ਡਾ. ਗੁਰਬਖ਼ਸ਼ ਸਿੰਘ ਭੰਡਾਲ
ਰਾਹ ਤੇ ਰਿਸ਼ਤੇ ਦਾ ਅਜਬ ਜਿਹਾ ਸਬੰਧ ਬਹੁਤ ਸਾਰੇ ਰਾਹਾਂ ਅਤੇ ਰਿਸ਼ਤਿਆਂ ਦੀ ਧਰਾਤਲ ਬਣਦਾ ਹੈ। ਕਦੇ ਕਦੇ ਰਾਹਾਂ ਵਿੱਚੋਂ ਹੀ ਰਿਸ਼ਤੇ ਸਿਰਜੇ ਜਾਂਦੇ ਹਨ ਅਤੇ ਕਦੇ ਕਦੇ ਰਿਸ਼ਤਿਆਂ ਵਿੱਚੋਂ ਬਹੁਤ ਸਾਰੇ ਰਾਹ ਨਿਕਲਦੇ ਹਨ। ਰਾਹਾਂ ਰਾਹੀਂ ਬਣੇ ਰਿਸ਼ਤੇ ਤਾਅ ਉਮਰ ਨਿਭਦੇ ਹਨ। ਇਸ ਲਈ ਜ਼ਰੂਰੀ ਹੈ ਕਿ ਜ਼ਿੰਦਗੀ ਦੀਆਂ ਰਾਹਾਂ ’ਤੇ ਤੁਰਦੇ ਰਹੀਏ ਅਤੇ ਇਨ੍ਹਾਂ ’ਤੇ ਤੁਰਦਿਆਂ ਬਣੇ ਰਿਸ਼ਤਿਆਂ ਨੂੰ ਸਦਾ ਨਿਭਾਉਂਦੇ ਰਹੀਏ ਕਿਉਂਕਿ ਇੱਕ ਹੀ ਕੁਤਾਹੀ ਰਿਸ਼ਤਿਆਂ ਦੀ ਤੰਦ ਨੂੰ ਤੋੜਨ ਲਈ ਕਾਫ਼ੀ ਹੁੰਦੀ ਹੈ।
ਸਭ ਰਾਹਾਂ ’ਤੇ ਤੁਰਦਿਆਂ ਰਿਸ਼ਤੇ ਨਹੀਂ ਬਣਦੇ। ਕੁਝ ਹੀ ਅਜਿਹੇ ਰਾਹ ਹੁੰਦੇ ਹਨ ਜਿਨ੍ਹਾਂ ਨੂੰ ਰਿਸ਼ਤੇ ਬਣਾਉਣ ਅਤੇ ਇਨ੍ਹਾਂ ਨੂੰ ਮਾਣਨ ਦਾ ਸ਼ਰਫ਼ ਹਾਸਲ ਹੁੰਦਾ ਹੈ। ਰਾਹਾਂ ਵਿੱਚ ਬਣੇ ਹੋਏ ਰਿਸ਼ਤੇ ਕੁਝ ਨਾਜ਼ੁਕ ਤੇ ਕੁਝ ਪੀਢੇ ਹੁੰਦੇ ਹਨ। ਕੁਝ ਕੋਮਲ ਤੇ ਕੁਝ ਸਖ਼ਤ। ਕੁਝ ਮਲੂਕ ਤੇ ਕੁਝ ਕਰੜ-ਬਰੜੇ। ਕੁਝ ਪਲ ਕੁ ਪਲ ਦੇ ਤੇ ਕੁਝ ਉਮਰ ਭਰ ਦੇ। ਕੁਝ ਸਾਹਾਂ ਵਰਗੇ ਤੇ ਕੁਝ ਸਾਹ-ਸੱਤਹੀਣ। ਕੁਝ ਜ਼ਿੰਦਗੀ ਦੀ ਨਿਸ਼ਾਨਦੇਹੀ ਤੇ ਕੁਝ ਜ਼ਿੰਦਗੀ ਦੀ ਦਰ-ਕਿਨਾਰੀ ਹੁੰਦੇ ਹਨ।
ਰਾਹਾਂ ਵਿੱਚ ਬਣੇ ਹੋਏ ਰਿਸ਼ਤਿਆਂ ਨੂੰ ਇਨ੍ਹਾਂ ਦੀ ਸਾਰਥਿਕਤਾ, ਸਾਦਗੀ, ਸਹਿਜਤਾ ਅਤੇ ਸਦੀਵਤਾ ਵਿੱਚੋਂ ਹੀ ਕਚਿਆਇਆ ਜਾਂ ਪਕਿਆਇਆ ਜਾ ਸਕਦਾ ਹੈ। ਇਹ ਰਿਸ਼ਤੇ ਰਾਹਾਂ ਦੀ ਤਾਸੀਰ, ਤਕਦੀਰ ਅਤੇ ਤਸਵੀਰ ’ਤੇ ਨਿਰਭਰ ਹੁੰਦੇ ਹਨ। ਕਦੇ ਪੈਦਲ ਚੱਲਦਿਆਂ, ਦੁਸ਼ਵਾਰੀਆਂ, ਖੁਆਰੀਆਂ ਅਤੇ ਦਿਲਦਾਰੀਆਂ ਵਿੱਚੋਂ ਜਦੋਂ ਰਾਹਾਂ ਨੂੰ ਮੰਜ਼ਲਾਂ ਮਿਲਦੀਆਂ ਹਨ ਤਾਂ ਇੱਕ ਰਿਸ਼ਤਾ ਹਮਰਾਹੀ ਨਾਲ ਜੁੜਦਾ ਹੈ ਜਿਹੜਾ ਜ਼ਿੰਦਗੀ ਦੇ ਹਰ ਪਹਿਰ ਵਿੱਚ ਉਸ ਸਫ਼ਰ ਨੂੰ ਸੁਖਾਵਾਂ ਕਰ ਜਾਂਦਾ ਹੈ ਜਿਸ ਸਦਕਾ ਰਾਹਾਂ ’ਤੇ ਪੈਦਲ ਚੱਲਦਿਆਂ ਕਦੇ ਵੀ ਥਕਾਵਟ ਨਹੀਂ ਹੁੰਦੀ। ਇਨ੍ਹਾਂ ਰਾਹ-ਰਸਤਿਆਂ ਦੀ ਹਰ ਨਿਸ਼ਾਨੀ, ਮੋੜ ਅਤੇ ਵਲ-ਵਲੇਵੇਂ ਚੇਤਿਆਂ ਵਿੱਚ ਸਦਾ ਸੰਜੀਵ ਹੋ ਜਾਂਦੇ ਹਨ।
