ਅਮਨਦੀਪ ਸਿੰਘ
ਤਕਰੀਬਨ 12000 ਸਾਲ ਤੋਂ ਵੀ ਪਹਿਲਾਂ ਕੁਦਰਤ ਦਾ ਦਿਲ ਧੜਕਿਆ, ਇੱਕ ਗਲੇਸ਼ੀਅਰ ਦੀ ਬਰਫ਼ ਇੰਜ ਪਿਘਲੀ ਕਿ ਨਵੀਆਂ ਬਣੀਆਂ ਮਹਾਂ ਝੀਲਾਂ ਦਾ ਸੈਲਾਬ ਆਪਣਾ ਰਾਹ ਉਲੀਕਦਾ ਹੋਇਆ ਨਿਆਗਰਾ ਚਟਾਨ ਦੀ ਢਲਾਨ ਤੋਂ ਇੱਕ ਸ਼ਾਨਦਾਰ ਆਬਸ਼ਾਰ ਬਣ ਕੇ ਵਹਿਣ ਲੱਗਿਆ। ਇਹ ਉਸ ਸਮੇਂ ਦੀ ਘਟਨਾ ਹੈ ਜਦੋਂ ਅਜੇ ਬਰਫ਼ ਯੁੱਗ ਖ਼ਤਮ ਹੀ ਹੋਇਆ ਸੀ। ਬਰਫ਼ ਯੁੱਗ ਦੇ ਦਰਮਿਆਨ ਲਗਭਗ 17 ਲੱਖ ਸਾਲ ਪਹਿਲਾਂ ਉੱਤਰੀ ਅਮਰੀਕਾ ਮਹਾਂਦੀਪ ਦੇ ਗਲੇਸ਼ੀਅਰ ਜਿਨ੍ਹਾਂ ਦੀ ਤਹਿ ਤਕਰੀਬਨ 1-2 ਮੀਲ ਸੀ, ਨੇ ਨਿਆਗਰਾ ਫਰੰਟੀਅਰ ਖੇਤਰ ਨੂੰ ਢਕਿਆ ਹੋਇਆ ਸੀ। ਪਹਿਲਾਂ ਪਹਿਲ ਨਿਆਗਰਾ ਝਰਨੇ ਸੱਤ ਮੀਲ ਤੱਕ ਫੈਲੇ ਹੋਏ ਸਨ, ਪਰ ਯੁੱਗ ਬੀਤਣ ਨਾਲ ਚਟਾਨਾਂ ਦੇ ਕੰਢੇ ਖੁਰਦੇ ਗਏ (ਕਦੇ ਕਦੇ ਇੱਕ ਸਾਲ ਵਿੱਚ 6 ਫੁੱਟ) ਅਤੇ ਅੱਜ ਦਿਖਣ ਵਾਲਾ ਕੁਦਰਤੀ ਅਜੂਬਾ ਨਿੱਖਰ ਕੇ ਸਾਡੇ ਸਾਹਵੇਂ ਆਇਆ।
ਨਿਆਗਰਾ ਝਰਨੇ ਤਿੰਨ ਝਰਨਿਆਂ ਦਾ ਸਮੂਹ ਹਨ ਜਿਨ੍ਹਾਂ ਵਿੱਚ ਅਮਰੀਕਨ, ਬ੍ਰਾਈਡਲ ਵੇਲ (ਦੁਲਹਨ ਦਾ ਘੁੰਡ) ਅਤੇ ਹੌਰਸ ਸ਼ੂ (ਘੋੜੇ ਦਾ ਤਲਾ) ਝਰਨੇ ਹਨ। ਝਰਨਿਆਂ ਦੇ ਉੱਪਰੋਂ ਇੱਕ ਸਕਿੰਟ ਵਿੱਚ 3160 ਟਨ ਪਾਣੀ ਵਹਿੰਦਾ ਹੈ ਜੋ ਸੰਸਾਰ ਦੇ ਕਿਸੇ ਵੀ ਝਰਨੇਂ ਤੋਂ ਵੱਧ ਹੈ। ਪਾਣੀ 23 ਫੁੱਟ/ਸਕਿੰਟ ਦੇ ਵੇਗ ਨਾਲ ਡਿੱਗਦਾ ਹੈ ਅਤੇ ਥੱਲੇ ਕ੍ਰਮਵਾਰ 280 ਟਨ (ਅਮਰੀਕਨ ਤੇ ਬ੍ਰਾਈਡਲ ਵੇਲ) ਅਤੇ 2509 ਟਨ (ਹੌਰਸ ਸ਼ੂ) ਦੇ ਜ਼ੋਰ ਨਾਲ ਇੰਜ ਡਿੱਗਦਾ ਹੈ ਕਿ ਆਸ-ਪਾਸ ਅਤਿਅੰਤ ਖ਼ੂਬਸੂਰਤ ਅਤੇ ਵਿਸ਼ਾਲ ਧੁੰਦ ਦੇ ਬੱਦਲ ਫੈਲ ਜਾਂਦੇ ਹਨ ਜੋ ਦੂਰ ਦੂਰ ਤੱਕ ਠੰਢੀ ਫੁਹਾਰ ਵਰਸਾਉਂਦੇ ਹਨ ਅਤੇ ਆਸ-ਪਾਸ ਗੁਜ਼ਰਨ ਵਾਲਿਆਂ ਨੂੰ ਸਰਸ਼ਾਰ ਕਰ ਦਿੰਦੇ ਹਨ।
ਭਾਵੇਂ ਨਿਆਗਰਾ ਝਰਨੇ ਸੰਸਾਰ ਦੇ ਸਭ ਤੋਂ ਉੱਚੇ ਝਰਨੇ ਨਹੀਂ ਹਨ, ਪਰ ਉਹ ਚੌੜਾਈ ਵਿੱਚ ਸਭ ਤੋਂ ਵੱਡੇ ਹਨ। ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿੱਚੋਂ ਚਾਰ ਝੀਲਾਂ (ਸੁਪੀਰੀਅਰ, ਮਿਸ਼ੀਗਨ, ਹੁਰੌਨ ਅਤੇ ਈਰੀ) ਦਾ ਪਾਣੀ ਵਹਿੰਦਾ ਹੋਇਆ ਨਿਆਗਰਾ ਝਰਨਿਆਂ ਦੇ ਉੱਪਰੋਂ ਡਿੱਗ ਕੇ ਨਿਆਗਰਾ ਦਰਿਆ ਰਾਹੀਂ ਸਭ ਤੋਂ ਵੱਡੀ ਝੀਲ ਓਂਟਾਰੀਓ ਵਿੱਚ ਜਾ ਮਿਲਦਾ, ਜਿੱਥੋਂ ਅੰਤ ਵਿੱਚ ਸਮੁੰਦਰ ਵਿੱਚ ਮਿਲ ਜਾਂਦਾ ਹੈ। ਨਿਆਗਰਾ ਝਰਨੇ ਬਿਜਲੀ ਸ਼ਕਤੀ ਦੇ ਦੁਨੀਆ ਦੇ ਸਭ ਤੋਂ ਪਹਿਲੇ ਸੋਮੇ ਹਨ। ਨਿਆਗਰਾ ਸਟੇਟ ਪਾਰਕ ਅਨੁਸਾਰ ਨਿਆਗਰਾ ਝਰਨੇ ਦੇ ਉੱਪਰ ਉਸਾਰੇ ਡੈਮ ਤੋਂ 40 ਲੱਖ ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜਿਹੜੀ ਅਮਰੀਕਾ ਅਤੇ ਕੈਨੇਡਾ ਆਪਸ ਵਿੱਚ ਵੰਡ ਲੈਂਦੇ ਹਨ। ਝਰਨਿਆਂ ਤੋਂ ਉਤਪੰਨ ਹੋਣ ਵਾਲੀ ਸੰਭਾਵਿਤ ਬਿਜਲਈ ਊਰਜਾ ਦੇ ਮੌਕਿਆਂ ਨੇ ਉਦਯੋਗਪਤੀਆਂ ਨੂੰ ਆਪਣੇ ਵੱਲ ਖਿੱਚਿਆ, ਜਿਨ੍ਹਾਂ ਨੇ ਇਨ੍ਹਾਂ ਦੀ ਵਿਸ਼ਾਲ ਸ਼ਕਤੀ ਨੂੰ ਬੰਨ੍ਹਣ ਦੇ ਉਪਰਾਲੇ ਕੀਤੇ ਅਤੇ ਪਣ-ਚੱਕੀਆਂ ਤੋਂ ਆਪਣੀਆਂ ਫੈਕਟਰੀਆਂ ਤੇ ਮਿੱਲਾਂ ਚਲਾਈਆਂ। ਇੱਥੇ 1895 ਵਿੱਚ ਦੁਨੀਆ ਦਾ ਸਭ ਤੋਂ ਪਹਿਲਾ ਪਣ ਬਿਜਲੀ ਸਟੇਸ਼ਨ ਖੁੱਲ੍ਹਿਆ ਜੋ ਡੀ. ਸੀ. (DC) ਤਰੀਕੇ ਦਾ ਸੀ ਅਤੇ ਸਿਰਫ਼ 100 ਗਜ਼ ਤੱਕ ਹੀ ਬਿਜਲੀ ਭੇਜ ਸਕਦਾ ਸੀ। 1896 ਵਿੱਚ ਇੱਕ ਮਸ਼ਹੂਰ ਬਿਜਲੀ ਇੰਜਨੀਅਰ ਨਿਕੋਲਾ ਟੈਸਲਾ ਨੇ ਏ. ਸੀ. (AC) ਤਰੀਕਾ ਖੋਜਿਆ ਜਿਸ ਨਾਲ ਉਸ ਵੱਲੋਂ ਬਣਾਈ ਮੋਟਰ ਨਾਲ ਨਿਆਗਰਾ ਤੋਂ ਬਫਲੋ ਤੱਕ (ਤਕਰੀਬਨ 20 ਕੁ ਮੀਲ) ਬਿਜਲੀ ਪਹੁੰਚਣੀ ਸ਼ੁਰੂ ਹੋ ਗਈ। ਇਹ ਬਿਜਲੀ ਨੂੰ ਦੂਰ ਖਪਤਕਾਰ ਤੱਕ ਪਹੁੰਚਾਉਣ ਦਾ ਪਹਿਲਾ ਵਪਾਰਕ ਇਸਤੇਮਾਲ ਸੀ ਜੋ ਅਜੇ ਤੱਕ ਪੂਰੇ ਸੰਸਾਰ ਵਿੱਚ ਚੱਲ ਰਿਹਾ ਹੈ। ਨਿਆਗਰਾ ਖੱਡ (gorge) ਖੋਜ ਕੇਂਦਰ ਉਸ ਪਹਿਲੇ ਪਾਵਰ ਪਲਾਂਟ ’ਤੇ ਬਣਿਆ ਹੋਇਆ ਹੈ।
ਕਈ ਸਾਹਸੀ ਤੇ ਉੱਦਮੀ ਲੋਕਾਂ/ਬਾਜ਼ੀਗਰਾਂ ਨੇ ਨਿਆਗਰਾ ਝਰਨੇ ਹੌਰਸ ਸ਼ੂ ਦੇ ਉੱਪਰੋਂ ਲੱਕੜੀ ਦੇ ਢੋਲ (ਬੈਰਲ) ਵਿੱਚ ਛਾਲ ਮਾਰਨ ਦਾ ਸਾਹਸੀ ਕਾਰਨਾਮਾ ਕੀਤਾ। ਸਭ ਤੋਂ ਪਹਿਲਾਂ ਐਨੀ ਐਡੀਸਨ ਟੇਲਰ ਨਾਮ ਦੀ ਇੱਕ ਔਰਤ ਨੇ 1901 ਵਿੱਚ ਇਨ੍ਹਾਂ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਤਾਂ ਫਿਰ ਬਹੁਤ ਸਾਰੇ ਲੋਕਾਂ ਨੇ ਇਹ ਕਾਰਨਾਮੇ ਕਰ ਵਿਖਾਏ ਤੇ ਨਵੇਂ ਨਵੇਂ ਕੀਰਤੀਮਾਨ ਕਾਇਮ ਕੀਤੇ। ਅਫ਼ਸੋਸ, ਕਈ ਅਭਾਗੇ ਛਲਾਂਗਾਂ ਲਗਾਉਂਦੇ ਹੋਏ ਮੌਤ ਦੇ ਵਹਿਣ ਵਿੱਚ ਵੀ ਵਹਿ ਗਏ। ਬਹੁਤ ਸਾਰੇ ਬਾਜ਼ੀਗਰਾਂ ਨੇ ਰੱਸੀ ਉੱਤੇ ਤੁਰ ਕੇ ਵੀ ਨਿਆਗਰਾ ਝਰਨਿਆਂ ਨੂੰ ਪਾਰ ਕੀਤਾ – ਪਿੱਛੇ ਜਿਹੇ 2012 ਈਸਵੀ ਵਿੱਚ ਨਿੱਕ ਵਲੈਂਡਾ ਨੇ ਅਜਿਹਾ ਅਮਰੀਕਾ ਤੋਂ ਕੈਨੇਡਾ ਵੱਲ ਰੱਸੀ ’ਤੇ ਤੁਰਨ ਦਾ ਪ੍ਰਦਰਸ਼ਨ ਕੀਤਾ ਜਿਸ ਦੀ ਬਹੁਤ ਚਰਚਾ ਹੋਈ। ਕਹਿੰਦੇ ਹਨ ਕਿ ਜਦੋਂ ਉਹ ਕੈਨੇਡਾ ਵਾਲੇ ਪਾਸੇ ਪੁੱਜਿਆ ਤਾਂ ਸਭ ਤੋਂ ਪਹਿਲਾਂ ਉਸ ਦਾ ਪਾਸਪੋਰਟ ਚੈੱਕ ਕੀਤਾ ਗਿਆ।
ਨਿਆਗਰਾ ਝਰਨੇ ਸੰਸਾਰ ਦੇ ਸੈਲਾਨੀਆਂ ਲਈ ਮਸ਼ਹੂਰ ਅਤੇ ਵਿਲੱਖਣ ਮੰਜ਼ਿਲ ਹਨ- ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਘੁੰਮਣ ਆਉਂਦੇ ਹਨ। ਵਿਆਹ ਦੇ ਬੰਧਨ ਵਿੱਚ ਬੱਝਣ ਅਤੇ ਹਨੀਮੂਨ ਮਨਾਉਣ ਲਈ ਵੀ ਇਹ ਇੱਕ ਪ੍ਰਸਿੱਧ ਜਗ੍ਹਾ ਹੈ। ਸੰਸਾਰ ਦੀ ਹਨੀਮੂਨ ਰਾਜਧਾਨੀ ਦਾ ਨਾਮ ਦੇਣਾ ਨਿਆਗਰਾ ਝਰਨਿਆਂ ਲਈ ਸਭ ਤੋਂ ਢੁਕਵਾਂ ਸਨਮਾਨ ਹੈ। ਇਤਿਹਾਸਕ ਤੌਰ ’ਤੇ ਇਸ ਨੂੰ ਪਿਆਰ ਦੀ ਸੈਰਗਾਹ ਕਿਹਾ ਜਾਂਦਾ ਰਿਹਾ ਹੈ, ਭਾਵੇਂ ਇਹ ਝਰਨਿਆਂ ਵਿੱਚੋਂ ਉੱਡਦੀ ਮਨਮੋਹਕ ਫੁਹਾਰ ਜਾਂ ਬਹਾਰ ਤੇ ਗਰਮੀ ਰੁੱਤ ਦੇ ਵਧੀਆ ਮੌਸਮ ਕਰਕੇ ਹੋਵੇ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਇੱਥੇ ਜੋੜੇ ਵਿਆਹ ਦੇ ਬੰਧਨਾਂ ਵਿੱਚ ਬੱਝਣ ਲਈ ਪੁੱਜਦੇ ਹਨ। ਆਪਣੀ ਪਸੰਦ ਨਾਲ ਉਹ ਚਾਹੇ ਝਰਨਿਆਂ ਦੇ ਕੋਲ ਜਾਂ ਆਸ-ਪਾਸ ਕਿਤੇ ਵੀ ਵਿਆਹ ਦੀਆਂ ਰਸਮਾਂ ਕਰ ਸਕਦੇ ਹਨ। ਨਿਆਗਰਾ ਟੂਰਿਜ਼ਮ ਵਿਭਾਗ ਉਨ੍ਹਾਂ ਨੂੰ ਵਿਆਹ ਦਾ ਪ੍ਰਮਾਣਿਕ ਸਰਟੀਫਿਕੇਟ ਵੀ ਜਾਰੀ ਕਰਕੇ ਦਿੰਦਾ ਹੈ। ਜੋੜੀਆਂ ਸ਼ਾਨਦਾਰ ਆਬਸ਼ਾਰ ਦੇ ਸਾਹਮਣੇ ਆਪਣੇ ਖ਼ੂਬਸੂਰਤ ਭਵਿੱਖ ਦੀ ਕਾਮਨਾ ਕਰਦੀਆਂ ਹਨ ਅਤੇ ਵਗਦੇ ਝਰਨੇ ਤੇ ਦਰਿਆ ਉਨ੍ਹਾਂ ਦੀ ਮੁਹੱਬਤ ਦੇ ਗਵਾਹ ਬਣਦੇ ਹਨ।
ਕੁਦਰਤੀ ਕ੍ਰਿਸ਼ਮੇ ਵਿਸ਼ਾਲ ਆਬਸ਼ਾਰਾਂ ਅਤੇ ਆਸਪਾਸ ਦੇ ਮਨਮੋਹਕ ਦ੍ਰਿਸ਼ਾਂ ਦਾ ਦੀਦਾਰ ਕਰਕੇ ਯਾਤਰੂਆਂ ਨੂੰ ਸਭ ਕੁਝ ਭੁੱਲ ਜਾਂਦਾ ਹੈ ਤੇ ਉਹ ਠੰਢੀ ਭੂਰ ਦੇ ਕੋਮਲ ਸਪਰਸ਼ ਨਾਲ ਗਦਗਦ ਹੋ ਜਾਂਦੇ ਹਨ। ਝਰਨਿਆਂ ਤੋਂ ਉਤਪੰਨ ਹੋਣ ਵਾਲੇ ਬੱਦਲਾਂ ਵਿੱਚੋਂ ਸੂਰਜ ਦੀਆਂ ਕਿਰਨਾਂ ਪ੍ਰਵਰਤਿਤ ਹੋ ਕੇ ਇੰਦਰਧਨੁਸ਼ ਜਾਂ ਸਤਰੰਗੀ ਪੀਂਘਾਂ ਬਣਾਉਂਦੀਆਂ ਹਨ। ਜਿੱਧਰ ਵੀ ਨਜ਼ਰ ਫੇਰੋ ਤੁਸੀਂ ਉਹ ਸਤਰੰਗੇ ਇੰਦਰਧਨੁਸ਼ ਵੇਖ ਸਕਦੇ ਹੋ। ਇਸੇ ਕਰਕੇ ਅਮਰੀਕਾ ਤੇ ਕੈਨੇਡਾ ਨੂੰ ਜੋੜਨ ਵਾਲੇ ਪੁਲ ਦਾ ਨਾਂ ਵੀ ਇੰਦਰਧਨੁਸ਼ ਪੁਲ (Rainbow Bridge) ਰੱਖਿਆ ਗਿਆ ਹੈ। ਝਰਨਿਆਂ ਦੀ ਵਿਸ਼ਾਲਤਾ ਨੂੰ ਵੇਖ ਕੇ ਸੈਲਾਨੀਆਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ, ਪਰ ਪਾਣੀ ਦੇ ਉਛਾਲ ਤੋਂ ਉਪਜੀ ਧੁੰਧ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਉਹ ਕੁਦਰਤ ਨਾਲ ਇਕ-ਮਿਕ ਹੋ ਕੇ ਅਤੇ ਉਸ ਦੀ ਖੂਬਸੂਰਤੀ ਵਿੱਚ ਲੀਨ ਹੋ ਕੇ ਧਿਆਨ ਧਰ ਸਕਣ। ਪਰ ਮਸ਼ੀਨੀ ਦੁਨੀਆ ਦਾ ਸ਼ੋਰ ਅਤੇ ਖਿੱਚ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦੇ। ਆਸ-ਪਾਸ ਉਸਾਰੇ ਜੂਆ-ਘਰ (Casino) ਤੇ ਹੋਰ ਬਣਾਉਟੀ ਆਕਰਸ਼ਣ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕਰਦੇ ਹਨ, ਕੁਦਰਤ ਦਾ ਆਨੰਦ ਮਾਣਨ ਆਇਆ ਯਾਤਰੀ ਸੁਭਾਵਿਕ ਹੀ ਬਣਾਉਟੀ ਅਤੇ ਝੂਠੇ ਆਨੰਦ ਵਿੱਚ ਗੁਆਚ ਜਾਂਦਾ ਹੈ। ਪਰ ਕੁਝ ਇੱਕ ਆਕਰਸ਼ਣ ਕੁਦਰਤੀ ਅਨੁਭਵ ਪ੍ਰਦਾਨ ਕਰਦੇ ਹਨ – ਜਿਵੇਂ ਕਿ ‘ਧੁੰਦ ਕੰਨਿਆ’ (Maid of the Mist) ਨਾਂ ਦੀ ਕਿਸ਼ਤੀ ਦੀ ਸੈਰ ਜੋ ਤੁਹਾਨੂੰ ਨਿਆਗਰਾ ਝਰਨਿਆਂ ਦੇ ਕਦਮਾਂ ਦੇ ਬਿਲਕੁਲ ਕੋਲ ਲੈ ਜਾਂਦੀ ਹੈ।
ਨਿਆਗਰਾ ਫਾਲਜ਼ ਦੋ ਜੁੜਵੇਂ ਸ਼ਹਿਰਾਂ ਦਾ ਨਾਂ ਵੀ ਹੈ – ਇੱਕ ਅਮਰੀਕਾ ਵਿੱਚ ਅਤੇ ਦੂਜਾ ਕੈਨੇਡਾ ਵਿੱਚ। ਕੈਨੇਡਾ ਵਿਚਲਾ ਸ਼ਹਿਰ ਜ਼ਿਆਦਾ ਵਪਾਰਕ ਹੈ ਕਿਉਂਕਿ ਕੈਨੇਡਾ ਵਾਲੇ ਪਾਸਿਓਂ ਹੀ ਤੁਸੀਂ ਤਿੰਨੇ ਝਰਨਿਆਂ ਦਾ ਸੰਪੂਰਨ ਦ੍ਰਿਸ਼ ਵੇਖ ਸਕਦੇ ਹੋ ਜੋ ਕਿ ਅਮਰੀਕਾ ਵਾਲੇ ਪਾਸੇ ਤੋਂ ਸੰਭਵ ਨਹੀਂ ਹੈ। ਹਾਲਾਂਕਿ ਅਮਰੀਕਾ ਵਾਲੇ ਪਾਸੇ ਇੱਕ ਲੰਬਾ ਪੁਲ ਉਸਾਰ ਕੇ ਕਾਫ਼ੀ ਹੱਦ ਤੱਕ ਪੂਰਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੂਰਾ ਦ੍ਰਿਸ਼ ਕਿਸ਼ਤੀ ਦੀ ਸੈਰ ਰਾਹੀਂ ਦਿੱਖ ਜਾਂਦਾ ਹੈ। ਅਮਰੀਕਾ ਵਾਲੇ ਪਾਸਿਓਂ ਵੀ ਕਿਸ਼ਤੀ ਦੀ ਸੈਰ ਤੁਹਾਨੂੰ ਕੈਨੇਡੀਅਨ ਪਾਣੀ ਵਿੱਚ ਲੈ ਜਾਂਦੀ ਹੈ। ਅਮਰੀਕਨ ਪਾਸਾ ਇੰਨਾ ਜ਼ਿਆਦਾ ਵਪਾਰਕ ਨਹੀਂ ਅਤੇ ਉੱਧਰ ਜ਼ਿਆਦਾ ਤੋਂ ਜ਼ਿਆਦਾ ਕੁਦਰਤੀ ਮਾਹੌਲ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਰਾਸ਼ਟਰੀ ਖ਼ਜ਼ਾਨੇ ਨੂੰ ਸੰਭਾਲਣ ਲਈ ਇਸ ਨੂੰ ਸਟੇਟ ਪਾਰਕ ਦੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ ਜੋ ਕਿ ਪ੍ਰਸਿੱਧ ਭਵਨ ਨਿਰਮਾਤਾ ਫਰੈਡਰਿਕ ਲਾ ਓਮਸਟੈਂਡ ਨੇ ਤਿਆਰ ਕੀਤੀ ਸੀ। ਇਹ ਅਮਰੀਕਾ ਦੀ ਸਭ ਤੋਂ ਪੁਰਾਣੀ ਸਟੇਟ ਪਾਰਕ ਹੈ। ਇੱਥੇ ਤੁਸੀਂ ਆਸ-ਪਾਸ ਦੀਆਂ ਪ੍ਰਸਿੱਧ ਥਾਵਾਂ ਵੇਖ ਸਕਦੇ ਹੋ ਜਿਵੇਂ ਕਿ ਦੇਖਣ-ਸਥਲ, ਹਵਾਵਾਂ ਦੀ ਗੁਫ਼ਾ (Cave of the Winds), ਨਿਆਗਰਾ ਮੱਛਲੀ ਘਰ (Niagara Aquarium), ਨਿਆਗਰਾ ਖੋਜ ਅਜਾਇਬ ਘਰ, ਬੱਕਰੀ ਟਾਪੂ (Goat Island) ਆਦਿ। ਹਵਾਵਾਂ ਦੀ ਗੁਫ਼ਾ ਦੇਖਣ ਲਈ ਲਿਫਟ ਅਤੇ ਲੱਕੜੀ ਦੀਆਂ ਪੌੜੀਆਂ ਰਾਹੀਂ ਤੁਸੀਂ ਅਮਰੀਕਨ ਝਰਨੇ ਦੇ ਹੇਠਾਂ ਬਿਲਕੁਲ ਕੋਲ ਜਾ ਸਕਦੇ ਹੋ ਅਤੇ ਉਸ ਦੀ ਵਿਸ਼ਾਲਤਾ ਦਾ ਆਨੰਦ ਮਾਣ ਸਕਦੇ ਹੋ। ਨਿਆਗਰਾ ਮੱਛਲੀ ਘਰ ਵੀ ਬਹੁਤ ਪ੍ਰਸਿੱਧ ਤੇ ਵੇਖਣਯੋਗ ਅਜਾਇਬ ਘਰ ਹੈ, ਜਿੱਥੇ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਮੱਛੀਆਂ ਤੇ ਉਨ੍ਹਾਂ ਦਾ ਪ੍ਰਦਰਸ਼ਨ ਦੇਖ ਸਕਦੇ ਹੋ। ਤੁਸੀਂ ਗੁਬਾਰੇ ਦੀ ਸੈਰ, ਹੈਲੀਕਾਪਟਰ ਤੇ ਟਰਾਲੀ ਟੂਰ ਵੀ ਕਰ ਸਕਦੇ ਹੋ। ਜੇ ਤੁਸੀਂ ਕੁਦਰਤ ਨਾਲ ਇੱਕ-ਮਿਕ ਹੋਣਾ ਹੈ ਤਾਂ ਤੁਸੀਂ ਨਿਆਗਰਾ ਘਾਟੀ ਦੀ ਪੈਦਲ ਯਾਤਰਾ ਵੀ ਕਰ ਸਕਦੇ ਹੋ। ਹੁਣ ਦੇਖਾ ਦੇਖੀ ਅਤੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਉੱਥੇ ਵੀ ਜੂਆ-ਘਰ ਖੁੱਲ੍ਹ ਗਏ ਹਨ। ਬੱਕਰੀ ਟਾਪੂ ਇੱਕ ਛੋਟਾ ਜਿਹਾ ਟਾਪੂ ਹੈ ਜੋ ਦੋ ਝਰਨਿਆਂ ਵਿਚਕਾਰ ਸਥਿਤ ਹੈ, ਜਿੱਥੋਂ ਵਹਿੰਦੇ ਦਰਿਆ ਤੇ ਝਰਨਿਆਂ ਦੇ ਬਹੁਤ ਸੋਹਣੇ ਨਜ਼ਾਰੇ ਵਿਖਾਈ ਦਿੰਦੇ ਹਨ। ਝਰਨਿਆਂ ਤੋਂ ਵਰਸਦੀ ਫੁਹਾਰ ਉੱਥੋਂ ਦੀ ਮੂਲ ਬਨਸਪਤੀ ਲਈ ਇੱਕ ਕੁਦਰਤੀ ਨਰਸਰੀ ਬਣਾਉਂਦੀ ਹੈ। ਉੱਥੇ ਮਿਲਣ ਵਾਲੀ ਬਨਸਪਤੀ ਦੀਆਂ ਕਿਸਮਾਂ 600 ਤੋਂ ਵੀ ਜ਼ਿਆਦਾ ਹਨ।
