ਲੰਡਨ ਤੋਂ

ਸਾਊਥਾਲ ਦੇ ਬ੍ਰਾਡਵੇਅ ਦੀ ਰੌਣਕ

ਸਾਊਥਾਲ ਦੇ ਬ੍ਰਾਡਵੇਅ ਦੀ ਰੌਣਕ

ਹਰਜੀਤ ਅਟਵਾਲ

ਯੂਕੇ ਦੇ ਹਰ ਸ਼ਹਿਰ, ਹਰ ਟਾਊਨ ਵਿਚ ਹਾਈ ਸਟਰੀਟ ਤੇ ਬ੍ਰਾਡਵੇਅ ਹੁੰਦੇ ਹਨ। ਬ੍ਰਾਡਵੇਅ ਦਾ ਮਤਲਬ ਸ਼ਹਿਰ ਦੇ ਕੇਂਦਰ ਵਿਚ ਉਹ ਪ੍ਰਮੁੱਖ ਸੜਕ ਹੁੰਦੀ ਹੈ ਜਿੱਥੇ ਦੁਕਾਨਾਂ, ਬੈਂਕ, ਦਫ਼ਤਰ, ਰੈਸਟੋਰੈਂਟ, ਹੋਟਲ ਆਦਿ ਹੁੰਦੇ ਹਨ। ਦੁਨੀਆ ਵਿਚ ਦੋ ਬ੍ਰਾਡਵੇਅ ਬਹੁਤ ਮਸ਼ਹੂਰ ਹਨ- ਇਕ ਸਾਊਥਾਲ ਦਾ ਬ੍ਰਾਡਵੇਅ ਤੇ ਦੂਜਾ ਨਿਊਯਾਰਕ ਦਾ ਬ੍ਰਾਡਵੇਅ। ਨਿਊਯਾਰਕ ਦਾ ਬ੍ਰਾਡਵੇਅ ਥੀਏਟਰਾਂ ਕਰਕੇ ਮਸ਼ਹੂਰ ਹੈ ਜਿਨ੍ਹਾਂ ਵਿਚ ਸਾਰਾ ਸਾਲ ਡਰਾਮੇ ਚੱਲਦੇ ਰਹਿੰਦੇ ਹਨ। ਹਾਲੀਵੁੱਡ ਦੇ ਵੱਡੇ-ਵੱਡੇ ਐਕਟਰ ਇਨ੍ਹਾਂ ਡਰਾਮਿਆਂ ਵਿਚ ਭਾਗ ਲੈਂਦੇ ਹਨ। ਜਿਸ ਐਕਟਰ ਨੇ ਬ੍ਰਾਡਵੇਅ ਦੇ ਥੀਏਟਰਾਂ ਵਿਚ ਇਕ ਵਾਰ ਕੋਈ ਨਾਟਕ ਖੇਡ ਲਿਆ, ਉਹ ਸਮਝ ਲਓ ਕਿ ਹਿੱਟ ਹੋ ਗਿਆ।

ਸਾਊਥਾਲ ਦਾ ਬ੍ਰਾਡਵੇਅ ਵੀ ਆਪਣੀ ਵਿਲੱਖਣਤਾ ਕਰਕੇ ਪ੍ਰਸਿੱਧ ਹੈ। ਇੱਥੇ ਭਾਵੇਂ ਨਿਊਯਾਰਕ ਦੇ ਬ੍ਰਾਡਵੇਅ ਵਾਂਗ ਡਰਾਮੇ ਤਾਂ ਨਹੀਂ ਖੇਡੇ ਜਾਂਦੇ, ਪਰ ਡਰਾਮੇ ਬਹੁਤ ਹੁੰਦੇ ਹਨ। ਮੇਰੀਆਂ ਅੱਖਾਂ ਨੇ ਬਹੁਤ ਸਾਰੇ ਡਰਾਮੇ ਸਾਊਥਾਲ ਦੇ ਬ੍ਰਾਡਵੇਅ ’ਤੇ ਦੇਖੇ ਹਨ। ਪਹਿਲਾ ਡਰਾਮਾ 1979 ਵਿਚ ਦੇਖਿਆ ਸੀ ਜਦੋਂ ਨਸਲਵਾਦੀ ਸਾਊਥਾਲ ਦੇ ਟਾਊਨਹਾਲ ਵਿਚ ਮੀਟਿੰਗ ਕਰਨ ਜਾ ਰਹੇ ਸਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਏਸ਼ੀਅਨ ਲੋਕ ਇਸ ਦੇ ਵਿਰੋਧ ਵਿਚ ਬ੍ਰਾਡਵੇਅ ’ਤੇ ਨਿਕਲ ਆਏ ਸਨ। ਪੁਲੀਸ ਨਾਲ ਖੂਨੀ ਟੱਕਰ ਹੋਈ ਸੀ। ਉਸ ਵੇਲੇ ਮੈਂ ਬ੍ਰਾਡਵੇਅ ਉੱਪਰ ਹਾਜ਼ਰ ਸਾਂ। ਦੂਜਾ ਡਰਾਮਾ 1983 ਵਿਚ ਜਦੋਂ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ। ਅਨੇਕ ਨੌਜਵਾਨ ਇਸ ਜਿੱਤ ਦੀ ਖੁਸ਼ੀ ਮਨਾਉਣ ਬ੍ਰਾਡਵੇਅ ’ਤੇ ਨਿਕਲ ਆਏ ਸਨ, ਮੈਂ ਵੀ ਉਨ੍ਹਾਂ ਵਿਚ ਸਾਂ। ਫਿਰ ਬ੍ਰਾਡਵੇਅ ਦੇ ਅਖੀਰ ਵਿਚ ਨਹਿਰ ਕੰਢੇ ਜੋ ਹੈਂਬਰੋ ਪੱਬ ਹੈ, ਜਿਸ ਵਿਚ ਨਸਲਵਾਦੀ-ਗੋਰੇ ਮੀਟਿੰਗਾਂ ਕਰਿਆ ਕਰਦੇ ਸਨ, ਪੰਜਾਬੀਆਂ ਨੇ ਹੈਂਬਰੋ ਪੱਬ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਇਹ ਹੁਣ ਵਾਲਾ ਪੱਬ ਤਾਂ ਦੁਬਾਰਾ ਬਣਿਆ ਹੈ। 1984 ਵਿਚ ਜਦੋਂ ਦਰਬਾਰ ਸਾਹਿਬ ’ਤੇ ਭਾਰਤੀ ਫ਼ੌਜ ਨੇ ਹਮਲਾ ਕੀਤਾ, ਬਹੁਤ ਸਾਰੇ ਪੰਜਾਬੀ ਖ਼ਾਸ ਕਰਕੇ ਸਿੱਖ ਆਪਣਾ ਵਿਰੋਧ ਦਿਖਾਉਣ ਲਈ ਬ੍ਰਾਡਵੇਅ ’ਤੇ ਇਕੱਠੇ ਹੋਏ ਸਨ। ਜਦੋਂ ਇੰਦਰਾ ਗਾਂਧੀ ਮਾਰੀ ਗਈ ਸੀ ਤਾਂ ਖੁਸ਼ੀ ਵਿਚ ਕੁਝ ਲੋਕ ਬ੍ਰਾਡਵੇਅ ’ਤੇ ਲੱਡੂ ਵੰਡ ਰਹੇ ਸਨ, ਉਹ ਨਜ਼ਾਰਾ ਵੀ ਮੈਂ ਅੱਖੀਂ ਦੇਖਿਆ।

ਉਸ ਤੋਂ ਬਾਅਦਲੇ ਦਿਨਾਂ ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਦੁੱਖ ਵੀ ਲੋਕਾਂ ਨੇ ਇੱਥੇ ਇਕੱਠੇ ਹੋ ਕੇ ਹੀ ਸਾਂਝਾ ਕੀਤਾ ਸੀ। ਇਕ ਹੋਰ ਘਟਨਾ ਦਾ ਮੈਂ ਗਵਾਹ ਹਾਂ, ਇਕ ਪੰਜਾਬੀ ਨੇ ਬ੍ਰਾਡਵੇਅ ਦੇ ਇਕ ਰੈਸਟੋਰੈਂਟ ਵਿਚ ਬੈਠੀ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਕਿਸੇ ਦੂਜੇ ਧਰਮ ਦੇ ਮੁੰਡੇ ਨੂੰ ਡੇਟ ਕਰਦੀ ਸੀ ਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਇਹ ਇੰਗਲੈਂਡ ਵਿਚ ਹੋਈਆਂ ਅਜਿਹੀਆਂ ਅਨੇਕ ਘਟਨਾਵਾਂ ਵਿਚੋਂ ਇਕ ਸੀ, ਪਰ ਉਸ ਰੈਸਟੋਰੈਂਟ ਦੇ ਅੱਗੋਂ ਦੀ ਮੈਂ ਬਹੁਤ ਵਾਰ ਲੰਘਿਆ ਸਾਂ, ਇਸ ਲਈ ਇਹ ਮੈਨੂੰ ਜ਼ਿਆਦਾ ਝੰਜੋੜਦੀ ਸੀ। ਇਸ ਤੋਂ ਬਾਅਦ ਤਾਂ ਸਾਊਥਾਲ ਬ੍ਰਾਡਵੇਅ ’ਤੇ ਕੁਝ ਨਾ ਕੁਝ ਹੁੰਦਾ ਹੀ ਆਇਆ ਹੈ। ਈਦ ਆਈ ਤਾਂ ਮੁਸਲਮਾਨ ਮੁੰਡੇ ਇਕੱਠੇ ਹੋ ਕੇ ਖੱਪ ਪਾਉਂਦੇ ਹਨ, ਦੀਵਾਲੀ, ਵਿਸਾਖੀ ’ਤੇ ਭਾਰਤੀ ਪੰਜਾਬੀ ਮੁੰਡੇ ਉਹੋ ਕੰਮ ਕਰਦੇ ਹਨ। ਬ੍ਰਾਡਵੇਅ ਪੰਜਾਬੀਆਂ ਦਾ ਹੱਬ ਹੈ ਜਾਣੀ ਕਿ ਕੇਂਦਰ ਬਿੰਦੂ। ਪੰਜਾਬ ਵਿਚ ਕੁਝ ਵੀ ਵਾਪਰੇ ਲੋਕ ਆਪਣਾ ਪ੍ਰਤੀਕਰਮ ਦੇਣ ਲਈ ਇੱਥੇ ਇਕੱਠੇ ਹੋ ਜਾਂਦੇ ਹਨ।

ਕਈ ਵਾਰ ਲੋਕ ਸਾਰੇ ਸਾਊਥਾਲ ਨੂੰ ਹੀ ਬ੍ਰਾਡਵੇਅ ਵਿਚ ਸ਼ਾਮਲ ਕਰ ਲੈਂਦੇ ਹਨ, ਪਰ ਬ੍ਰਾਡਵੇਅ ਤਕਰੀਬਨ ਪੁਲੀਸ ਸਟੇਸ਼ਨ ਤੋਂ ਲੈ ਕੇ ਨਹਿਰ ਦੇ ਪੁਲ ਤਕ ਬਣਦਾ ਹੈ। ਪੁਲੀਸ-ਸਟੇਸ਼ਨ ਤੋਂ ਮੁੱਖ ਟਰੈਫਿਕ ਸਿਗਨਲ ਤਕ ਹਾਈ-ਸਟਰੀਟ ਹੈ, ਇਸ ਤੋਂ ਅੱਗੇ ਬ੍ਰਾਡਵੇਅ। ਇਹ ਇਕ ਸਹੀ ਮਾਅਨਿਆਂ ਵਿਚ ਸ਼ੌਪਿੰਗ ਸੈਂਟਰ ਹੈ ਤੇ ਲੰਡਨ ਦੇ ਵੱਡੇ ਸ਼ੌਪਿੰਗ ਸੈਂਟਰਾਂ ਵਿਚ ਇਸ ਦੀ ਗਿਣਤੀ ਹੁੰਦੀ ਹੈ। ਇਸ ਸ਼ੌਪਿੰਗ ਸੈਂਟਰ ਦੀ ਖ਼ਾਸ ਗੱਲ ਇਹ ਕਿ ਇਸ ਵਿਚ ਪੂਰੀ ਭਾਰਤੀਅਤਾ ਝਲਕਦੀ ਹੈ। ਇਹ ਭਾਰਤ ਦੇ ਕਿਸੇ ਵੱਡੇ ਸ਼ਹਿਰ ਦੇ ਵੱਡੇ ਸ਼ੌਪਿੰਗ ਸੈਂਟਰ ਤੋਂ ਘੱਟ ਨਹੀਂ ਹੋਵੇਗਾ। ਭਾਵੇਂ ਬ੍ਰਾਡਵੇਅ ਵਰਗੀਆਂ ਸਰਗਰਮੀਆਂ ਸਾਊਥਾਲ ਦੀਆਂ ਹੋਰਨਾਂ ਸੜਕਾਂ ’ਤੇ ਵੀ ਰਹਿੰਦੀਆਂ ਹਨ, ਪਰ ਬ੍ਰਾਡਵੇਅ ਦੇ ਆਪਣੇ ਹੀ ਨਜ਼ਾਰੇ ਹਨ।

ਬ੍ਰਾਡਵੇਅ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ। ਪਹਿਲਾਂ ਸਾਊਥਾਲ ਰੇਲਵੇ ਲਾਈਨ ਤੋਂ ਪਰਲੇ ਪਾਸੇ ਹੁੰਦਾ ਸੀ। ਇਧਰਲਾ ਸਾਊਥਾਲ ਬਾਅਦ ਵਿਚ ਉਸਰਨਾ ਸ਼ੁਰੂ ਹੋਇਆ। ਇਹ ਬ੍ਰਾਡਵੇਅ ਹੁੰਦਾ ਹੀ ਨਹੀਂ ਸੀ। ਇਹ ਅਕਸਬ੍ਰਿਜ ਰੋਡ ਸੀ ਜੋ ਕੇਂਦਰੀ ਲੰਡਨ ਤੋਂ ਅਕਸਬ੍ਰਿਜ ਤੇ ਅੱਗੇ ਔਕਸਫੋਰਡ ਜਾਂਦੀ ਸੀ, ਹਾਲੇ ਵੀ ਜਾਂਦੀ ਹੈ। ਇਸ ਰੋਡ ਦਾ ਨਕਸ਼ੇ ਵਿਚ ਨੰਬਰ ਏ4020 ਹੈ। ਰੇਲਾਂ, ਕਾਰਾਂ ਦੀ ਆਮਦ ਤੋਂ ਪਹਿਲਾਂ ਲੋਕ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਘੋੜਿਆਂ ਵਾਲੀ ਸਟੇਜ-ਕੋਚ ਵਿਚ ਕਰਦੇ ਸਨ। ਲੰਡਨ ਤੋਂ ਔਕਸਫੋਰਡ ਲਈ ਚੱਲਦੀ ਸਟੇਜ-ਕੋਚ ਇਸੇ ਰੋਡ ਤੋਂ ਹੀ ਲੰਘਦੀ ਸੀ ਤੇ ਕਈ ਸਦੀਆਂ ਲੰਘਦੀ ਰਹੀ ਹੈ। ਏ40 ਜਾਂ ਐੱਮ40 ਤਾਂ ਵੀਹਵੀਂ ਸਦੀ ਦੇ ਮਗਰਲੇ ਅੱਧ ਵਿਚ ਬਣੀਆਂ ਹਨ। ਇਸ ਸਟੇਜ-ਕੋਚ ਦਾ ਇਕ ਅੱਡਾ ਬ੍ਰਾਡਵੇਅ ਉੱਪਰ ਵੀ ਸੀ। ਅੱਡਾ ਹੋਣ ਕਰਕੇ ਇੱਥੇ ਕੁਝ ਦੁਕਾਨਾਂ ਵੀ ਹੋਣਗੀਆਂ ਹੀ। ਉਂਜ ਉਨੀਵੀਂ ਸਦੀ ਦੇ ਅਖੀਰ ਵਿਚ ਬ੍ਰਾਡਵੇਅ ਉਸਰਨਾ ਸ਼ੁਰੂ ਹੋ ਚੁੱਕਾ ਸੀ। ਜਦੋਂ ਗਰੈਂਡ ਯੂਨੀਅਨ ਕੈਨਾਲ ਜਾਂ ਪ੍ਰਮੁੱਖ ਨਹਿਰ ਨਿਕਲੀ ਤਾਂ ਬ੍ਰਾਡਵੇਅ ਦੇ ਨੇੜੇ ਸਨਅਤਾਂ ਵੀ ਲੱਗ ਗਈਆਂ ਸਨ। ਸਨਅਤਾਂ ਕਾਰਨ ਦੂਜੇ ਮਹਾਂਯੁੱਧ ਵਿਚ ਇਹ ਇਲਾਕਾ ਜਰਮਨਾਂ ਦੀ ਹਿੱਟ ਲਿਸਟ ’ਤੇ ਸੀ। ਰੇਲ ਦੇ ਚੱਲਣ ’ਤੇ ਵੀ ਘੋੜਿਆਂ ਵਾਲੀ ਸਟੇਜ-ਕੋਚ ਇਸ ਸੜਕ ’ਤੇ ਚੱਲਦੀ ਰਹੀ ਹੈ। ਸਟੇਜ-ਕੋਚ ਤੋਂ ਬਾਅਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਟਰਾਮਾਂ ਆ ਗਈਆਂ ਤੇ 1936 ਤਕ ਟਰਾਮਾਂ ਚੱਲਦੀਆਂ ਰਹੀਆਂ। ਟਰਾਮਾਂ ਤੋਂ ਬਾਅਦ ਬਿਜਲੀ ਵਾਲੀਆਂ ਬੱਸਾਂ ਚੱਲ ਪਈਆਂ। 1960 ਵਿਚ ਡੀਜ਼ਲ ਬੱਸਾਂ ਦੇ ਆ ਜਾਣ ਨਾਲ ਸਭ ਕੁਝ ਬਦਲ ਗਿਆ। ਪਹਿਲੇ ਮਹਾਂਯੁੱਧ ਤੋਂ ਬਾਅਦ ਨਵਾਂ ਸਾਊਥਾਲ ਵੱਸਣ ਲੱਗਾ, ਘਰ ਬਣ ਗਏ ਤੇ ਨਾਲ ਹੀ ਬ੍ਰਾਡਵੇਅ ਵੀ ਪੂਰੀ ਤਰ੍ਹਾਂ ਉਸਰ ਗਿਆ। ਇਹ ਬ੍ਰਾਡਵੇਅ ਹਾਲੇ ਵੀ ਕੇਂਦਰੀ ਲੰਡਨ ਨੂੰ ਜਾਣ ਵਾਲੀ ਖ਼ਾਸ ਰੋਡ ਹੈ। ਲੋਕ ਬ੍ਰਾਡਵੇਅ ਦੀਆਂ ਰੌਣਕਾਂ ਦੇਖਣ ਲਈ ਹੀ ਇਸ ਵੱਲ ਦੀ ਲੰਘਦੇ ਹਨ, ਇਸੇ ਲਈ ਇਸ ਰੋਡ ’ਤੇ ਹਰ ਵੇਲੇ ਟਰੈਫਿਕ ਰਹਿੰਦਾ ਹੈ।