ਸਕੂਲ ਜਾਂ ਕਾਲਜ ਦੀ ਪੜ੍ਹਾਈ ਦੌਰਾਨ ਇੱਕ ਹੀ ਸਾਈਕਲ ’ਤੇ ਦੋ ਜਾਂ ਤਿੰਨ ਸੰਗੀਆਂ ਵੱਲੋਂ ਕੀਤਾ ਸਫ਼ਰ ਕਦੇ ਵੀ ਥਕੇਵਾਂ ਜਾਂ ਅਕੇਵਾਂ ਨੇੜੇ ਨਹੀਂ ਸੀ ਢੁਕਣ ਦਿੰਦਾ। ਗੱਲਾਂ ਕਰਦਿਆਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਘਰ ਤੋਂ ਕਾਲਜ ਪਹੁੰਚ ਜਾਣਾ ਤੇ ਫਿਰ ਕਾਲਜ ਤੋਂ ਘਰ ਨੂੰ ਰਵਾਨਗੀ। ਸਾਈਕਲੀ ਸਫ਼ਰ ਦੌਰਾਨ ਪੈਦਾ ਹੋਏ ਸਬੰਧਾਂ ਦੀ ਖੁਸ਼ਬੂ ਹੁਣ ਵੀ ਮਨ ਨੂੰ ਤਰੋਤਾਜ਼ਾ ਕਰ ਜਾਂਦੀ ਹੈ। ਸਾਈਕਲ ਦਾ ਸਫ਼ਰ ਤਾਂ ਹਵਾਈ ਜਹਾਜ਼ ਨਾਲੋਂ ਜ਼ਿਆਦਾ ਆਰਾਮਦਾਇਕ ਅਤੇ ਸੁਖਾਵਾਂ ਹੁੰਦਾ ਸੀ। ਬੇਫ਼ਿਕਰੀ ਦੇ ਆਲਮ ਵਿੱਚ ਬਚਪਨ ਦੌਰਾਨ ਬਣੇ ਇਨ੍ਹਾਂ ਰਿਸ਼ਤਿਆਂ ਵਿੱਚੋਂ ਤੁਸੀਂ ਉਨ੍ਹਾਂ ਪਲਾਂ ਨੂੰ ਮੁੜ ਤੋਂ ਮਾਣਨਾ ਲੋਚਦੇ ਹੋ ਜਿਨ੍ਹਾਂ ਨੇ ਜ਼ਿੰਦਗੀ ਨੂੰ ਚਾਨਣ-ਰੱਤੇ ਰਾਹਾਂ ਵੱਲ ਮੋੜਿਆ ਅਤੇ ਜ਼ਿੰਦਗੀ ਨੂੰ ਸੁਰਖ ਰਾਹਾਂ ਦੀ ਦੱਸ ਪਾਈ ਹੈ।
ਜ਼ਿੰਦਗੀ ਦੀਆਂ ਰਾਹਾਂ ਬਹੁਤ ਵਿਲੱਖਣਤਾਵਾਂ ਅਤੇ ਵੱਖਰਤਾ ਨਾਲ ਭਰੀਆਂ ਹੁੰਦੀਆਂ ਹਨ। ਪਤਾ ਨਹੀਂ ਕਿਸ ਮੋੜ ’ਤੇ ਕਿਸ ਨੇ ਸਾਥੀ ਬਣ ਕੇ ਜੀਵਨ ਨੂੰ ਸੁਖਦਾਈ ਪਲਾਂ ਨਾਲ ਭਰਨਾ ਜਾਂ ਰਾਹਾਂ ਵਿੱਚ ਕੰਡਿਆਂ ਦੀ ਵਿਛਾਈ ਕਰਕੇ ਦੁੱਖ ਵਣਜਣੇ ਹਨ? ਇਹ ਵਰਤਾਰਾ ਹੀ ਰਾਹਾਂ ਨਾਲ ਸਿਰਜੇ ਰਿਸ਼ਤਿਆਂ ਦਾ ਆਧਾਰ ਹੁੰਦਾ ਹੈ। ਕੁਝ ਲੋਕ ਰਾਹਾਂ ਵਿੱਚ ਸਿਰਜੇ ਰਿਸ਼ਤਿਆਂ ਦੀ ਪੌੜੀ ਬਣਾ ਸਫਲਤਾ ਦਾ ਮੰਜ਼ਰ ਸਿਰਜਣ ਲਈ ਕਾਹਲੇ ਹੁੰਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਲਈ ਪੌੜੀ ਬਣਦੇ ਹਨ ਤਾਂ ਕਿ ਉਹ ਲੋੜਵੰਦ ਅਤੇ ਯੋਗ ਵਿਅਕਤੀ ਲਈ ਮਦਦਗਾਰ ਬਣ ਸਕਣ। ਇਨ੍ਹਾਂ ਵਿੱਚੋਂ ਹੀ ਰਿਸ਼ਤਿਆਂ ਦੇ ਪਨਪਣ ਵਾਲੀਆਂ ਕਿਸਮਾਂ ਉਜਾਗਰ ਹੁੰਦੀਆਂ ਹਨ। ਸ਼ਗਨਾਂ ਵਾਲੇ ਹੱਥਾਂ ਵਿੱਚ ਫੜਾਇਆ ਨੌਕਰੀ ਤੋਂ ਬਰਖਾਸਤਗੀ ਦਾ ਪੱਤਰ ਜਦੋਂ ਕਿਸੇ ਦੇ ਮਨ ਵਿੱਚ ਹਲਚਲ ਪੈਦਾ ਕਰਦਾ ਹੈ ਅਤੇ ਫਿਰ ਕੋਈ ਹਮਰੁਤਬਾ ਸ਼ਗਨਾਂ ਦੀ ਰੁੱਸੀ ਹੋਈ ਮਹਿੰਦੀ ਨੂੰ ਵਰਾਉਣ ਅਤੇ ਇਸ ਦੀ ਰੰਗਤ ਦੀ ਬਰਕਰਾਰੀ ਲਈ ਹੱਥ ਵਧਾਉਂਦਾ ਹੈ ਤਾਂ ਇਸ ਨਾਲ ਅਜਿਹਾ ਰਿਸ਼ਤਾ ਸਥਾਪਤ ਹੁੰਦਾ ਹੈ ਜੋ ਉਮਰ ਦੀਆਂ ਹੱਦਾਂ ਤੋਂ ਵੀ ਅੱਗੇ ਲੰਘ ਜਾਂਦਾ ਹੈ।
ਰਾਹਾਂ ਵਿੱਚ ਤੁਰਦਿਆਂ ਅਛੋਪਲੇ ਜਿਹੇ ਕੁਝ ਰਿਸ਼ਤੇ ਅਜਿਹੇ ਸਿਰਜ ਹੋ ਜਾਂਦੇ ਹਨ ਜਿਨ੍ਹਾਂ ਨੂੰ ਨਿਭਾਉਣ ਲਈ ਸਿਰ ਧੜ ਦੀ ਬਾਜ਼ੀ ਵੀ ਲਾਉਣੀ ਪੈਂਦੀ ਹੈ। ਭਾਵੇਂ ਇਹ ਸੋਹਣੀ-ਮਹੀਂਵਾਲ ਦਾ ਪਿਆਰ ਹੋਵੇ, ਪੁੰਨੂੰ ਬਲੋਚ ਦੀ ਸੱਸੀ ਨਾਲ ਮੁਹੱਬਤ ਹੋਵੇ ਜਾਂ ਹੀਰ-ਰਾਂਝੇ ਦੀ ਪਿਆਰ-ਕਹਾਣੀ ਦਾ ਬਿਰਤਾਂਤ ਹੋਵੇ। ਰਾਹ ’ਤੇ ਤੁਰਦਿਆਂ ਬਹੁਤੀ ਵਾਰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਆਪਣੇ ਹਮਸਫ਼ਰ ਨਾਲ ਰਿਸ਼ਤੀ ਤੰਦਾਂ ਵਿੱਚ ਬੱਝ ਜਾਂਦੇ ਹਾਂ। ਯਾਦਗਾਰੀ ਪਲਾਂ ਦਾ ਨਿਉਂਦਾ ਸਾਡੀ ਤਲੀ ’ਤੇ ਧਰ ਸਮੁੱਚੀ ਜ਼ਿੰਦਗੀ ਨੂੰ ਹੁਸੀਨ ਪਲਾਂ ਨਾਲ ਤਰੋਤਾਜ਼ਾ ਕਰਦਾ ਰਹਿੰਦਾ ਹੈ। ਬੱਸ, ਰੇਲ ਗੱਡੀ ਜਾਂ ਹਵਾਈ ਸਫ਼ਰ ਦੌਰਾਨ ਸਿਰਜੀਆਂ ਉਨ੍ਹਾਂ ਪਿਆਰੀਅਆਂ ਸਾਝਾਂ ਨੂੰ ਅਸੀਂ ਅਕਸਰ ਹੀ ਯਾਦ ਕਰਦੇ ਹਾਂ। ਨਾਲ-ਨਾਲ ਸਫ਼ਰ ਕਰਦਿਆਂ ਕਈ ਵਾਰ ਤਾਂ ਗੋਡੇ ਵੀ ਆਪਸੀ ਗੁਫ਼ਤਗੂ ਜਾਂ ਹੱਥਾਂ ਦੀ ਮੂਕ ਸੰਵੇਦਨਾ ਬਹੁਤ ਸਾਰੇ ਅਜਿਹੇ ਸਬੰਧਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਨਾਲ ਜ਼ਿੰਦਗੀ ਦੇ ਧੁਆਂਖੇ ਪਲਾਂ ਨੂੰ ਰੌਸ਼ਨੀ ਦੀ ਕਾਤਰ ਪ੍ਰਾਪਤ ਹੁੰਦੀ ਹੈ। ਜੀਵਨ, ਚਾਨਣ ਵਿੱਚ ਨਹਾਉਂਦਾ ਹੈ ਅਤੇ ਸਾਹਾਂ ਦੀ ਸੁਖਨਤਾ ਨੂੰ ਆਪਣਾ ਕਰਮ ਬਣਾਉਂਦਾ ਹੈ।
ਸੰਘਰਸ਼ ਦੇ ਰਾਹ ’ਤੇ ਚੱਲਣ ਵਾਲੇ ਜੁਝਾਰੂ ਮਨਾਂ ਵਿੱਚ ਜਦੋਂ ਰੂਹ-ਰੰਗਤਾ ਦੀ ਦਰਵੇਸ਼ੀ ਦਸਤਕ ਦਿੰਦੀ ਹੈ ਤਾਂ ਉਨ੍ਹਾਂ ਦਾ ਆਪਣੇ ਸਾਥੀਆਂ ਨਾਲ ਇੱਕ ਬੇਜੋੜ ਤੇ ਬੇਮਿਸਾਲ ਰਿਸ਼ਤਾ ਪੈਦਾ ਹੋ ਜਾਂਦਾ ਹੈ। ਇਸ ਨੂੰ ਮਾਨਸਿਕ, ਸਰੀਰਕ ਜਾਂ ਆਰਥਿਕ ਪੱਖ ਤੋਂ ਪਰ੍ਹਾ ਜਾ ਕੇ ਸੋਚਿਆ ਤੇ ਸਮਝਿਆ ਜਾ ਸਕਦਾ ਹੈ। ਇਹ ਰਿਸ਼ਤੇ ਹੀ ਸੰਘਰਸ਼ ਨੂੰ ਸਿਖਰ ’ਤੇ ਪਹੁੰਚਾ, ਇਸ ਦੀ ਬ ਲੰਦਗੀ ਵਿੱਚ ਪ੍ਰਾਪਤੀਆਂ ਦੀ ਤਵਾਰੀਖ਼ ਸਿਰਜਦੇ ਹਨ। ਇਨ੍ਹਾਂ ਸੰਘਰਸ਼ਾਂ ਵਿੱਚੋਂ ਕੁਝ ਅਜਿਹੀਆਂ ਜੋੜੀਆਂ ਪੈਦਾ ਹੁੰਦੀਆਂ ਹਨ ਜਿਨ੍ਹਾਂ ’ਤੇ ਸਮੁੱਚਾ ਸਮਾਜ ਰਸ਼ਕ ਕਰਦਾ ਹੈ।
ਅਧਿਆਤਮਕ ਰਾਹਾਂ ’ਤੇ ਤੁਰਦਿਆਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਦਾ ਇਹ ਅਜ਼ੀਮ ਤੇ ਅਮੁੱਲਾ ਰਿਸ਼ਤਾ ਹੀ ਸੀ ਜਿਸ ਨੂੰ ਕਿਸੇ ਸਮਾਜਿਕ ਨਾਮਕਰਣ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਇਸ ਰਿਸ਼ਤੇ ਦੌਰਾਨ ਹੀ ਭਾਈ ਮਰਦਾਨੇ ਦੀ ਰਬਾਬ ਦੀ ਸੰਗਤ ਵਿੱਚ ਬਾਬਾ ਨਾਨਕ ਵੱਲੋਂ ਉਚਾਰੀ ਗਈ ਗੁਰਬਾਣੀ ਨੇ ਮਨੁੱਖਤਾ ਨੂੰ ਧਰਮ-ਕਰਮ ਦੀ ਉਚਾਈ ਅਤੇ ਪਾਪ, ਅਨਿਆਂ ਤੇ ਜ਼ਬਰ ਖ਼ਿਲਾਫ਼ ਆਵਾਜ਼ ਦੀ ਬੁਲੰਦਗੀ ਨੂੰ ਨਵੀਂ ਪਛਾਣ ਦਿੱਤੀ। ਬਾਬਾ ਨਾਨਕ ਦੀਆਂ ਉਦਾਸੀਆਂ ਨੇ ਮਨੁੱਖੀ ਤਵਾਰੀਖ ਵਿੱਚ ਸਿੱਖ ਧਰਮ ਦੀ ਮੋੜ੍ਹੀ ਗੱਡੀ। ਆਮ ਲੋਕਾਈ ਨੂੰ ਇਸ ਨੂੰ ਵਿਚਾਰਨ, ਵਿਸਥਾਰਨ ਅਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਅਜਿਹਾ ਧਰਮ ਜੋ ਦੁਨਿਆਵੀ ਰੂਪ ਹੰਢਾਉਂਦਿਆਂ ਮਨੁੱਖ ਨੂੰ ਪਰਮ ਮਨੁੱਖ ਬਣਨ ਲਈ ਸਦਾ ਹੀ ਉਤਸ਼ਾਹਤ ਕਰਦਾ ਹੈ।
ਰਾਹ ਤਾਂ ਰਿਸ਼ਤਿਆਂ ਦੀ ਸਿਰਜਣਾ ਦੇ ਨਾਲ-ਨਾਲ ਉਨ੍ਹਾਂ ਦੀ ਪਰਖ ਦਾ ਵਸੀਲਾ ਵੀ ਹਨ। ਇਨ੍ਹਾਂ ਰਾਹਾਂ ਵਿੱਚ ਹੀ ਆਪਣੇ ਤੇ ਬੇਗਾਨੇ, ਮਿੱਤਰ ਤੇ ਦੁਸ਼ਮਣ, ਸੱਜਣ ਤੇ ਠੱਗ, ਪਾਕੀਜ਼ ਤੇ ਪਲੀਤ ਅਤੇ ਪਾਰਦਰਸ਼ੀ ਤੇ ਬਹਿਰੂਪੀਆਂ ਦੀ ਪਛਾਣ ਹੁੰਦੀ ਹੈ। ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ, ਤੂਤ ਦੇ ਮੋਛੇ ਵਰਗਾ ਸਾਥ ਨਿਭਾਉਣ ਅਤੇ ਜ਼ਿੰਦ ਬਦਲੇ ਸਬੰਧਾਂ ਨੂੰ ਆਂਚ ਵੀ ਨਾ ਆਉਣ ਦੇਣ ਵਾਲੇ ਲੋਕ ਰਾਹਾਂ ਵਿੱਚ ਸਿਰਜੇ ਰਿਸ਼ਤਿਆਂ ਦਾ ਸੁੱਚਮ ਤੇ ਉੱਚਮ ਹੁੰਦੇ ਹਨ।
ਨਵੀਆਂ ਰਾਹਾਂ ਸਿਰਜਣ ਲਈ ਮਨ ਦੀ ਸਕਾਰਾਤਮਕਤਾ ’ਤੇ ਮਾਣ ਕਰੋ ਅਤੇ ਨਕਾਰਾਤਮਕਤਾ ਨੂੰ ਨਕਾਰੋ। ਯਾਦ ਰੱਖੋ! ਤੈਰਨਾ ਸਿੱਖੋ, ਡੁੱਬ ਤਾਂ ਬੰਦਾ ਆਪੇ ਹੀ ਜਾਂਦਾ ਹੈ। ਸੁਪਨੇ ਸਿਰਜੋ, ਸੁਪਨਿਆਂ ਨੂੰ ਤੋੜਨ ਵਾਲੇ ਆਲੇ-ਦੁਆਲੇ ਬਹੁਤ ਹਨ। ਪਾਣੀ ਦੇ ਵਹਾਅ ਦੇ ਉਲਟ ਤੈਰਨ ਦੀ ਜੁਅੱਰਤ ਕਰੋ, ਵਹਾਅ ਦੀ ਦਿਸ਼ਾ ਵਿੱਚ ਪਾਣੀ ਆਪੇ ਲੈ ਜਾਵੇਗਾ। ਅੰਬਰੀਂ ਉਡਾਰੀਆਂ ਮਾਰਨ ਦੀ ਤਮੰਨਾ ਪੈਦਾ ਕਰੋ, ਧਰਤੀ ’ਤੇ ਸੁੱਟਣ ਵਾਲੇ ਤਾਂ ਆਪੇ ਹੀ ਆ ਜਾਣੇ ਹਨ। ਡਿੱਗ ਕੇ ਖ਼ੁਦ ਉਠੋ, ਗਿਰਾਉਣ ਵਾਲੇ ਤਾਂ ਸਾਡੇ ਆਪਣੇ ਹੀ ਹੁੰਦੇ ਹਨ। ਆਪਣੀਆਂ ਖੂਬੀਆਂ ਦੇਖੋ, ਖਾਮੀਆਂ ਤਾਂ ਲੋਕਾਂ ਨੇ ਲੱਭ ਹੀ ਲੈਣੀਆਂ ਹਨ। ਸੁੰਨੇ ਆਲਿਆਂ ਵਿੱਚ ਦੀਵੇ ਜਗਾਓ, ਬੁਝਾਉਣ ਲਈ ਫੂਕਾਂ ਮਾਰਨ ਵਾਲੇ ਬਹੁਤ ਆ ਜਾਣਗੇ। ਬਨੇਰੇ ’ਤੇ ਮੋਮਬੱਤੀਆਂ ਜਗਾਉਣ ਦਾ ਹੀਆ ਕਰੋ, ਹਨੇਰੀ ਨੇ ਤਾਂ ਬੁਝਾਉਣੀਆਂ ਹੀ ਹੁੰਦੀਆਂ ਹਨ। ਅਗਾਂਹ ਨੂੰ ਪੈਰ ਰੱਖੋ, ਲੱਤਾਂ ਖਿੱਚਣ ਲਈ ਲੋਕ ਹਨ।
ਰਾਹਾਂ ਵਿੱਚੋਂ ਪੈਦਾ ਹੋਏ ਰਿਸ਼ਤਿਆਂ ਵਿੱਚੋਂ ਬਹੁਤ ਸਾਰੇ ਹੋਰ ਰਾਹ ਨਿਕਲਦੇ ਹਨ ਜਿਹੜੇ ਉਨ੍ਹਾਂ ਦਿਸਹੱਦਿਆ ਵੱਲ ਧਿਆਨ ਦਿਵਾਉਂਦੇ ਹਨ ਜਿਹੜੇ ਸਾਥੋਂ ਓਹਲੇ ਹੁੰਦੇ ਹਨ। ਇਨ੍ਹਾਂ ਨੇ ਹੀ ਹੋਰ ਰਾਹਾਂ ਦੀ ਦੱਸ ਪਾ ਕੇ ਨਵੇਂ ਰਿਸ਼ਤਿਆਂ ਦੀ ਸਿਰਜਣਾ ਕਰਨੀ ਹੁੰਦੀ ਹੈ।
ਰਾਹਾਂ ਵਿੱਚੋਂ ਰਿਸ਼ਤੇ ਅਤੇ ਰਿਸ਼ਤਿਆਂ ਵਿੱਚੋਂ ਰਾਹ ਨਿਕਲਦੇ ਰਹਿਣ ਤਾਂ ਜੀਵਨ ਨੂੰ ਉਚੇਰੀਆਂ ਬੁਲੰਦੀਆਂ ’ਤੇ ਪਹੁੰਚਣ ਅਤੇ ਨਵੇਂ ਸ਼ਿਲਾਲੇਖਾਂ ਨੂੰ ਉੱਕਰਨ ਵਿੱਚ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪੈਂਦੀ। ਲੋੜ ਹੈ ਕਿ ਮਨੁੱਖ ਰਾਹਾਂ ’ਤੇ ਤੁਰਦਿਆਂ ਸੁਯੋਗ ਰਿਸ਼ਤਿਆਂ ਨੂੰ ਸਿਰਜਦਾ ਰਹੇ। ਫਿਰ ਖੁਦ-ਬ-ਖੁਦ ਇਨ੍ਹਾਂ ਰਿਸ਼ਤਿਆਂ ਵਿੱਚੋਂ ਹੋਰ ਪਗਡੰਡੀਆਂ ਨੇ ਆਪਣਾ ਮੁਹਾਂਦਰਾ ਉਜਾਗਰ ਕਰਦੇ ਰਹਿਣਾ ਅਤੇ ਨਵੇਂ ਰਿਸ਼ਤਿਆਂ ਦੀ ਉਤਪਤੀ ਦਾ ਸਬੱਬ ਬਣਦੇ ਰਹਿਣਾ ਹੈ।