ਕੈਨੇਡਾ ਵਾਲੇ ਪਾਸੇ ਖੂਬਸੂਰਤ ਨਜ਼ਾਰਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਕਰਸ਼ਣ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਕਿਸ਼ਤੀ ਦੀ ਸੈਰ ਹੈ। ‘ਝਰਨਿਆਂ ਦੇ ਪਿੱਛੇ ਯਾਤਰਾ’ ਵਿੱਚ ਤੁਸੀਂ ਹੌਰਸ ਸ਼ੂ ਝਰਨੇ ਦੇ ਪਿੱਛੇ ਬਣੀ ਸੁਰੰਗ ਵਿੱਚ ਜਾ ਕੇ ਆਪਣੇ ਹੱਥਾਂ ਨਾਲ ਸਰਸ਼ਾਰ ਡਿੱਗਦੇ ਪਾਣੀ ਨੂੰ ਛੂਹ ਸਕਦੇ ਹੋ। ਹਨੇਰੀ ਸੁਰੰਗ ਦੇ ਅੰਤ ਵਿੱਚ ਚਾਂਦੀ ਰੰਗੇ ਪਾਣੀ ਦੀ ਝਾਲਰ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ। ‘ਸਕਾਈ ਲੋਨ ਟਾਵਰ’ ਦੀ ਆਕਾਸ਼ ਨੂੰ ਛੂੰਹਦੀ ਇਮਾਰਤ ਉੱਤੇ ਜਾ ਕੇ ਤੁਸੀਂ ਘੁੰਮਦੇ ਹੋਏ ਰੇਸਤਰਾਂ ਵਿੱਚ ਖਾਣਾ ਖਾਂਦੇ ਹੋਏ ਝਰਨਿਆਂ ਦੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹੋ। ਉੱਥੇ ਸਿਨਮਾ ਘਰ, ਦੁਕਾਨਾਂ ਅਤੇ ਹੋਰ ਆਕਰਸ਼ਣ ਵੀ ਹਨ। ‘ਸਕਾਈ ਵੀਲ੍ਹ’ ਜੋ ਕਿ ਵੱਡਾ ਹਿੰਡੋਲਾ (Ferris wheel) ਹੈ, ਵਿੱਚ ਚੱਕਰ ਲੈਂਦੇ ਹੋਏ ਝਰਨਿਆਂ ਦੀ ਖ਼ੂਬਸੂਰਤੀ ਵੇਖ ਸਕਦੇ ਹੋ। ਆਸ-ਪਾਸ ਹੋਰ ਵੀ ਅਨੇਕਾਂ ਆਕਰਸ਼ਣ ਹਨ ਜੋ ਯਾਤਰੂਆਂ ਨੂੰ ਰੁਝੇਵਿਆਂ ਭਰਪੂਰ ਰੱਖਦੇ ਹਨ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਵਿਕਟੋਰੀਆ ਜ਼ਮਾਨੇ ਦੀ ਘੋੜਾ-ਗੱਡੀ ਦੀ ਸੈਰ ਕਰ ਸਕਦੇ ਹੋ ਜੋ ਛੋਟੇ ਬੱਚਿਆਂ ਨੂੰ ਬਹੁਤ ਚੰਗੀ ਲੱਗਦੀ ਹੈ। ਗਰਮੀਆਂ ਵਿੱਚ ਰੋਜ਼ ਰਾਤ ਨੂੰ ਆਤਿਸ਼ਬਾਜ਼ੀ-ਪਟਾਖਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਹੁੰਦਾ ਹੈ ਜੋ ਦਰਸ਼ਕਾਂ ਦਾ ਮਨ ਮੋਹ ਲੈਂਦਾ ਹੈ। ਰੰਗ-ਬਿਰੰਗੀਆਂ ਆਤਿਸ਼ਬਾਜ਼ੀਆਂ ਹਵਾ ਵਿੱਚ ਕਲਾਬਾਜ਼ੀਆਂ ਖਾਂਦੀਆਂ, ਆਕਾਸ਼ ਦੇ ਕਾਲੇ ਕੈਨਵਸ ’ਤੇ ਖ਼ੂਬਸੂਰਤ ਨਮੂਨੇ ਵਾਹੁੰਦੀਆਂ ਹਵਾ ਵਿੱਚ ਇੱਕ ਜਾਦੂਈ ਮਾਹੌਲ ਸਿਰਜਦੀਆਂ ਹਨ। ਨਾਲ ਹੀ ਰੌਸ਼ਨੀ ਤੇ ਆਵਾਜ਼ (ਝਰਨਿਆਂ ਦੀ ਕੁਦਰਤੀ) ਦਾ ਪ੍ਰਦਰਸ਼ਨ ਵੀ ਵੇਖਣਯੋਗ ਹੁੰਦਾ ਹੈ ਜੋ ਯਾਤਰੀਆਂ ਨੂੰ ਇੱਕ ਵਿਲੱਖਣ ਕੋਨੇ ਤੋਂ ਝਰਨਿਆਂ ਦੀ ਸੁੰਦਰਤਾ ਦਾ ਆਨੰਦ ਮਾਣਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਲੱਗ-ਅਲੱਗ ਰੰਗ ਦੀਆਂ ਰੌਸ਼ਨੀਆਂ ਝਰਨਿਆਂ ਉੱਤੇ ਝਲਕ ਮਾਰ ਕੇ ਸੁਰੀਲੀ ਸ਼ਾਮ ਨੂੰ ਰੰਗਮਈ ਬਣਾ ਦਿੰਦੀਆਂ ਹਨ। ਇੰਜ ਲੱਗਦਾ ਹੈ ਕਿ ਉਨ੍ਹਾਂ ਨੂੰ ਨਿਹਾਰਦੇ ਹੀ ਰਹੀਏ। ਆਤਿਸ਼ਬਾਜ਼ੀ ਤੋਂ ਜ਼ਿਆਦਾ ਰੌਸ਼ਨੀਆਂ ਦਾ ਪ੍ਰਦਰਸ਼ਨ ਜ਼ਿਆਦਾ ਸਕੂਨ ਦਿੰਦਾ ਹੈ ਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਨਹੀਂ ਕਰਦਾ।
ਉਂਜ ਤਾਂ ਨਿਆਗਰਾ ਫਾਲਜ਼ ਵੇਖਣ ਦਾ ਸਭ ਤੋਂ ਵਧੀਆ ਸਮਾਂ ਗਰਮੀਆਂ ਵਿੱਚ ਹੈ, ਪਰ ਇਸ ਵਾਰ ਅਸੀਂ ਨਵੰਬਰ ਦੇ ਮਹੀਨੇ ਵਿੱਚ ਟੋਰਾਂਟੋ ਜਾਂਦੇ ਹੋਏ ਉੱਥੇ ਇੱਕ ਦਿਨ ਲਈ ਰੁਕੇ ਜੋ ਕਿ ਅਲੱਗ ਕਿਸਮ ਦਾ ਹੀ ਅਨੁਭਵ ਸੀ। ਨਵੰਬਰ ਵਿੱਚ ਉੱਥੇ ਬਹੁਤ ਠੰਢ ਹੋ ਜਾਂਦੀ ਹੈ ਅਤੇ ਠੰਢੀਆਂ ਤੇਜ਼ ਹਵਾਵਾਂ ਵਗਦੀਆਂ ਹਨ ਜੋ ਆਰਕਟਿਕ (ਉੱਤਰੀ ਧਰੁਵ) ਖੇਤਰ ਤੋਂ ਆਉਂਦੀਆਂ ਹਨ। ਹਵਾਵਾਂ ਬਹੁਤ ਤੇਜ਼ ਰਫ਼ਤਾਰ, ਤਕਰੀਬਨ 30-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਹਨ। ਝਰਨਿਆਂ ਦੇ ਨਾਲ ਨਾਲ ਬਹੁਤ ਸਾਰੇ ਇੰਦਰਧਨੁਸ਼ ਬਣਦੇ ਦਿਖਾਈ ਦਿੱਤੇ। ਇੰਦਰਧਨੁਸ਼ ਪੁਲ ਦੇ ਹੇਠਾਂ ਵੀ ਇੱਕ ਇੰਦਰਧਨੁਸ਼ ਬਣਿਆ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਹੀ ਪੁਲ ਦਾ ਇਹ ਨਾਂ ਪਿਆ ਸੀ। ਸਤਰੰਗੀਆਂ ਪੀਂਘਾਂ ਬਹੁਤ ਮਨਮੋਹਣੀਆਂ ਲੱਗ ਰਹੀਆਂ ਸਨ।
ਉਸ ਤੋਂ ਬਾਅਦ ਅਸੀਂ ‘ਧੁੰਦ ਕੰਨਿਆ’ (Maid of the Mist) ਕਿਸ਼ਤੀ ਦੀ ਸੈਰ ਕਰਨ ਵਾਸਤੇ ਪਹੁੰਚੇ। ‘ਧੁੰਦ ਕੰਨਿਆ’ ਕਿਸ਼ਤੀ ਪਹਿਲੀ ਵਾਰ 1846 ਈਸਵੀ ਵਿੱਚ ਸ਼ੁਰੂ ਹੋਈ ਸੀ, ਜਿਸ ਨੇ ਯਾਤਰੀਆਂ ਨੂੰ ਆਨੰਦਮਈ ਅਨੁਭਵ ਕਰਵਾਏ ਤੇ ਅੱਜ ਤੱਕ ਕਰਵਾਉਂਦੀ ਆ ਰਹੀ ਹੈ। ਇਸ ਤੋਂ ਪਹਿਲਾਂ ਯਾਤਰੂਆਂ ਨੂੰ ਨਿਆਗਰਾ ਦਰਿਆ ਪਾਰ ਕਰਵਾਉਣ ਲਈ ਬੇੜੀਆਂ ਪੈਂਦੀਆਂ ਸਨ, ਪਰ ਕੁਝ ਉੱਦਮੀ ਲੋਕਾਂ ਨੇ ਵੱਡੀ ਕਿਸ਼ਤੀ ਦੀ ਲੋੜ ਮਹਿਸੂਸ ਕਰਦਿਆਂ ਭਾਫ਼-ਕਿਸ਼ਤੀ ਸ਼ੁਰੂ ਕੀਤੀ ਜੋ ਯਾਤਰੀ, ਮਾਲ, ਡਾਕ ਤੇ ਹੋਰ ਸਾਮਾਨ ਇੱਧਰ-ਉੱਧਰ ਲੈ ਕੇ ਜਾਣ ਲੱਗੀ। ਪਰ ਜਦੋਂ ਦਰਿਆ ਦੇ ਉੱਪਰ ਪੁਲ ਬਣ ਗਿਆ ਤਾਂ ਕਿਸ਼ਤੀ ਦਾ ਕਾਰੋਬਾਰ ਘਟ ਗਿਆ ਤੇ ਉਸ ਨੂੰ ਬਹੁਤ ਨੇੜੇ ਤੋਂ ਝਰਨਿਆਂ ਦੀ ਖ਼ੂਬਸੂਰਤੀ ਵੇਖਣ ਵਾਸਤੇ ਵਰਤਿਆ ਜਾਣ ਲੱਗਿਆ ਜੋ ਬਹੁਤ ਸ਼ਾਨਦਾਰ ਅਨੁਭਵ ਸਾਬਤ ਹੋਇਆ। ਇਹ ਸਟੀਲ ਦੀ ਬਣੀ ਤਕਰੀਬਨ 80 ਫੁੱਟ ਲੰਬੀ ਤੇ 145 ਟਨ ਭਾਰੀ ਹੈ, ਜਿਸ ਵਿੱਚ 350 ਹੌਰਸ ਪਾਵਰ ਦੇ ਦੋ ਇੰਜਣ ਲੱਗੇ ਹੋਏ ਹਨ। ਇਸ ਦੀ ਸੈਰ ਯਾਤਰੀਆਂ ਨੂੰ ਲਗਾਤਾਰ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਦੁੱਤੀ ਅਨੁਭਵ ਪ੍ਰਦਾਨ ਕਰਦੀ ਆ ਰਹੀ ਹੈ। ‘ਸੁਪਰਮੈਨ’ ਅਤੇ ‘ਨਿਆਗਰਾ’ ਫ਼ਿਲਮਾਂ ਦੀ ਸ਼ੂਟਿੰਗ ਵੀ ਇੱਥੇ ਹੋਈ ਸੀ। ਇਹ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਫ਼ਿਲਮਾਂ ਦੀ ਸ਼ੂਟਿੰਗ ਕਰਨ ਦੀਆਂ ਥਾਵਾਂ ਵਿੱਚੋਂ ਇੱਕ ਹੈ ਕਿਉਂਕਿ ਇਨ੍ਹਾਂ ਝਰਨਿਆਂ ਦੇ ਸਦੀਵੀ ਹੁਸਨ ਨੇ ਲੱਖਾਂ-ਕਰੋੜਾਂ ਸੈਲਾਨੀਆਂ ਦੀ ਕਲਪਨਾ ਨੂੰ ਆਪਣੇ ਵੱਲ ਖਿੱਚਿਆ ਹੈ। ਉੱਥੇ ਪਾਣੀ ਤੇ ਭੂਰੇ ਰੰਗ ਦੀ ਫੋਮ ਵੀ ਤੈਰਦੀ ਰਹਿੰਦੀ ਹੈ। ਇਹ ਫੋਮ ਨਿਰੰਤਰ ਕਈ ਟਨ ਪਾਣੀ ਡਿੱਗਣ ਕਰਕੇ ਕੁਦਰਤੀ ਹੀ ਬਣਦੀ ਹੈ। ਫੋਮ ਦਾ ਭੂਰਾ ਰੰਗ ਮਿੱਟੀ (ਕੈਲਸ਼ੀਅਮ ਕਾਰਬੋਨੇਟ) ਅਤੇ ਹੋਰ ਬਨਸਪਤੀ ਆਦਿ ਦੇ ਮਿਸ਼ਰਣ ਕਰਕੇ ਹੁੰਦਾ ਹੈ।
ਅਮਰੀਕਨ ਝਰਨਿਆਂ ਤੋਂ ਬਾਅਦ ‘ਧੁੰਦ ਕੰਨਿਆ’ ਕਿਸ਼ਤੀ ਬ੍ਰਾਈਡਲ ਵੇਲ ਤੇ ਹੌਰਸ ਸ਼ੂ ਝਰਨਿਆਂ ਵੱਲ ਲੈ ਕੇ ਜਾਂਦੀ ਹੈ – 2,27,125 ਲੀਟਰ ਡਿੱਗਦੇ ਪਾਣੀ ਦੀ ਗਰਜ ਤੁਹਾਡੇ ਕੰਨਾਂ ਵਿੱਚ ਗੂੰਜਦੀ ਹੋਈ ਇੱਕ ਤਰ੍ਹਾਂ ਦਾ ਅਨਹਦ ਨਾਦ ਪੈਦਾ ਕਰਦੀ ਹੈ ਜਿਸ ਨਾਲ ਦਿਲ ਮੋਹਿਆ ਜਾਂਦਾ ਹੈ। ਝਰਨਿਆਂ ਦੀ ਵਿਸ਼ਾਲਤਾ ਵੇਖ ਕੇ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਸਰਸ਼ਾਰ ਡਿੱਗਦੇ ਪਾਣੀ ਤੋਂ ਉਪਜੀ ਧੁੰਦ ਦਾ ਜ਼ੋਰਦਾਰ ਸਪਰਸ਼ ਚਿਹਰੇ ’ਤੇ ਬੜਾ ਪਿਆਰਾ ਲੱਗਦਾ ਹੈ, ਜਿਸ ਵਿੱਚ ਡੁੱਬ ਕੇ ਵਿਅਕਤੀ ਇਸ ਅਦਭੁਤ ਨਜ਼ਾਰੇ ਦੇ ਹਰ ਇੱਕ ਪਲ ਦਾ ਆਨੰਦ ਮਾਣਦਾ ਹੈ। ਧੁੰਦ ਦੇ ਬੱਦਲ ਸੂਰਜ ਦੀਆਂ ਅਗਨ ਕਿਰਨਾਂ ਵਿੱਚ ਵੀ ਕੰਬਣੀ ਜਿਹੀ ਛੇੜ ਦਿੰਦੇ ਹਨ ਤੇ ਉਹ ਸਤਰੰਗੀ ਪੀਂਘ ਵਿੱਚ ਹੁਲਾਰੇ ਲੈਣ ਲੱਗਦੀਆਂ ਹਨ।