ਹਰਜੀਤ ਅਟਵਾਲ
ਕਈ ਸਾਲ ਪਹਿਲਾਂ ਮੈਂ ਪਰਿਵਾਰ ਨਾਲ ਉੱਤਰੀ ਸਕੌਟਲੈਂਡ ਵਿੱਚ ਸਫ਼ਰ ਕਰ ਰਿਹਾ ਸਾਂ। ਰਾਤ ਦਾ ਵੇਲਾ ਸੀ। ਅਚਾਨਕ ਮੇਰੇ ਬੱਚੇ ਕਹਿ ਉੱਠੇ, ‘ਡੈਡ, ਨੌਰਦਨ ਲਾਈਟਸ!’ ਮੈਂ ਆਸਮਾਨ ਵੱਲ ਦੇਖਿਆ, ਹਰੇ-ਰੰਗ ਦੀਆਂ ਰੌਸ਼ਨੀਆਂ ਦਾ ਵੱਡਾ ਪਰਦਾ ਆਸਮਾਨ ਵਿੱਚ ਲਟਕ ਰਿਹਾ ਸੀ। ਮੈਂ ਕਾਰ ਰੋਕੀ। ਅਸੀਂ ਸਾਰੇ ਉਹ ਅਦਭੁੱਤ ਨਜ਼ਾਰਾ ਦੇਖਣ ਲੱਗੇ, ਇਹ ਮੰਜ਼ਰ ਪੰਦਰਾਂ ਮਿੰਟ ਤੱਕ ਚੱਲਿਆ। ਮੈਂ ਨੌਰਦਨ ਲਾਈਟਸ ਬਾਰੇ ਸੁਣਿਆ ਤਾਂ ਹੋਇਆ ਸੀ, ਪਰ ਇਨ੍ਹਾਂ ਬਾਰੇ ਬਹੁਤਾ ਪਤਾ ਨਹੀਂ ਸੀ। ਮੇਰਾ ਬੇਟਾ ਜਾਣਕਾਰੀ ਦਿੰਦਾ ਹੋਇਆ ਬੋਲਿਆ, ਸੂਰਜ ਦੀ ਸਤਿਹ ਤੋਂ ਗੈਸ ਦੀਆਂ ਤੇਜ਼ ਹਨੇਰੀਆਂ ਉੱਠਦੀਆਂ ਹਨ ਤੇ ਉਹ ਧਰਤੀ ਵੱਲ ਨੂੰ ਚੱਲ ਪੈਂਦੀਆਂ ਹਨ। ਦੋ-ਤਿੰਨ ਦਿਨ ਵਿੱਚ ਜਦੋਂ ਇਹ ਧਰਤੀ ਦੀ ਗਰੂਤਾ-ਖਿੱਚ ਵਿੱਚ ਦਾਖਲ ਹੁੰਦੀਆਂ ਹਨ ਤਾਂ ਧਰਤੀ ਦੇ ਵਾਤਾਵਰਣ ਨਾਲ ਟਕਰਾ ਕੇ ਇਹ ਰੌਸ਼ਨੀ ਪੈਦਾ ਕਰਦੀਆਂ ਹਨ। ਸੌਖੇ ਸ਼ਬਦਾਂ ਵਿੱਚ ਮੇਰੇ ਲਈ ਇਹ ਕਾਫ਼ੀ ਸੀ। ਉਸ ਦਿਨ ਤੋਂ ਹੀ ਮੈਂ ਨੌਰਦਨ ਲਾਈਟਸ ਬਾਰੇ ਹਰ ਖ਼ਬਰ ’ਤੇ ਨਜ਼ਰ ਰੱਖਦਾ ਆਇਆ ਹਾਂ, ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
ਨੌਰਦਨ ਲਾਈਟਸ ਕੁਦਰਤ ਦਾ ਕ੍ਰਿਸ਼ਮਾ ਹੈ। ਰੌਸ਼ਨੀ ਦਾ ਇੱਕ ਵੱਡਾ ਪਰਦਾ ਜਾਂ ਗੇਲਾ ਜਿਹਾ ਜਿਵੇਂ ਕਿ ਸਤਰੰਗੀ ਪੀਂਘ ਦਾ ਵੱਡਾ ਟੋਟਾ ਹੋਵੇ, ਆਸਮਾਨ ਵਿੱਚ ਉੱਭਰ ਆਉਂਦਾ ਹੈ। ਇਹ ਰੌਸ਼ਨੀਆਂ ਧਰਤੀ ਤੋਂ ਛੇ ਸੌ ਮੀਲ ਉੱਪਰ ਵੀ ਹੋ ਸਕਦੀਆਂ ਹਨ, ਪਰ ਆਮ ਤੌਰ ’ਤੇ ਇਹ ਪੰਜਾਹ-ਸੱਠ ਮੀਲ ਉੁੱਚੀਆਂ ਹੁੰਦੀਆਂ ਹਨ। ਨੌਰਦਨ ਲਾਈਟਸ ਖਗੋਲੀ ਵਰਤਾਰਾ ਹੈ। ਸੂਰਜ ਦੀ ਸਤਿਹ ਤੋਂ ਉੱਠਣ ਵਾਲੀਆਂ ਗੈਸ ਹਨੇਰੀਆਂ ਨੂੰ ਵਿਗਿਆਨਕ ਸੀ.