ਮਨੁੱਖ ਦੀ ਜ਼ਿੰਦਗੀ ਦੇ ਅਨੇਕਾਂ ਰਾਹ ਅਤੇ ਇਨ੍ਹਾਂ ਰਾਹਾਂ ’ਤੇ ਅਨੇਕ ਰਿਸ਼ਤੇ ਉਸਰੇ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਆਪੋ-ਆਪਣੀ ਅਹਿਮੀਅਤ, ਅਮੁੱਲਤਾ, ਅੰਤਰੀਵਤਾ ਆਸਥਾ ਅਤੇ ਅਤੁੱਲਤਾ ਹੁੰਦੀ ਹੈ। ਇਨ੍ਹਾਂ ਨੂੰ ਇਨ੍ਹਾਂ ਦੇ ਸੰੰਦਰਭ ਵਿੱਚ ਸਮਝ ਕੇ ਰਿਸ਼ਤਿਆਂ ਦੀ ਸਾਰਥਿਕਤਾ, ਸਬੱਬਤਾ ਅਤੇ ਸਦੀਵਤਾ ਨੂੰ ਪਛਾਣਿਆ ਤੇ ਮਾਣਿਆ ਜਾ ਸਕਦਾ ਹੈ।
ਅਧਿਆਪਨ ਦੇ ਸਫ਼ਰ ਦੌਰਾਨ ਅਚੇਤ ਰੂਪ ਵਿੱਚ ਬਹੁਤ ਸਾਰੇ ਗੁਰੂ-ਸ਼ਿਸ਼ ਦੇ ਰਿਸ਼ਤੇ ਪਨਪਦੇ ਹਨ ਜਿਨ੍ਹਾਂ ਦੀ ਸੁਗੰਧ ਤੁਹਾਨੂੰ ਮਹਿਕ ਨਾਲ ਲਬਰੇਜ਼ ਕਰਦੀ ਹੈ। ਇਨ੍ਹਾਂ ਵਿੱਚੋਂ ਮਨੁੱਖ ਨੂੰ ਸੰਤੋਖ, ਸੰਤੁਸ਼ਟੀ ਅਤੇ ਕੁਝ ਚੰਗੇਰਾ ਕਰਨ ਦਾ ਅਹਿਸਾਸ ਭਾਰੂ ਰਹਿੰਦਾ ਹੈ। ਕਦੇ ਸਫ਼ਰ ਕਰਦਿਆਂ ਬਾਜ਼ਾਰ ਵਿੱਚ ਫਿਰਦਿਆਂ ਜਾਂ ਵਿਦੇਸ਼ੀ ਧਰਤੀ ’ਤੇ ਘੁੰਮਦਿਆਂ ਜਦੋਂ ਕੋਈ ਅਚਨਚੇਤੀ ਤੁਹਾਨੂੰ ਪਛਾਣ ਕੇ ਹਾਕ ਮਾਰਦਾ ਅਤੇ ਆਪਣੀ ਪਛਾਣ ਦੱਸ ਕੇ ਵਿਦਿਆਰਥੀ ਦੇ ਰੂਪ ਵਿੱਚ ਬਣੇ ਰਿਸ਼ਤੇ ਨੂੰ ਫਿਰ ਤੋਂ ਨਵਿਆਉਂਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਦੀਆਂ ਨਵੀਆਂ ਪਛਾਣਾਂ ਅਤੇ ਸਥਾਪਤੀਆਂ ’ਤੇ ਫ਼ਖਰ ਹੁੰਦਾ ਹੈ ਅਤੇ ਮਨ ਧੰਨਭਾਗਤਾ ਵਿੱਚ ਡੁੱਬ ਜਾਂਦਾ ਹੈ।
ਕਲਮ ਦੀ ਰਾਹ ’ਤੇ ਚੱਲਦਿਆਂ ਜਾਣੇ-ਅਣਜਾਣੇ ਅਜਿਹੇ ਰਿਸ਼ਤੇ ਸਥਾਪਤ ਹੋਏ ਜਿਨ੍ਹਾਂ ਨੂੰ ਭਾਵੇਂ ਤੁਸੀਂ ਕਦੇ ਵੀ ਨਾ ਮਿਲੋ, ਪਰ ਹਰਫ਼ਾਂ ਦੀ ਸਾਂਝ ਸਦਾ ਬਰਕਰਾਰ ਰਹਿੰਦੀ ਹੈ। ਹਰਫ਼ਾਂ ਵਿੱਚੋਂ ਜ਼ਿੰਦਗੀ ਨੂੰ ਖੁਸ਼ਨਸੀਬੀ ਤੇ ਜ਼ਿੰਦਾਦਿਲੀ ਮਿਲਦੀ ਹੈ। ਜੀਵਨ-ਰਾਹ ਹਰਿਆਵਲ ਅਤੇ ਸਾਹ-ਸੰਜੀਦਗੀ ਨਾਲ ਭਰਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਦੁਆ, ਕਲਮ ਦੀ ਕਸਤੂਰੀ, ਕਰਮਯੋਗਤਾ ਅਤੇ ਕਿਰਤ-ਸਾਧਨਾ ਲਈ ਕਰਤਾਰੀ ਸ਼ਕਤੀ ਬਣਦੀ ਹੈ। ਕਲਮ ਵਾਲੇ ਹੱਥਾਂ ਲਈ ਅਸੀਸਾਂ ਅਤੇ ਦੁਆਵਾਂ ਬਣਦੇ ਹਨ। ਇਨ੍ਹਾਂ ਅਸੀਸਾਂ ਸਦਕਾ ਕਲਮੀ ਸਫ਼ਰ ਨਿੱਤ ਨਵੇਂ ਰਾਹਾਂ ’ਤੇ ਨਵੀਆਂ ਪੈੜਾਂ ਸਿਰਜਣ ਵਿੱਚ ਮਸ਼ਰੂਫ਼ ਹੁੰਦਾ ਹੈ। ਹੋਰ ਨਵੇਂ ਰਿਸ਼ਤੇ ਪੈਦਾ ਕਰਨ ਲਈ ਉਤਸ਼ਾਹ ਅਤੇ ਉਮਾਹ ਰਹਿੰਦਾ ਹੈ। ਅੱਖਰਕਾਰੀ ਆਪਣੀਆਂ ਸੀਮਾਵਾਂ ਤੇ ਸਮਰੱਥਾਵਾਂ ਤੋਂ ਪਰੇ ਜਾ ਕੇ ਕੁਝ ਨਿਵੇਕਲਾ ਅਤੇ ਅਲੋਕਾਰੀ ਕਰਨ ਲਈ ਦ੍ਰਿੜ ਰਹਿੰਦੀ ਹੈ।
ਜੀਵਨ ਰਾਹਾਂ ’ਤੇ ਵੀ ਕਈ ਵਾਰ ਅਜਿਹੇ ਰਿਸ਼ਤੇ ਦਸਤਕ ਦੇਣ ਲਈ ਕਾਹਲੇ ਹੁੰਦੇ ਹਨ ਜਿਹੜੇ ਵਰਜਿਤ, ਵਿਸ਼ਵਾਸਘਾਤੀ ਜਾਂ ਕਿਸੇ ਖਾਸ ਮਕਸਦ ਲਈ ਕੁਝ ਕੁ ਲੋਕਾਂ ਵੱਲੋਂ ਅਣਚਾਹੇ ਰੂਪ ਵਿੱਚ ਸਿਰਜੇ ਜਾਂਦੇ ਹਨ। ਇਹ ਕਦੇ ਵੀ ਸਥਾਈ ਤੇ ਸਾਵੇਂ ਨਹੀਂ ਹੁੰਦੇ। ਇਹ ਤਾਂ ਸਿਰਫ਼ ਲੋੜ ਪੂਰਤੀ, ਮੁਫ਼ਾਦ ਜਾਂ ਨਿੱਜੀ ਲੋਭ ਤੀਕ ਹੀ ਸੀਮਤ ਹੁੰਦੇ ਹਨ। ਅਜੋਕੇ ਯੁੱਗ ਵਿੱਚ ਸੋਸ਼ਲ ਮੀਡੀਆ ਰਾਹੀਂ ਕਿਸੇ ਨੂੰ ਰਿਸ਼ਤਿਆਂ ਦੇ ਜਾਲ ਵਿੱਚ ਫਸਾ ਕੇ ਫਿਰੌਤੀ ਲੈਣੀ, ਜਾਸੂਸੀ ਕਰਨੀ, ਖਾਸ ਅਹੁਦੇ ਦੀ ਪ੍ਰਾਪਤੀ ਕਰਨੀ ਜਾਂ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਆਮ ਵਰਤਾਰਾ ਹੈ। ਇਹ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਸ ਵਿੱਚੋਂ ਸਿਰਜੇ ਰਿਸ਼ਤਿਆਂ ਕਾਰਨ ਨਮੋਸ਼ੀ ਅਤੇ ਹੀਣ-ਭਾਵਨਾ ਸਹਿਣ ਲਈ ਮਜਬੂਰ ਹੋਣਾ ਪੈਂਦਾ ਹੈ।
ਕਈ ਵਾਰ ਰਾਹੇ ਰਾਹ ਤੁਰੇ ਜਾਂਦਿਆਂ ਕੁਝ ਰਿਸ਼ਤੇ ਤੁਹਾਡੀ ਪਛਾਣ ਨਾਲ ਵੀ ਜੁੜੇ ਹੁੰਦੇ ਹਨ। ਲੋੜ ਹੁੰਦੀ ਹੈ ਕਿ ਇਹ ਪਛਾਣ ਹਮੇਸ਼ਾਂ ਜ਼ਿਕਰਯੋਗ ਅਤੇ ਸੁਨੱਖੀ ਹੀ ਰਹੇ। ‘ਕੇਰਾਂ ਅਮਰੀਕਾ ਵਿੱਚ ਸਿਟੀ ਸੈਂਟਰ ਨੂੰ ਜਾਂਦਿਆਂ ਇੱਕ ਗੋਰਾ ਮੇਰੀ ਪੱਗ ਵੇਖ ਕੇ ਕਹਿਣ ਲੱਗਾ ਕਿ ਮਿਸਟਰ ਡਾਕਟਰ, ਮੈਂ ਤੁਹਾਡੇ ਕੋਲੋਂ ਮੈਡੀਕਲ ਸਲਾਹ ਲੈਣੀ ਹੈ। ਮੈਂ ਅਚੰਭਤ ਹੋ ਗਿਆ ਅਤੇ ਮੁਆਫ਼ੀ ਮੰਗ ਕੇ ਕਿਹਾ ਕਿ ਮੈਂ ਮੈਡੀਕਲ ਡਾਕਟਰ ਨਹੀਂ, ਸਗੋਂ ਵਿਗਿਆਨ ਦਾ ਡਾਕਟਰ ਹਾਂ। ਬਾਅਦ ਵਿੱਚ ਪਤਾ ਲੱਗਾ ਕਿ ਕਲੀਵਲੈਂਡ ਵਿੱਚ ਵੱਸਦੇ ਗੋਰਿਆਂ ਲਈ ਹਰ ਪਗੜੀਧਾਰੀ ਡਾਕਟਰ ਹੈ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਸਿੱਖ ਡਾਕਟਰ ਪਗੜੀਧਾਰੀ ਹੀ ਸਨ। ਅਜਿਹੇ ਰਿਸ਼ਤੇ ਬਹੁਤ ਮਾਣਯੋਗ ਹੁੰਦੇ ਹਨ। ਆਪਣੇ ਬਜ਼ੁਰਗਾਂ ਦੀ ਮਾਣਮੱਤੀ ਸ਼ਖ਼ਸੀਅਤ ’ਤੇ ਨਾਜ਼ ਹੁੰਦਾ ਹੈ ਜਿਨ੍ਹਾਂ ਨੇ ਪੱਗ ਨੂੰ ਸਿੱਖਾਂ ਦੀ ਅਲੋਕਾਰੀ ਪਛਾਣ ਬਣਾ ਕੇ ਗੋਰਿਆਂ ਦੇ ਹਿਰਦਿਆਂ ਵਿੱਚ ਆਪਣੀ ਥਾਂ ਨਿਸ਼ਚਤ ਕਰ ਲਈ ਹੈ।
ਰਾਹਾਂ ਵਿੱਚ ਸਿਰਜੇ ਹੋਏ ਰਿਸ਼ਤੇ ਵਰਤਣ ਲਈ ਨਹੀਂ ਹੁੰਦੇ। ਸਗੋਂ ਇਨ੍ਹਾਂ ਦੀ ਮਹਿਕ ਨੂੰ ਸਾਹਾਂ ਦੇ ਨਾਮ ਲਾਉਣਾ ਹੁੰਦਾ ਹੈ ਅਤੇ ਖੁਦ ਨੂੰ ਅੰਦਰੋਂ ਜਗਾਉਣਾ ਹੁੰਦਾ ਹੈ। ਇਹ ਰਿਸ਼ਤੇ ਉਹ ਹੁੰਦੇ ਹਨ ਜਿਹੜੇ ਮੱਸਿਆ ਨੂੰ ਪੁੰਨਿਆ, ਰਾਤ ਨੂੰ ਦਿਨ, ਸ਼ਾਮ ਨੂੰ ਸਰਘੀ ਅਤੇ ਉਦਾਸ ਮਨ ਨੂੰ ਖੇੜੇ ਬਖ਼ਸ਼ਣ ਲਈ ਕਾਰਗਰ ਹੁੰਦੇ ਹਨ। ਇਨ੍ਹਾਂ ਦੀ ਰਹਬਿਰੀ ਵਿੱਚ ਜ਼ਿੰਦਗੀ ਨੂੰ ਨਿਆਮਤਾਂ ਦੀ ਬਖ਼ਸ਼ਿਸ਼ ਹੁੰਦੀ ਹੈ। ਇਨ੍ਹਾਂ ਦੀ ਨੇੜਤਾ ਵਿੱਚ ਜੀਵਨ-ਤੋਰ ਵਿੱਚ ਮਟਕਣ, ਬੋਲਾਂ ਵਿੱਚ ਸੰਗੀਤਕਤਾ, ਹੋਠਾਂ ’ਤੇ ਹਾਸੇ, ਪੈਰਾਂ ਵਿੱਚ ਸਫ਼ਰ ਅਤੇ ਮੱਥੇ ’ਤੇ ਕਰਮ-ਰੇਖਾਵਾਂ ਦਾ ਉਜਾਲਾ ਹੁੰਦਾ ਹੈ।
ਰਾਹਾਂ ਵਿੱਚ ਰਿਸ਼ਤੇ ਸਿਰਫ਼ ਕੁਝ ਲੋਕ ਹੀ ਸਿਰਜ ਸਕਦੇ ਹਨ ਜੋ ਆਤਮਿਕ ਉਚਾਣ ਦੇ ਹਾਣੀ ਹੁੰਦੇ ਹਨ ਜਿਨ੍ਹਾਂ ਦੇ ਮਨਾਂ ਵਿੱਚ ਸਾਫ਼ਗੋਈ ਦਾ ਵਾਸਾ ਹੁੰਦਾ ਹੈ। ਜਿਨ੍ਹਾਂ ਦੇ ਬੋਲਾਂ ਵਿੱਚ ਸਪੱਸ਼ਟਤਾ, ਜਿਨ੍ਹਾਂ ਦੀ ਨਿਰਸੁਆਰਥ ਭਾਵਨਾ ਤੇ ਅਲੋਕਾਰੀ ਸੋਚ, ਜਿਨ੍ਹਾਂ ਦੇ ਸਾਥ ਵਿੱਚ ਜੀਵਨ ਦੀ ਸੁੰਦਰਤਾ ਹੁੰਦੀ ਹੈ। ਜਿਨ੍ਹਾਂ ਦੀ ਰੋਅਬਦਾਰੀ ਵਿੱਚੋਂ ਵੀ ਨਿਰਮਾਣਤਾ, ਨਿਰਮਲਤਾ ਤੇ ਕੋਮਲਤਾ ਹੁੰਦੀ ਹੈ। ਇਨ੍ਹਾਂ ਦੇ ਮਨ ਦੀ ਬਗੀਚੀ ਵਿੱਚ ਕਦੇ ਵੀ ਪਤਝੜ ਨਹੀਂ ਸਗੋਂ ਹਮੇਸ਼ਾਂ ਬਹਾਰ ਹੁੰਦੀ ਹੈ।
ਰਾਹਾਂ ’ਤੇ ਰਿਸ਼ਤੇ ਜ਼ਰੂਰ ਸਿਰਜੋ। ਇਨ੍ਹਾਂ ਨੂੰ ਮਾਣੋ। ਪਰ ਕਦੇ ਵੀ ਇਨ੍ਹਾਂ ਦੀ ਧਰਾਤਲ ’ਤੇ ਨਿੱਜ ਦੀ ਉਸਾਰੀ ਨਾ ਕਰੋ। ਇਹ ਰਿਸ਼ਤੇ ਤੁਹਾਡੀ ਖੁਸ਼ਨਸੀਬੀ, ਖੁਸ਼ਹਾਲੀ ਅਤੇ ਖ਼ਬਤਕਾਰੀ ਦਾ ਬਸੇਰਾ ਬਣੇ ਰਹਿਣਗੇ।