵਿੱਚ ਦੋ ਤਿੰਨ ਵਾਰ ਵੀ ਦੇਖਣ ਜਾ ਹੋ ਜਾਂਦਾ ਹੈ। ਮੇਰੇ ਹਿਸਾਬ ਨਾਲ ਆਈਫਲ ਟਾਵਰ ਦੀ ਆਪਣੀ ਮਹੱਤਤਾ ਹੈ। ਅੱਜ ਟੈਕਨੋਲੌਜੀ ਬਹੁਤ ਤਰੱਕੀ ਕਰ ਚੁੱਕੀ ਹੈ, ਉਨੀਵੀਂ ਸਦੀ ਵਿੱਚ ਆਈਫਲ-ਟਾਵਰ ਖੜ੍ਹਾ ਕਰਨਾ ਇੱਕ ਅਜੂਬਾ ਬਣਾਉਣ ਵਾਂਗ ਸੀ। ਮੇਰੇ ਲਈ ਲੰਡਨ-ਆਈ ਸ਼ਾਇਦ ਬਹੁਤ ਸਾਰੇ ਲੋਕਾਂ ਤੋਂ ਕੁਝ ਅਲੱਗ ਹੈ। ਮੈਂ ਲੰਡਨ-ਆਈ ਜਾਂ ਮਿਲੇਨੀਅਮ-ਵ੍ਹੀਲ ਨੂੰ ਬਣਾਉਣ ਦੀਆਂ ਸਕੀਮਾਂ ਤੋਂ ਲੈ ਕੇ ਇਸ ਦੇ ਖੰਭੇ ਜਾਂ ਪਿਲਰ ਨੂੰ ਖੜ੍ਹਾ ਕਰਦੇ ਜਾਂ ਕਿਸੇ ਪਿੰਡ ਦੀ ਮੋਹੜੀ ਗੱਡਦੇ ਵਾਂਗ ਦੇਖਿਆ ਹੈ। ਫਿਰ ਇਸ ਦੇ ਵ੍ਹੀਲ ਦੇ ਦਰਿਆ-ਥੇਮਜ਼ ਵਿੱਚ ਪਏ ਹੋਣ ਤੋਂ ਲੈ ਕੇ ਇਸ ਦੇ ਇੱਕ ਇੱਕ ਕਰਕੇ ਸਵਾਰੀਆਂ ਵਾਲੀਆਂ ਕੈਬਨਾਂ ਜਿਨ੍ਹਾਂ ਨੂੰ ਕੈਪਸੂਲ ਕਹਿੰਦੇ ਹਨ, ਲੱਗਦੇ ਦੇਖੇ ਹਨ। ਇਹਦੇ ਬਾਰੇ ਹਰ ਰੋਜ਼ ਅਖ਼ਬਾਰਾਂ ਵਿੱਚ ਆਉਂਦਾ ਸੀ ਜੋ ਮੈਂ ਪੜ੍ਹਦਾ ਸਾਂ। ਉਨ੍ਹਾਂ ਦਿਨਾਂ ਵਿੱਚ ਮੇਰਾ ਕੰਮ ਕੇਂਦਰੀ ਲੰਡਨ ਵਿੱਚ ਹੀ ਸੀ, ਮੈਂ ਦਰਿਆ ਦੇ ਉੱਤਰੀ ਤੇ ਦੱਖਣੀ ਕੰਢੇ ਵੈਨ ਦੁੜਾਉਂਦਾ ਫਿਰਿਆ ਕਰਦਾ ਸਾਂ। ਇਸ ਸਮਾਰਕ ਨੂੰ ਬਣਦੇ ਤੇ ਖੜ੍ਹੇ ਹੁੰਦੇ ਦੇਖਿਆ ਹੈ। ਇਸ ਦਾ ਇੱਕ ਇੱਕ ਕੈਪਸੂਲ ਲੱਗਦੇ ਦੇਖਿਆ ਹੈ। ਜਨਤਾ ਲਈ ਖੁੱਲ੍ਹਣ ਦੀਆਂ ਤਰੀਕਾਂ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਹੈ।