ਐੱਮ.ਈ. (ਕੋਰੋਨਲ ਮਾਸ ਇਜੈਕਸ਼ਨ) ਆਖਦੇ ਹਨ। ਇਹ ਧਰਤੀ ਦੇ ਮੈਗਨੈਟਿਕ-ਫੀਲਡ (ਜੋ ਅਦਿੱਸ ਹੁੰਦਾ ਹੈ) ਨਾਲ ਟਕਰਾ ਕੇ ਧਰਤੀ ਦੇ ਮੈਗਨੈਟਿਕ ਇਲਾਕੇ ਵਿੱਚ ਗੁੰਝਲਦਾਰ ਤਬਦੀਲੀਆਂ ਪੈਦਾ ਕਰ ਦਿੰਦਾ ਹੈ ਜਿਨ੍ਹਾਂ ਕਾਰਨ ਕਰੰਟ ਪੈਦਾ ਹੁੰਦਾ ਹੈ, ਜਿਨ੍ਹਾਂ ਦਾ ਨਤੀਜਾ ਇਹ ਰੌਸ਼ਨੀਆਂ ਹੁੰਦੀਆਂ ਹਨ। ਬਹੁਤੀ ਵਾਰ ਇਹ ਰੌਸ਼ਨੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ, ਪਰ ਹੋਰ ਰੰਗ ਵੀ ਹੋ ਸਕਦੇ ਹਨ। ਟੈਕਨੀਕਲ ਭਾਸ਼ਾ ਵਿੱਚ ਆਵੇਸ਼ਿਤ ਕਣਾਂ ਵਾਲੀਆਂ ਹਨੇਰੀਆਂ ਦੇ ਚਾਰਜਡ-ਪਾਰਟੀਕਲਜ਼ ਧਰਤੀ ਦੇ ਵਾਤਾਵਰਣ ਵਿੱਚ ਆ ਕੇ ਆਕਸੀਜਨ ਨਾਲ ਟਕਰਾਉਣ ਤਾਂ ਇਹ ਹਰਾ ਰੰਗ ਉੱਭਰਦਾ ਹੈ। ਜੇ ਇਹ ਨਾਈਟਰੋਜਨ ਨਾਲ ਟਕਰਾਉਣ ਤਾਂ ਲਾਲ ਰੌਸ਼ਨੀ ਦਿਖਾਈ ਦਿੰਦੀ ਹੈ।
ਜਿਵੇਂ ਉੱਤਰੀ ਧਰੁਵ ਨੇੜੇ ਬਣਦੀਆਂ ਧਰੁਵੀ ਰੌਸ਼ਨੀਆਂ ਨੂੰ ਨੌਰਦਨ ਲਾਈਟਸ ਕਹਿ ਦਿੰਦੇ ਹਨ, ਇਵੇਂ ਹੀ ਦੱਖਣੀ ਧੁਰਵ ਵੱਲ ਦੀਆਂ ਧਰੁਵੀ ਰੌਸ਼ਨੀਆਂ ਨੂੰ ਸਦਰਨ ਲਾਈਟਸ ਕਹਿੰਦੇ ਹਨ। ਸਦਰਨ ਲਾਈਟਸ ਵੀ ਓਨੀਆਂ ਹੀ ਮਹੱਤਵਪੂਰਨ ਹਨ। ਸੀ.ਐੱਮ.ਈ. ਜਾਂ ਸੂਰਜ ਤੋਂ ਉੱਠੀਆਂ ਗੈਸ ਦੀਆਂ ਹਨੇਰੀਆਂ ਉੱਤਰੀ ਜਾਂ ਦੱਖਣੀ ਧਰੁਵ ਵੱਲ ਹੀ ਕਿਉਂ ਆਉਂਦੀਆਂ ਹਨ? ਕਿਉਂਕਿ ਉਹ ਦੋਵੇਂ ਧਰਤੀ ਦੇ ਮੈਗਨਿਟ-ਪੋਲਜ਼ ਹਨ। ਇਲੈੱਕਟਰੋ-ਮੈਗਨੈਟਿਕ ਸਿਧਾਂਤ ਅਨੁਸਾਰ ਚਾਰਜਡ ਪਾਰਟੀਕਲਜ਼ ਸਦਾ ਚੁੰਬਕੀ ਇਲਾਕੇ ਵੱਲ ਵਧਦੇ ਹਨ। ਇਹੀ ਕਾਰਨ ਹੈ ਕਿ ਭੂ-ਮੱਧ ਰੇਖਾ ਦੇ ਨੇੜੇ ਇਹ ਰੌਸ਼ਨੀਆਂ ਦੇਖਣ ਨੂੰ ਨਹੀਂ ਮਿਲਦੀਆਂ।
ਪਹਿਲੀ ਵਾਰ ਨੌਰਦਨ ਲਾਈਟਸ ਦੇਖੇ ਜਾਣ ਦਾ ਇਤਿਹਾਸ 568 ਬੀਸੀ ਤੱਕ ਜਾਂਦਾ ਹੈ। ਲੇਖਕ ਨੀਲ ਬੋਨ (ਔਰੋਰਲ: ਸਨ-ਅਰਥ ਇੰਟਰੈਕਸ਼ਨ 1996) ਮੁਤਾਬਕ ਟਰਮ ‘ਔਰੋਰਲ-ਬੋਰਿਆਲਿਸ-ਨੌਰਦਨ’ ਪਹਿਲੀ ਵਾਰ ਗੈਲੀਲੀਓ ਤੇ ਉਸ ਦੇ ਸਮਕਾਲੀ ਪੀਅਰੇ ਗਸੈਂਡੀ ਨੇ ਇਹ ਰੌਸ਼ਨੀਆਂ ਦੇਖ ਕੇ 12 ਸਤੰਬਰ 1621 ਨੂੰ ਵਰਤੀ ਸੀ। ਇਹ ਰੌਸ਼ਨੀਆਂ ਕਿਉਂਕਿ ਪੁਰਾਤਨਕਾਲ ਤੋਂ ਹੀ ਦਿਸਦੀਆਂ ਆਈਆਂ ਹਨ, ਇਸੇ ਕਾਰਨ ਇਸ ਬਾਰੇ ਕਈ ਮਿੱਥਾਂ ਵੀ ਬਣੀਆਂ ਹੋਈਆਂ ਹਨ। ਉੱਤਰੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਜਿੱਥੇ ਇਹ ਰੌਸ਼ਨੀਆਂ ਬਹੁਤੀਆਂ ਐਕਟਿਵ ਹੁੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰੇ ਹੋਏ ਲੋਕਾਂ ਦੀਆਂ ਰੂਹਾਂ ਵਾਲਰਸ (ਉੱਤਰੀ ਧਰੁਵ ਦਾ ਇੱਕ ਵੱਡਾ ਜਾਨਵਰ) ਨਾਲ ਫੁੱਟਬਾਲ ਖੇਡ ਰਹੀਆਂ ਹਨ। ਇਹ ਵੀ ਕਹਾਵਤ ਹੈ ਕਿ ਨੌਰਦਨ ਲਾਈਟਸ ਬੱਚੇ ਚੁੱਕ ਲੈ ਜਾਂਦੀਆਂ ਹਨ, ਇਸ ਲਈ ਇਸ ਮੌਕੇ ’ਤੇ ਲੋਕ ਆਪਣੇ ਬੱਚਿਆਂ ਨੂੰ ਛੁਪਾ ਦਿੰਦੇ ਸਨ। ਫਿਨਲੈਂਡ ਦੇ ਲੋਕਾਂ ਦੀ ਮਿੱਥ ਹੈ ਕਿ ਲੂੰਬੜੀ ਆਪਣੀ ਪੂਛ ਨਾਲ ਬਰਫ਼ ਸਾਫ਼ ਕਰਕੇ ਆਸਮਾਨ ਵੱਲ ਸੁੱਟ ਰਹੀ ਸੀ, ਉਸੇ ਕਾਰਨ ਨੌਰਦਨ ਲਾਈਟਸ ਪੈਦਾ ਹੋਈਆਂ ਹਨ। ਨੌਰਵੇ ਦੇ ਲੋਕਾਂ ਦਾ ਵਹਿਮ ਹੈ ਕਿ ਇਨ੍ਹਾਂ ਵੱਲ ਦੇਖਦੇ ਹੋਏ ਸੀਟੀ ਨਾ ਵਜਾਓ, ਇਵੇਂ ਕਰਨ ਨਾਲ ਮਰੇ ਲੋਕਾਂ ਦੀਆਂ ਰੂਹਾਂ ਨੂੰ ਤਕਲੀਫ਼ ਪੁੱਜਦੀ ਹੈ। ਫਰਾਂਸੀਸੀ ਮਿੱਥ ਅਨੁਸਾਰ ਨੌਰਦਨ ਲਾਈਟਸ ਨੂੰ ਆਸਮਾਨ ਵਿੱਚ ਪੁਰਾਣੀ ਫ਼ੌਜ ਕਿਹਾ ਜਾਂਦਾ ਹੈ। ਮਛੇਰੇ ਇਸ ਨੂੰ ਚੰਗੀ ਕਿਸਮਤ ਦੀ ਨਿਸ਼ਾਨੀ ਮੰਨਦੇ ਹਨ ਕਿ ਉਸ ਦਿਨ ਸਮੁੰਦਰ ਮੱਛੀਆਂ ਨਾਲ ਭਰਿਆ ਮਿਲੇਗਾ।
ਕਈ ਲੋਕਾਂ ਦਾ ਦਾਅਵਾ ਹੈ ਕਿ ਜਿੰਨਾ ਚਿਰ ਨੌਰਦਨ ਲਾਈਟਸ ਦਿਖਾਈ ਦਿੰਦੀਆਂ ਰਹਿੰਦੀਆਂ ਹਨ, ਆਸਮਾਨ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਹਨ, ਪਰ ਵਿਗਿਆਨਕ ਤੌਰ ’ਤੇ ਇਸ ਦੀ ਕੋਈ ਗਵਾਹੀ ਨਹੀਂ ਮਿਲਦੀ। ਉਂਜ 2016 ਵਿੱਚ ਹੋਈ ਇੱਕ ਫਿਨਿਸ਼-ਸਟੱਡੀ ਮੁਤਾਬਕ ਲਾਈਟਾਂ ਦਿੱਸਣ ਵੇਲੇ ਕੁਝ ਕਰੈਕ ਹੋਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।
ਸੂਰਜ ਦੇ ਸੋਲਰ ਸਿਸਟਮ ਦੇ ਐਕਟਿਵ ਹੋਣ ਦੇ ਹਿਸਾਬ ਨਾਲ ਨੌਰਦਨ ਲਾਈਟਸ ਵੀ ਐਕਟਿਵ ਹੋ ਜਾਂਦੀਆਂ ਹਨ ਜੋ ਕਿ ਗਿਆਰਾਂ ਸਾਲ ਦਾ ਸਾਈਕਲ ਹੈ। ਕਿਹਾ ਤਾਂ ਜਾਂਦਾ ਹੈ ਕਿ ਧਰੁਵੀ ਰੌਸ਼ਨੀਆਂ ਕਿਤੇ ਵੀ ਦਿਸ ਸਕਦੀਆਂ ਹਨ, ਪਰ ਇਤਿਹਾਸ ਦੇਖਿਆ ਜਾਵੇ ਤਾਂ ਇਹ ਆਮ ਤੌਰ ’ਤੇ ਉਨ੍ਹਾਂ ਇਲਾਕਿਆਂ ਵਿੱਚ ਹੀ ਦਿਸਦੀਆਂ ਹਨ ਜੋ ਧਰੁਵੀ ਪੋਲਾਂ ਦੇ ਨੇੜੇ ਪੈਂਦੇ ਹਨ- ਕੈਨੇਡਾ, ਅਲਾਸਕਾ, ਗਰੀਨਲੈਂਡ, ਨੌਰਵੀਅਨ ਮੁਲਕ, ਐਂਟਾਰਕਟਿਕਾ ਆਦਿ। ਇਹ ਰੌਸ਼ਨੀਆਂ ਦਿਨੇ ਵੀ ਪ੍ਰਗਟ ਹੋ ਜਾਂਦੀਆਂ ਹਨ, ਪਰ ਦਿਨ ਵੇਲੇ ਨੰਗੀ ਅੱਖ ਨਾਲ ਨਹੀਂ ਦੇਖੀਆਂ ਜਾ ਸਕਦੀਆਂ। ਕਦੇ-ਕਦਾਈਂ ਇਹ ਅਚਾਨਕ ਨਵੀਂ ਜਗ੍ਹਾ ਵੀ ਪ੍ਰਗਟ ਹੋ ਗਈਆਂ ਸਨ। 1859 ਅਮਰੀਕਾ ਦੇ ਔਰੇਗਨ ਤੋਂ ਲੈ ਕੇ ਹੈਂਪਸ਼ਾਇਰ ਤੱਕ ਨੌਰਦਨ ਲਾਈਟਸ ਦਿਸੀਆਂ ਸਨ। ਇਵੇਂ ਹੀ 13 ਮਾਰਚ 1989 ਨੂੰ ਕਿਊਬਾ ਦਾ ਆਸਮਾਨ ਲਾਲ ਹੋ ਗਿਆ ਸੀ। ਮੈਕਸੀਕੋ ਵਿੱਚ ਦਿੱਸਣ ਦੀਆਂ ਗਵਾਹੀਆਂ ਵੀ ਮਿਲਦੀਆਂ ਹਨ।
ਨੌਰਦਨ ਲਾਈਟਸ ਬਾਰੇ ਕੁਝ ਹੋਰ ਦਿਲਚਸਪ ਗੱਲਾਂ ਵੀ ਹਨ। ਇਹ ਬਹੁਤਾ ਚਿਰ ਤੱਕ ਨਹੀਂ ਰਹਿੰਦੀਆਂ, ਔਸਤਨ ਅੱਧਾ ਘੰਟਾ ਤੱਕ ਦਿਖਾਈ ਦੇ ਸਕਦੀਆਂ ਹਨ। ਇਹ ਨਿਰਭਰ ਕਰਦਾ ਹੈ ਕਿ ਸੂਰਜ ਤੋਂ ਆਉਣ ਵਾਲੀ ਸੋਲਰ ਹਵਾ ਦਾ ਮੈਗਨੀਟਿਊਡ ਕਿੰਨਾ ਹੈ। ਹੋਟਲਾਂ ਵਾਲੇ ਨੌਰਦਨ ਲਾਈਟਸ ਦਾ ਸਹਾਰਾ ਲੈਂਦਿਆਂ ਆਪਣੇ ਹੋਟਲਾਂ ਦੀ ਮਸ਼ਹੂਰੀ ਕਰਦੇ ਹਨ, ਪਰ ਨੌਰਦਨ ਲਾਈਟਸ ਦਾ ਕੋਈ ਸੀਜ਼ਨ ਨਹੀਂ ਹੁੰਦਾ, ਇਨ੍ਹਾਂ ਨੂੰ ਦੇਖਣ ਲਈ ਸਿਰਫ਼ ਹਨੇਰਾ ਤੇ ਆਸਮਾਨ ਸਾਫ਼ ਚਾਹੀਦਾ ਹੈ। ਇਹ ਚੌਵੀ ਘੰਟੇ 365 ਦਿਨ ਕਿਤੇ-ਨਾ ਕਿਤੇ-ਦਿਖਾਈ ਦਿੰਦੀਆਂ ਰਹਿੰਦੀਆਂ ਹਨ। ਪਰ ਸਤੰਬਰ ਤੋਂ ਅਪਰੈਲ ਤੱਕ ਰਾਤਾਂ ਲੰਮੀਆਂ ਹੋ ਜਾਂਦੀਆਂ ਹਨ ਤਾਂ ਇਹ ਜ਼ਿਆਦਾ ਵਾਰ ਦਿਖਾਈ ਦਿੰਦੀਆਂ ਹਨ। ਦਿਨੇ ਸੂਰਜ ਕਾਰਨ ਦਿਖਾਈ ਨਹੀਂ ਦਿੰਦੀਆਂ, ਪਰ ਪੂਰੇ ਚੰਨ ਵਿੱਚ ਤੁਸੀਂ ਇਨ੍ਹਾਂ ਨੂੰ ਦੇਖ ਸਕਦੇ ਹੋ। ਇਹ ਸਪੇਸ ਵਿੱਚੋਂ ਵੀ ਦਿਖਾਈ ਦਿੰਦੀਆਂ ਹਨ। ਕਈ ਵਾਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਨ੍ਹਾਂ ਦੇ ਵਿਚਕਾਰੋਂ ਲੰਘਦਾ ਹੈ। ਮਨੁੱਖ ਬਹੁਤ ਦੇਰ ਤੋਂ ਇਨ੍ਹਾਂ ਬਾਰੇ ਚੇਤੰਨ ਰਿਹਾ ਹੈ ਜਿਸ ਦਾ ਸਬੂਤ ਇਹ ਹੈ ਕਿ ਜਦੋਂ ਮਨੁੱਖ ਗੁਫ਼ਾਵਾਂ ਵਿੱਚ ਰਹਿੰਦਾ ਸੀ ਉਦੋਂ ਵੀ ਇਨ੍ਹਾਂ ਬਾਰੇ ਜਾਣਦਾ ਸੀ ਤੇ ਸਮਝਣ ਦੀ ਕੋਸ਼ਿਸ਼ ਕਰਦਾ ਸੀ। ਤੀਹ ਹਜ਼ਾਰ ਸਾਲ ਪਹਿਲਾਂ ਦੀਆਂ ਗੁਫ਼ਾਵਾਂ ਵਿੱਚ ਨੌਰਦਨ ਲਾਈਟਸ ਉਕਰੀਆਂ ਮਿਲਦੀਆਂ ਹਨ।
ਲੋਕ ਇਨ੍ਹਾਂ ਨੂੰ ਦੇਖਣ ਲਈ ਬਹੁਤ ਉਤਾਵਲੇ ਰਹਿੰਦੇ ਹਨ। ਇਨ੍ਹਾਂ ਦੀ ਤਲਾਸ਼ ਵਿੱਚ ਉੱਤਰੀ ਧਰੁਵ ਨੇੜਲੇ ਦੇਸ਼ਾਂ ਦਾ ਸਫ਼ਰ ਕਰਦੇ ਹਨ। ਅਜਿਹੇ ਲੋਕਾਂ ਨੂੰ ‘ਦਿ ਔਰੋਰਾ ਹੰਟਰ’ ਕਹਿੰਦੇ ਹਨ। ਅੱਜਕੱਲ੍ਹ ਤਾਂ ਐਪਲ ਫੋਨ ਵਾਲਿਆਂ ਨੇ ਇੱਕ ਐਪ ਵੀ ਬਣਾ ਦਿੱਤੀ ਹੈ ਜਿਸ ਵਿੱਚ ਨੌਰਦਨ ਲਾਈਟਸ ਬਾਰੇ ਭਵਿੱਖਬਾਣੀ ਕੀਤੀ ਹੁੰਦੀ ਹੈ ਕਿ ਕਦੋਂ-ਕਿੱਥੇ ਦੇਖੀਆਂ ਜਾ ਸਕਣਗੀਆਂ। ਇਸ ਬਾਰੇ ਅਣਗਿਣਤ ਮੈਗਜ਼ੀਨ ਨਿਕਲਦੇ ਹਨ। ਅਨੇਕਾਂ ਡਾਕੂਮੈਂਟਰੀਜ਼ ਤੇ ਯੂ-ਟਿਊਬ ਉੱਪਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਉੱਤਰੀ ਅਮਰੀਕਾ ਦੀ ਇੱਕ ਥਾਂ- ਯੈਲੋਨਾਈਫ (ਨੌਰਦਨ-ਵੈਸਟ ਟੈਰੀਟੋਰੀਜ਼, ਕੈਨੇਡਾ) ਔਰੋਰਲ-ਟੂਰਿਜ਼ਮ ਦੀ ਰਾਜਧਾਨੀ ਮੰਨੀ ਜਾਂਦੀ ਹੈ। ਉੱਤਰੀ-ਨੌਰਵੇ ਦੇ ਟਰੌਂਪੋ ਵਿੱਚ ਪੂਰਾ ਸਾਲ ਹਜ਼ਾਰਾਂ ਲੋਕ ਨੌਰਦਨ ਲਾਈਟਸ ਦੇਖਣ ਜਾਂਦੇ ਹਨ।
ਮਨੁੱਖ ਭਾਵੇਂ ਪਹਿਲਾਂ ਤੋਂ ਹੀ ਨੌਰਦਨ ਲਾਈਟਸ ਦਾ ਜਾਣਕਾਰ ਸੀ, ਪਰ ਹੈ ਕੀ, ਇਸ ਨੂੰ ਸਮਝਣ ਵਿੱਚ ਬਹੁਤ ਦੇਰ ਲੱਗ ਗਈ। ਨੌਰਵੇ ਦੇ ਕ੍ਰਿਸਟੀਅਨ ਬਰਕਲੈਂਡ ਨੂੰ ਮੌਡਰਨ ਔਰੋਰਲ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਜੂਨ 1896 ਵਿੱਚ ਇਹ ਥਿਉਰੀ ਦਿੱਤੀ ਸੀ ਕਿ ਸੋਲਰ ਹਨੇਰੀਆਂ ਸਨਸਪੌਟ ਤੋਂ ਉੱਠ ਕੇ ਧਰਤੀ ਵੱਲ ਆਉਂਦੀਆਂ ਹਨ। ਯੂਨੀਵਰਸਟੀ ਆਫ ਆਯੋਬਾ ਦੇ ਵਿਗਿਆਨਕਾਂ ਦੇ ਇੱਕ ਗਰੁੱਪ ਨੇ ਇਹ ਸਾਬਤ ਕੀਤਾ ਕਿ ਨੌਰਦਨ ਲਾਈਟਸ ਜਿਓ-ਮੈਗਨੈਟਿਕ ਸਟਰਾਮ ਦੌਰਾਨ ਸ਼ਕਤੀਸ਼ਾਲੀ ਇਲੈੱਕਟਰੋ-ਮੈਗਨੈਟਿਕ ਵੇਵਜ਼ ਕਾਰਨ ਪੈਦਾ ਹੁੰਦੀਆਂ ਹਨ। ਇੱਕ ਨਵੇਂ ਅਧਿਐਨ ਵਿੱਚ ਇਸ ‘ਘਟਨਾ’ ਨੂੰ ‘ਅਲਫਵੇਨ ਵੇਵਜ਼’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਹ ਘਟਨਾ ਇਲੈੱਕਟਰੌਨ ਨੂੰ ਧਰਤੀ ਵੱਲ ਭੇਜਣ ਲੱਗਦੀ ਹੈ ਜਿਸ ਕਾਰਨ ਪਾਰਟੀਕਲਜ਼ ਰੌਸ਼ਨੀ ਪੈਦਾ ਕਰਨ ਲੱਗਦੀ ਹੈ ਜਿਸ ਨੂੰ ਅਸੀਂ ਨੌਰਦਨ-ਲਾਈਟਸ ਦੇ ਤੌਰ ’ਤੇ ਜਾਣਦੇ ਹਾਂ। ਅਧਿਐਨ ਦੇ ਸਹਿ ਲੇਖਕ ਤੇ ਪ੍ਰੋਫੈਸਰ ਗਰੇਗ ਹੋਵੇਸ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਇਲੈੱਕਟਰੌਨਜ਼ ਦੀ ਇੱਕ ਛੋਟੀ ਆਬਾਦੀ ਅਲਫਵੇਨ ਵੇਵਜ਼ ਦੀ ਇਲੈੱਕਟਰਿਕ ਫੀਲਡ ਵਿੱਚੋਂ ਤੇਜ਼ੀ ਨਾਲ ਗੁਜ਼ਰਦੀ ਹੈ। ਇਹ ਕੁਝ ਅਜਿਹਾ ਹੈ ਜਿਵੇਂ ਇੱਕ ਸਰਫਰ ਇੱਕ ਲਹਿਰ ਨੂੰ ਆਪਣੇ ਸਰਫਬੋਡ ਜ਼ਰੀਏ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਪਰ ਉਸ ਦੀ ਰਫ਼ਤਾਰ ਵਧਦੀ ਜਾ ਰਹੀ ਹੈ ਕਿਉਂਕਿ ਉਹ ਲਹਿਰ ਨਾਲ ਅੱਗੇ ਵਧਦਾ ਜਾ ਰਿਹਾ ਹੈ।
ਇਲੈੱਕਟਰਿਕ ਫੀਲਡ ’ਤੇ ਇਲੈੱਕਟਰੌਜਸ ਦੇ ਸਰਫਿੰਗ ਦੀ ਇਹ ਥਿਉਰੀ ਸਭ ਤੋਂ ਪਹਿਲਾਂ 1946 ਵਿੱਚ ਇੱਕ ਰੂਸੀ ਵਿਗਿਆਨਕ ਲੇਵ ਲੈਂਡੋ ਨੇ ਦਿੱਤੀ ਸੀ। ਇਸ ਨੂੰ ਲੈਂਡੋ ਡੰਪਿੰਗ ਨਾਂ ਦਿੱਤਾ ਗਿਆ। ਇਵੇਂ ਹੁਣ ਵਿਗਿਆਨਕਾਂ ਨੇ ਉਸ ਦੇ ਸਿਧਾਂਤ ਨੂੰ ਸਾਬਤ ਕਰ ਦਿੱਤਾ ਹੈ। ਵਿਗਿਆਨਕਾਂ ਨੇ ਕਈ ਦਹਾਕਿਆਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਨੌਰਦਨ ਲਾਈਟਸ ਦੀ ਸਭ ਤੋਂ ਵੱਧ ਸੰਭਾਵਨਾ ਕਿਵੇਂ ਬਣਦੀ ਹੈ। ਵਿਗਿਆਨੀ ਹੁਣ ਇਸ ਨੂੰ ਪਹਿਲੀ ਵਾਰ ਲੈਬ ਵਿੱਚ ਤਿਆਰ ਕਰਨ ਵਿੱਚ ਕਾਮਯਾਬ ਹੋਏ ਹਨ। ਇੱਕ ਚੈਂਬਰ ਅੰਦਰ ਵਿਗਿਆਨੀਆਂ ਨੇ ਧਰਤੀ ਕੋਲ ਪੁਲਾੜ ਵਿੱਚ ਮੌਜੂਦ ਹੋਣ ਵਾਲੇ ਪਲਾਜ਼ਮਾ ਨੂੰ ਤਿਆਰ ਕੀਤਾ ਹੈ। ਵਿਸ਼ੇਸ਼ ਰੂਪ ਵਿੱਚ ਡਿਜ਼ਾਈਨ ਕੀਤੇ ਗਏ ਐਨਟੀਨਾ ਦਾ ਪ੍ਰਯੋਗ ਕਰਕੇ ਵਿਗਿਆਨੀਆਂ ਨੇ ਮਸ਼ੀਨ ਹੇਠਾਂ ਅਲਫਵੇਨ ਵੇਵਜ਼ ਨੂੰ ਲਾਂਚ ਕੀਤਾ। ਇਸ ਦੌਰਾਨ ਵੇਵਜ਼ ਇੱਕ ਨਲ਼ੀ ਦੀ ਯਾਤਰਾ ਕਰ ਰਹੀਆਂ ਸਨ। ਜਿਵੇਂ ਹੀ ਉਨ੍ਹਾਂ ਨੇ ਵੇਵਜ਼ ਨੂੰ ਇਲੈੱਕਟਰੌਨਜ਼ ਨਾਲ ਸਰਫਿੰਗ ਕਰਦੇ ਦੇਖਿਆ, ਉਨ੍ਹਾਂ ਨੂੰ ਤੁਰੰਤ ਮਾਪਣ ਲਈ ਵਿਸ਼ੇਸ਼ ਉਪਕਰਣ ਦਾ ਪ੍ਰਯੋਗ ਕੀਤਾ ਕਿ ਉਹ ਇਲੈੱਕਟਰੌਨ ਵੇਵਜ਼ ਊਰਜਾ ਕਿਵੇਂ ਪ੍ਰਾਪਤ ਕਰ ਰਹੇ ਹਨ? ਇਸ ਪ੍ਰਯੋਗ ਜ਼ਰੀਏ ਵਿਗਿਆਨਕੀ ਬਿਲਕੁਲ ਨਾਰਦਨ ਲਾਈਟਸ ਵਰਗੀ ਰੌਸ਼ਨੀ ਤਾਂ ਨਹੀਂ ਤਿਆਰ ਕਰ ਸਕੇ, ਪਰ ਲੈਬ ਵਿੱਚ ਤਿਆਰ ਮਾਪ ਕੰਪਿਊਟਰ ਸਿਮੂਲੇਸ਼ਨ ਤੇ ਗਣਿਤ-ਗਣਨਾਵਾਂ ਦੀ ਭਵਿੱਖਬਾਣੀ ਨਾਲ ਸਪੱਸ਼ਟ ਰੂਪ ਵਿੱਚ ਸਹਿਮਤ ਸਨ ਤੇ ਇਹ ਸਾਬਤ ਕਰਦੇ ਸਨ ਕਿ ਅਲਫਵੇਨ ਵੇਵਜ਼ ’ਤੇ ਸਰਫ ਕਰਨ ਵਾਲੇ ਇਲੈੱਕਟਰੌਨ ਇਲੈੱਕਟਰੌਨਜ਼ ਦੀ ਗਤੀ ਨੂੰ ਤੇਜ਼ ਕਰ ਸਕਦੇ ਹਨ। ਇਸੇ ਵਜ੍ਹਾ ਕਾਰਨ ਨੌਰਦਨ ਲਾਈਟਸ ਬਣਦੀਆਂ ਹਨ।
ਈ-ਮੇਲ : harjeetatwal@hotmail.co.uk