ਲੰਡਨ-ਆਈ ਬਾਰੇ ਮੈਂ ਅਕਸਰ ਪੜ੍ਹਦਾ ਹਾਂ, ਇਸ ਦੇ ਨਕਸ਼ੇ ਵੀ ਦੇਖਦਾ ਹਾਂ। ਫਿਰ ਜਦੋਂ ਸਾਈਕਲ ਦੇ ਪਹੀਏ ਵਰਗਾ ਚੱਕਰ ਦਰਿਆ ਥੇਮਜ਼ ਉੱਪਰ ਲਿਆ ਕੇ ਜੋੜਿਆ ਜਾਣ ਲੱਗਾ ਤਾਂ ਉਤਸੁਕਤਾ ਹੋਰ ਵੀ ਵਧਣ ਲੱਗੀ। ਇਹ ਮਿਲੇਨੀਅਮ-ਡੇ ਭਾਵ 1999 ਦੇ ਖ਼ਤਮ ਹੋਣ ’ਤੇ ਅਤੇ 2000 ਸ਼ੁਰੂ ਹੋਣ ਵੇਲੇ ਆਮ ਲੋਕਾਂ ਲਈ ਖੁੱਲ੍ਹਣਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋਣੇ ਸਨ। ਮੈਂ ਵੀ ਬੱਚਿਆਂ ਨੂੰ ਲੈ ਕੇ ਜਾਣ ਦੀ ਤਿਆਰੀ ਕਰਨ ਲੱਗਾ। ਭਾਵੇਂ ਮੇਰੇ ਬੱਚੇ ਉਦੋਂ ਬਹੁਤ ਛੋਟੇ ਸਨ, ਪਰ ਮੈਨੂੰ ਪਤਾ ਸੀ ਕਿ ਸਮਾਂ ਪਾ ਕੇ ਉਨ੍ਹਾਂ ਦੀ ਇਤਿਹਾਸ ਦਾ ਹਿੱਸਾ ਬਣਨ ਦੀ ਅਹਿਮੀਅਤ ਦਾ ਪਤਾ ਲੱਗੇਗਾ। ਫਿਰ ਪਤਾ ਚੱਲਿਆ ਕਿ ਵੈਸੇ ਤਾਂ ਇਹ ਤਿਆਰ ਹੈ, ਪਰ ਲੋਕਾਂ ਲਈ ਹਾਲੇ ਨਹੀਂ ਖੋਲ੍ਹਿਆ ਜਾਣਾ। ਸ਼ਾਇਦ ਫਾਇਰ-ਬ੍ਰਿਗੇਡ ਵਾਲਿਆਂ ਰੌਲਾ ਪਾ ਲਿਆ ਸੀ ਕਿ ਏਨੇ ਉੱਚੇ ਵ੍ਹੀਲ ’ਤੇ ਜੇ ਅੱਗ ਲੱਗ ਗਈ ਤਾਂ ਉਨ੍ਹਾਂ ਕੋਲ ਅੱਗ ਬੁਝਾਉਣ ਦੇ ਸਾਧਨ ਨਹੀਂ ਹਨ। ਲੇਟ ਹੋਣ ਦੇ ਕੁਝ ਹੋਰ ਵੀ ਕਾਰਨ ਹੋਣਗੇ। ਮਿੱਥੇ ਦਿਨ ਇਸ ਨੂੰ ਖਾਸ-ਖਾਸ ਲੋਕਾਂ ਲਈ ਹੀ ਖੋਲ੍ਹਿਆ ਜਾਣਾ ਸੀ। ਮੈਂ ਵੈਸੇ ਹੀ ਬੱਚਿਆਂ ਨੂੰ ਲੈ ਕੇ ਜਾਣ ਦਾ ਮਨ ਬਣਾ ਲਿਆ ਕਿ ਇਸ ਵਿੱਚ ਜੇ ਚੜ੍ਹਾਂਗੇ ਨਹੀਂ ਤਾਂ ਇਸ ਨੂੰ ਚੱਲਦੇ ਨੂੰ ਤਾਂ ਦੇਖਾਂਗੇ ਹੀ। 9 ਮਾਰਚ 2000 ਨੂੰ ਮਿਲੇਨੀਅਮ-ਵ੍ਹੀਲ ਪਬਲਿਕ ਲਈ ਖੁੱਲ੍ਹ ਗਿਆ। ਮੈਂ ਪਤਨੀ ਤੇ ਬੱਚਿਆਂ ਨੂੰ ਲੈ ਕੇ ਟਿਕਟ ਲੈਣ ਲਈ ਲਾਈਨ ਵਿੱਚ ਹਾਜ਼ਰ ਸਾਂ।
ਬਹਰਹਾਲ ਲੰਡਨ ਆਈ ਉੱਪਰ ਚੜ੍ਹਕੇ ਤੁਹਾਨੂੰ ਲੰਡਨ ਦੀਆਂ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਦੇ ਦੂਰੋਂ ਦਰਸ਼ਨ ਹੋ ਜਾਂਦੇ ਹਨ। ਇਸ ਦੇ ਐਨ ਧੁਰ ਜਾ ਕੇ ਤੁਸੀਂ ਜਿੱਥੋਂ ਤੱਕ ਨੰਗੀ ਅੱਖ ਦੇਖ ਸਕਦੀ ਹੈ, ਦੇਖ ਸਕਦੇ ਹੋ, ਖਾਸ ਕਰਕੇ ਧੁਪੀਲੇ ਦਿਨੀਂ। ਰਾਤ ਨੂੰ ਇਸ ਦਾ ਝੂਟਾ ਲੈਣ ਦਾ ਆਪਣਾ ਹੀ ਆਨੰਦ ਹੈ। ਲੰਡਨ ਦੀਵਾਲੀ ਵਾਂਗ ਜਗ-ਮਗ ਕਰਦਾ ਦਿੱਸਦਾ ਹੈ। ਇਸ ਦਾ ਇੱਕ ਝੂਟਾ ਤੀਹ ਮਿੰਟ ਦਾ ਹੈ। ਇਹ ਚੱਕਰ ਇੱਕ ਸਾਹੇ ਨਹੀਂ ਚੱਲਦੇ, ਸਗੋਂ ਹੁਝਕਿਆਂ ਵਿੱਚ ਤੁਰਦਾ ਹੈ। ਇੱਕ ਹੁਝਕਾ ਇੱਕ ਸੈਕਿੰਡ ਦਾ ਹੁੰਦਾ ਹੈ ਜਿਸ ਵਿੱਚ ਇਹ ਦਸ ਇੰਚ ਅੱਗੇ ਤੁਰਦਾ ਹੈ, ਲੋਕ ਇਵੇਂ ਹੀ ਕਾਹਲੀ-ਕਾਹਲੀ ਉਤਰਦੇ ਚੜ੍ਹਦੇ ਹਨ। ਪਰ ਬੁੱਢਿਆਂ, ਬੱਚਿਆਂ ਜਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਇਸ ਨੂੰ ਚੰਗੀ ਤਰ੍ਹਾਂ ਰੋਕ ਵੀ ਲੈਂਦੇ ਹਨ।
ਪਹਿਲਾਂ ਸਾਈਕਲ ਦੇ ਪਹੀਏ ਨੁਮਾ ਇਸ ਚੱਕਰ ਨੂੰ ਦਰਿਆ ਵਿੱਚ ਹੀ ਜੋੜਿਆ ਗਿਆ ਸੀ। ਸਾਈਕਲ ਦੇ ਰਿਮ ਦੀਆਂ ਤਾਰਾਂ ਵਾਂਗ ਹੀ ਇਸ ਵਿੱਚ ਸਖ਼ਤ ਮੋਟੀਆਂ ਕੇਬਲ ਲਾਈਆਂ ਗਈਆਂ ਹਨ। ਫਿਰ ਇਸ ਨੂੰ ਖੰਭੇ ਨਾਲ ਜੋੜ ਕੇ ਬਹੁਤ ਹੀ ਹੌਲੀ ਹੌਲੀ ਉੱਪਰ ਚੁੱਕਿਆ ਗਿਆ। ਇੱਕ ਘੰਟੇ ਵਿੱਚ ਇਸ ਦੀ ਉਚਾਈ ਦੋ ਡਿਗਰੀ ਉੱਪਰ ਕੀਤੀ ਜਾਂਦੀ ਸੀ। 65 ਡਿਗਰੀ ’ਤੇ ਜਾ ਕੇ ਹਫ਼ਤੇ ਲਈ ਰੋਕ ਦਿੱਤਾ ਗਿਆ ਸੀ। ਜਾਣੀ ਕਿ ਇਸ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਉਸ ਵੇਲੇ ਇਹ ਵੀ ਕਿਹਾ ਗਿਆ ਸੀ ਕਿ ਲੰਡਨ ਆਈ ਆਰਜ਼ੀ ਤੌਰ ’ਤੇ ਹੀ ਬਣਾਈ ਗਈ ਹੈ। ਛੇਤੀ ਹੀ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ ਕਿਉਂਕਿ ਇਹ ਅਜਿਹੀ ਕਾਰੀਗਰੀ ਹੈ ਕਿ ਇਸ ਨੂੰ ਕਦੇ ਵੀ ਖੋਲ੍ਹਿਆ-ਜੋੜਿਆ ਜਾ ਸਕਦਾ ਹੈ। ਹੋਰ ਬਹੁਤ ਸਾਰੇ ਲੋਕਾਂ ਵਾਂਗ ਮੈਂ ਵੀ ਸੋਚ ਰਿਹਾ ਸਾਂ ਕਿ ਜੇ ਖੋਲ੍ਹਣਾ ਹੀ ਹੈ ਤਾਂ ਏਨੀ ਮਿਹਨਤ ਕਰਨ ਦਾ ਕੀ ਫਾਇਦਾ। ਅਸਲ ਵਿੱਚ ਇਸ ਜਗ੍ਹਾ ਦੀ ਲੀਜ਼ ਪੰਜ ਸਾਲ ਦੀ ਸੀ, ਪਰ ਇਸ ਦੀ ਹਰਮਨ-ਪਿਆਰਤਾ ਨੂੰ ਦੇਖਦਿਆਂ ਇਸ ਦੇ ਸੰਚਾਲਕਾਂ ਨੇ ਛੇਤੀ ਹੀ ਇਸ ਦੀ ਲੀਜ਼ ਵਧਾ ਲਈ।
ਇਸ ਦੇ 32 ਕੈਪਸੂਲ ਹਨ, ਭਾਵ ਕਿ ਸਵਾਰੀਆਂ ਵਾਲੀਆਂ ਕੈਬਨਾਂ। ਲੰਡਨ ਦੀਆਂ 32 ਹੀ ਬੌਰੋ ਹਨ ਤੇ ਹਰ ਕੈਪਸੂਲ ਇੱਕ ਇੱਕ ਬੌਰੋ ਦੀ ਪ੍ਰਤੀਨਿਧਤਾ ਕਰਦਾ ਹੈ। ਕੈਪਸੂਲ 32 ਹਨ, ਪਰ ਇਨ੍ਹਾਂ ਦੀ ਗਿਣਤੀ 33 ਹੈ। ਉਹੀ ਨੰਬਰ ਤੇਰਾਂ ਦਾ ਅੰਧਵਿਸ਼ਵਾਸ। ਚੰਡੀਗੜ੍ਹ ਵਿੱਚ ਵੀ ਤੇਰਾਂ ਨੰਬਰ ਸੈਕਟਰ ਨਹੀਂ ਹੈ। ਲੰਡਨ ਦੀ ਸਭ ਤੋਂ ਖਾਸ ਦੇਖਣ ਵਾਲੀ ਜਗ੍ਹਾ ਅੰਧਵਿਸ਼ਵਾਸ ਵਿੱਚ ਗ੍ਰਸੀ ਹੋਈ ਹੈ। 2013 ਵਿੱਚ ਇੱਕ ਕੈਪਸੂਲ ਨੂੰ ਕੌਰਨੇਸ਼ਨ ਕਿਹਾ ਜਾਣ ਲੱਗਾ ਕਿਉਂਕਿ ਯੂਕੇ ਦੀ ਰਾਣੀ ਨੂੰ ਰਾਜ ਕਰਦਿਆਂ ਸੱਠ ਸਾਲ ਹੋ ਗਏ ਸਨ। ਇਹ ਕੈਪਸੂਲ ਅੰਡਆਕਾਰੀ ਹਨ। ਇੱਕ ਕੈਪਸੂਲ ਵਿੱਚ ਪੱਚੀ ਬੰਦੇ ਸਮਾ ਸਕਦੇ ਹਨ, ਉਨ੍ਹਾਂ ਦੇ ਬੈਠਣ ਲਈ ਸੀਟਾਂ ਵੀ ਹਨ, ਪਰ ਬਹੁਤੇ ਲੋਕ ਖੜ੍ਹੇ ਹੋ ਕੇ ਆਲੇ ਦੁਆਲੇ ਦਾ ਨਜ਼ਾਰਾ ਦੇਖ ਕੇ ਹੀ ਖੁਸ਼ ਰਹਿੰਦੇ ਹਨ। ਜਿਵੇਂ ਜਿਵੇਂ ਤੁਹਾਡੇ ਵਾਲਾ ਕੈਪਸੂਲ ਉੱਪਰ ਜਾਂਦਾ ਹੈ, ਰੁਮਾਂਚਕਤਾ ਵਧਦੀ ਜਾਂਦੀ ਹੈ। ਉੱਪਰ ਜਾ ਕੇ ਸਾਹ ਰੋਕਵੀਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ, ਬਸ਼ਰਤੇ ਤੁਹਾਨੂੰ ਵਧੀਆ ਫੋਟੋ ਖਿੱਚਣ ਦਾ ਵੱਲ ਹੋਵੇ।
ਲੰਡਨ-ਆਈ ਨੂੰ ਇੱਕ ਪਤੀ-ਪਤਨੀ ਨੇ ਡਿਜ਼ਾਈਨ ਕੀਤਾ ਸੀ। ਉਹ ਦੋਵੇਂ ਮਾਰਕ ਐਂਡ ਬਾਰਫੀਲਡ ਆਰਕੀਟੈਕਟਸ ਫਰਮ ਦੇ ਮਾਲਕ ਜੂਲੀਆ ਤੇ ਮਾਰਕ ਸਨ। ਮੇਸ ਤੇ ਹੌਲੈਂਡੀਆ ਕੰਪਨੀ ਨੇ ਸਟੀਲ ਦਾ ਕੰਮ ਸੰਭਾਲਿਆ। ਇਵੇਂ ਹੀ ਟਿਲਬਰੀ ਡਗਲਸ ਸਿਵਿਲ ਕੰਟਰੈਕਟਰ ਸੀ ਤੇ ਕਨਸਲਟਿੰਗ ਇੰਜੀਨੀਅਰ ਟੋਨੀ ਗੀ ਐਂਡ ਪਾਰਟਨਰ ਸਨ। ਹੋਰ ਪਤਾ ਨਹੀਂ ਕਿੰਨੇ ਕੁ ਕਾਮੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਸ਼ਾਮਲ ਹੋਣਗੇ। ਇਸ ਨੂੰ ਲੱਗੀ ਸਮੱਗਰੀ ਜਾਂ ਮਾਲ ਨੂੰ ਛੇ ਮੁਲਕਾਂ ਤੋਂ ਇਕੱਠਾ ਕੀਤਾ ਗਿਆ। ਸਟੀਲ ਯੂਕੇ ਤੋਂ ਤੇ ਇਸ ਨੂੰ ਫੈਬਰੀਕੇਟ ਹੌਲੈਂਡ ਵਿੱਚ ਕੀਤਾ ਗਿਆ। ਇਸ ਦੀਆਂ ਕੇਬਲ/ਤਾਰਾਂ ਇਟਲੀ ਤੋਂ ਆਈਆਂ, ਬੇਅਰਿੰਗ ਜਰਮਨੀ ਤੋਂ, ਇਸ ਦਾ ਹੱਬ ਚੈਕੋਸਲਵਾਕੀਆ ਵਿੱਚ ਤਿਆਰ ਹੋਇਆ। ਇਸ ਦੇ ਕੈਪਸੂਲ ਫਰਾਂਸ ਦੀ ਕੰਪਨੀ ਪੋਮਾ ਨੇ ਤਿਆਰ ਕੀਤੇ। ਉਨ੍ਹਾਂ ਨੇ ਇਸ ਵਿੱਚ ਵਰਤਿਆ ਸ਼ੀਸ਼ਾ ਇਟਲੀ ਤੋਂ ਲਿਆ। ਬਿਜਲੀ ਦਾ ਸਾਰਾ ਸਾਮਾਨ ਯੂਕੇ ਤੋਂ ਹੀ ਲਿਆ। ਇਸ ਨੂੰ ਸਦਾ ਹੀ ਨਵਿਆਉਂਦੇ ਰਹਿੰਦੇ ਹਨ ਜਾਂ ਅਪਗਰੇਡ ਕਰਦੇ ਹੀ ਰਹਿੰਦੇ ਹਨ।
ਇਸ ਦੇ ਮਾਲਕ ਜਾਂ ਇਸ ਨੂੰ ਚਲਾਉਣ ਵਾਲੇ ਬਹੁਤ ਵਾਰ ਬਦਲੇ ਹਨ। ਪਹਿਲਾਂ ਇਸ ਦੇ ਤਿੰਨ ਮਾਲਕ ਸਨ, ਮਾਰਕ ਬਾਰਫੀਲਡ, ਟੂਸੈਡ ਗਰੁੱਪ ਤੇ ਬ੍ਰਿਟਿਸ਼ ਏਅਰਵੇਅਜ਼। ਕੁਝ ਸਾਲਾਂ ਬਾਅਦ ਟੂਸੈਡ ਗਰੁੱਪ ਨੇ ਬ੍ਰਿਟਿਸ਼ ਏਅਰਵੇਜ਼ ਦਾ ਦੂਜੇ ਹਿੱਸੇਦਾਰ ਦਾ ਹਿੱਸਾ ਖ਼ਰੀਦ ਲਿਆ। ਅਗਲੇ ਸਾਲ ਬਲੈਕਸਟੋਨ ਗਰੁੱਪ ਨੇ ਟੂਸੈਡ ਗਰੁੱਪ ਖ਼ਰੀਦ ਲਿਆ ਜਾਂ ਇਹ ਸਾਰੇ ਹੀ ਇੱਕ ਨਵੇਂ ਗਰੁੱਪ ਵਿੱਚ ਸ਼ਾਮਲ ਹੋ ਗਏ। ਜਿਹੜੇ ਇਸ ਦੇ ਨਵੇਂ ਮਾਲਕ ਆਉਂਦੇ ਹਨ, ਉਹ ਆਪਣੇ ਲੋਗੋ ਲਾ ਦਿੰਦੇ ਹਨ, ਇਸ ਲਈ ਲੋਗੋ ਬਦਲਦੇ ਰਹਿੰਦੇ ਹਨ। ਕਈ ਕੰਪਨੀਆਂ ਵੀ ਲੰਡਨ-ਆਈ ਨੂੰ ਸਪਾਂਸਰ ਕਰਦੀਆਂ ਹਨ। ਕੋਕਾਕੋਲਾ ਵਾਲਿਆਂ ਨੇ ਪਿੱਛੇ ਜਿਹੇ ਇਵੇਂ ਸਪਾਂਸਰ ਕੀਤਾ ਕਿ ਸਾਰਾ ਲੰਡਨ-ਆਈ ਹੀ ਲਾਲ ਰੰਗ ਵਿੱਚ ਰੰਗ ਦਿੱਤਾ ਸੀ। ਕਈ ਵਾਰ ਨਵੇਂ ਸਾਲ ਉੱਪਰ ਲੰਡਨ ਆਈ ਵਿੱਚੋਂ ਛੁਰਲੀਆਂ-ਪਟਾਕੇ ਵੀ ਨਿਕਲਦੇ ਦਿਖਾਈ ਦਿੰਦੇ ਹਨ।
ਹਰ ਸਾਲ ਤੀਹ ਲੱਖ ਤੋਂ ਵੱਧ ਯਾਤਰੀ ਲੰਡਨ-ਆਈ ’ਤੇ ਚੜ੍ਹਦੇ ਹਨ, ਪਰ ਫਿਰ ਵੀ ਇਹ ਕਈ ਵਾਰ ਆਰਥਿਕ ਸੰਕਟਾਂ ਵਿੱਚ ਘਿਰ ਜਾਂਦਾ ਹੈ। ਇੱਕ ਵਾਰ ਇਸ ਦੇ ਸੰਚਾਲਕਾਂ ਦਾ ਇਸ ਜਗ੍ਹਾ ਦੇ ਮਾਲਕਾਂ ਨਾਲ ਕਿਰਾਏ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਜਗ੍ਹਾ ਦਾ ਮਾਲਕ ਸਾਊਥ ਬੈਂਕ ਸੈਂਟਰ (ਐੱਸ.ਬੀ.ਸੀ.) ਹੈ। ਉਨ੍ਹਾਂ ਨੇ ਸਾਲਾਨਾ ਕਿਰਾਇਆ ਵਧਾ ਕੇ ਢਾਈ ਮਿਲੀਅਨ ਪੌਂਡ ਕਰ ਦਿੱਤਾ। ਏਨਾ ਕਿਰਾਇਆ ਦੇਣਾ ਸੰਚਾਲਕਾਂ ਲਈ ਨਾਮੁਮਕਿਨ ਸੀ। ਇਹ ਤਾਂ ਉਸ ਵੇਲੇ ਦੇ ਲੰਡਨ ਦੇ ਮੇਅਰ ਕੈੱਨ ਲਿਵਿੰਗਸਟੋਨ ਨੇ ਦਖਲ ਦਿੱਤਾ ਤਾਂ ਗੱਲ ਰਫਾ-ਦਫਾ ਹੋਈ। ਅਸਲ ਵਿੱਚ ਇਹ ਜਗ੍ਹਾ ਜੁਬਲੀ ਗਾਰਡਨ ਦਾ ਹਿੱਸਾ ਸੀ। ਆਪਣੇ ਵੇਲੇ ਦੀ ਗਰੇਟਰ ਲੰਡਨ ਕੌਂਸਲ ਨੇ ਐੱਸ.ਬੀ.ਸੀ. ਨੂੰ ਇਹ ਜਗ੍ਹਾ ਸਿਰਫ਼ ਇੱਕ ਪੌਂਡ ਵਿੱਚ ਦਿੱਤੀ ਸੀ। ਇਸੇ ਦਲੀਲ ਨੂੰ ਆਧਾਰ ਬਣਾ ਕੇ ਸਮਝੌਤਾ ਸੰਭਵ ਹੋਇਆ ਸੀ।
ਉਂਜ ਲੰਡਨ-ਆਈ ਕਾਫ਼ੀ ਮਹਿੰਗਾ ਹੈ। ਪਰ ਲੰਡਨ ਦੀਆਂ ਕੁਝ ਹੋਰ ਥਾਵਾਂ ਨਾਲ ਜੁੜਵਾਂ ਟਿਕਟ ਲਿਆ ਜਾਵੇ ਤਾਂ ਕੁਝ ਸਸਤਾ ਪੈਂਦਾ ਹੈ।
ਈ-ਮੇਲ : harjeetatwal@hotmail.co.uk