ਡਾ. ਗੁਰਬਖ਼ਸ਼ ਸਿੰਘ ਭੰਡਾਲ
ਬੱਚਾ ਪਹਿਲੇ ਦਿਨ ਸਕੂਲ ਜਾਣ ਲਈ ਤਿਆਰ ਹੋ ਰਿਹਾ ਹੈ। ਮਾਂ ਹਰ ਚੀਜ਼ ਅਤੇ ਖਾਣੇ ਲਈ ਹਰ ਵਸਤੂ ਉਸ ਦੇ ਬੈਗ ਵਿੱਚ ਪਾਉਂਦੀ ਹੈ, ਲਾਡ ਲਡਾਉਂਦੀ ਹੈ। ਪਹਿਲੇ ਦਿਨ ਲਈ ਬਹੁਤ ਸਾਰੀਆਂ ਦੁਆਵਾਂ, ਇੱਛਾਵਾਂ ਅਤੇ ਮਨੋਕਾਮਨਾਵਾਂ ਨੂੰ ਆਪਣੇ ਬੱਚੇ ਦੇ ਸਿਰ ਤੋਂ ਵਾਰਦੀ ਹੈ। ਪਤੀ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਕੁਝ ਰਹਿ ਤਾਂ ਨਹੀਂ ਗਿਆ। ਮਾਂ ਅਣਮੰਨੇ ਜਿਹੇ ਮਨ ਨਾਲ ਕਹਿੰਦੀ ਹੈ ਕਿ ਕੁਝ ਵੀ ਨਹੀਂ ਰਹਿ ਗਿਆ। ਪਰ ਉਹ ਜਾਣਦੀ ਹੈ ਕਿ ਉਹ ਸਾਰਾ ਦਿਨ ਆਪਣੇ ਬੱਚੇ ਦੇ ਆਹਰ ਵਿੱਚ ਰੁੱਝੀ ਹੋਈ ਹੁਣ ਬੱਚੇ ਨੂੰ ਉਡੀਕਣ ਲੱਗੇਗੀ। ਜ਼ਰਾ ਕੁ ਦਰ ਖੜਕਣ ’ਤੇ ਬੂਹਾ ਖੋਲ੍ਹ ਕੇ ਦੇਖੇਗੀ। ਬੱਚੇ ਦੀਆਂ ਤੋਤਲੀਆਂ ਗੱਲਾਂ, ਉਸ ਦੀਆਂ ਸ਼ਰਾਰਤਾਂ, ਆਲੀਆਂ-ਭੋਲੀਆਂ ਆਦਤਾਂ, ਨਿੱਕੇ ਨਿੱਕੇ ਪ੍ਰਸ਼ਨ ਅਤੇ ਉਨ੍ਹਾਂ ਦੇ ਜਵਾਬਾਂ ਵਿੱਚ ਉਲਝਣ ਨਾਲ ਮਿਲਦੀ ਖ਼ੁਸ਼ੀ ਤੋਂ ਵਿਰਵੀ ਹੋ ਜਾਵੇਗੀ। ਬੱਚਾ ਸਕੂਲ ਵਿੱਚ ਜਾ ਕੇ ਵੀ ਘਰ ਵਿੱਚ ਹੀ ਰਹੇਗਾ ਅਤੇ ਬਹੁਤ ਕੁਝ ਬੱਚਾ ਆਪਣੇ ਨਾਲ ਲਿਜਾ ਕੇ ਵੀ ਘਰ ਵਿੱਚ ਛੱਡ ਜਾਂਦਾ ਹੈ। ਉਸ ਦੇ ਖਿਡੌਣੇ, ਗੁੱਡੀਆਂ-ਪਟੋਲੇ, ਕੰਧਾਂ ’ਤੇ ਮਾਰੀਆਂ ਲੀਕਾਂ, ਪਾਏ ਪੂਰਨੇ ਅਤੇ ਹਰ ਸਾਫ਼ ਥਾਂ ’ਤੇ ਕੀਤੀ ਹੋਈ ਚਿੱਤਰਕਾਰੀ ਦੇ ਰੰਗ। ਉਹ ਸਭ ਕੁਝ ਤਾਂ ਘਰ ਵਿੱਚ ਰਹਿ ਗਿਆ ਹੈ।
ਇੱਕ ਵਿਦਿਆਰਥੀ ਆਪਣੀ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਕੇ ਅਖੀਰਲੇ ਦਿਨ ਜਦੋਂ ਕੈਂਪਸ ਤੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਫਿਰ ਪਿਛਾਂਹ ਨੂੰ ਪਰਤਦਾ ਹੈ ਅਤੇ ਆਪਣੇ ਕਮਰੇ ਵਿੱਚ ਜਾਂਦਾ ਹੈ। ਉਸ ਦਾ ਜੂਨੀਅਰ ਪੁੱਛਦਾ ਹੈ ਕਿ ਕੀ ਕੁਝ ਰਹਿ ਗਿਆ ਏ ਤੇਰਾ ਕਮਰੇ ਵਿੱਚ? ਉਹ ਓਪਰਾ ਜਿਹਾ ਜਵਾਬ ਦਿੰਦਾ ਹੈ ਕਿ ਨਹੀਂ। ਕੁਝ ਵੀ ਨਹੀਂ ਰਹਿ ਗਿਆ, ਪਰ ਉਸ ਦਾ ਮਨ ਉਦਾਸੀ ਦੀ ਪਰਤ ਵਿੱਚ ਗਵਾਚ ਜਾਂਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਇਸ ਕਮਰੇ ਵਿੱਚ ਉਹ ਬਹੁਤ ਕੁਝ ਛੱਡ ਕੇ ਜਾ ਰਿਹਾ ਹੈ। ਆਪਣੇ ਸਾਥੀਆਂ ਨਾਲ ਬੇਫਿਕਰੀ ਦੇ ਆਲਮ ਵਿੱਚ ਜ਼ਿੰਦਗੀ ਨੂੰ ਜਿਊਣਾ। ਨੈਣਾਂ ਵਿੱਚ ਸਜਾਏ ਹੋਏ ਸੁਪਨਿਆਂ ਦੀ ਪੂਰਤੀ ਦਾ ਜਨੂੰਨ, ਜਜ਼ਬਾ ਤੇ ਜਸ਼ਨ। ਜਵਾਨੀ ਦਾ ਬੇਪਨਾਹ ਆਵੇਗ ਅਤੇ ਇਸ ਆਵੇਗ ਵਿੱਚ ਮੁਸ਼ਕਲਾਂ ਅਤੇ ਅਲਾਮਤਾਂ ਨੂੰ ਤੁੱਛ ਸਮਝਣਾ ਅਤੇ ਜੀਵਨ ਦੀਆਂ ਮੁਹਾਰਾਂ ਨੂੰ ਉੱਚੇ ਦਿਸਹੱਦਿਆਂ ਵੰਨੀਂ ਮੋੜੀ ਰੱਖਣਾ। ਉਹ ਕਿਹੋ ਜਿਹੇ ਦਿਨ ਸਨ ਜਦੋਂ ਇਸ ਕਮਰੇ ਵਿੱਚ ਬੈਠ ਕੇ ਹੀ ਅੱਖਰਾਂ ਦੀ ਤਪੱਸਿਆ ਵਿੱਚੋਂ ਰੁਜ਼ਗਾਰ ਦੀ ਲੋਅ ਫੁੱਟੀ ਸੀ। ਅਰਥਾਂ ਵਿੱਚੋਂ ਰਿਸ਼ਮਾਂ ਦੀਆਂ ਕਰੁੰਬਲਾਂ ਫੁੱਟੀਆਂ ਅਤੇ ਇਨ੍ਹਾਂ ਹਰਫ਼ਾਂ ਦੀ ਇਨਾਇਤ ਨੇ ਜੀਵਨ ਦਾ ਸੁਰਖ ਸਾਥ ਝੋਲੀ ਪਾਇਆ ਸੀ। ਰਾਂਗਲੇ ਤੇ ਰੌਣਕਮਈ ਦਿਨਾਂ ਵਿੱਚ ਕੀਤੀ ਹੋਈ ਮਿਹਨਤ ਦਾ ਇਹ ਕਿਸ ਤਰ੍ਹਾਂ ਦਾ ਅਨੂਠਾ ਮਿਲਗੋਭਾ ਅਤੇ ਰਹੱਸਮਈ ਹਾਸਲ ਸੀ ਕਿ ਜ਼ਿੰਦਗੀ ਦੀਆਂ ਸੱਤੇ ਬਹਾਰਾਂ, ਜੀਵਨ ਰਾਹਾਂ ਨੂੰ ਖੁਸ਼ਆਮਦੀਦ ਕਹਿੰਦੀਆਂ ਸਨ। ਸਭ ਕੁਝ ਲਿਜਾ ਕੇ ਵੀ ਬਹੁਤ ਕੁਝ ਇਸ ਕਮਰੇ ਵਿੱਚ ਛੱਡ ਕੇ ਜਾ ਰਿਹਾ ਹੈ ਅਤੇ ਇਸ ਦੀ ਵਿਰਾਸਤ ਨੂੰ ਨਤਮਸਤਕ ਹੋਣ ਲਈ ਅਕਸਰ ਕਦੇ ਕਦਾਈਂ ਇਸ ਕਮਰੇ ਵਿੱਚ ਪਰਤਦਾ ਰਹੇਗਾ।
ਬਾਬਲ ਦੇ ਘਰ ਤੋਂ ਵਿਦਾ ਹੋਣ ਵੇਲੇ ਘਰ ਦੀਆਂ ਮੁਹਾਠਾਂ ’ਤੇ ਮਾਂ ਦੇ ਗਲ਼ ਲੱਗ ਧੀ ਰੋਂਦੀ ਹੈ। ਮਾਂ ਧੀ ਨੂੰ ਧੀਰਜ ਬੰਨ੍ਹਾਉਂਦੀ ਤੇ ਵਰਾਉਂਦੀ ਹੈ। ਧੀ ਅੱਖਾਂ ਭਰ ਕੇ ਘਰ ਵੱਲ ਦੇਖਦੀ ਹੈ। ਮਾਂ ਹੌਲੀ ਜਿਹੀ ਪੁੱਛਦੀ ਹੈ ਕਿ ਧੀਏ ਕੁਝ ਰਹਿ ਤਾਂ ਨਹੀਂ ਗਿਆ? ਗੁੰਮਸੁੰਮ ਹੋਈ ਧੀ ਸਿਰ ਫੇਰਦੀ ਹੈ, ਪਰ ਉਸ ਦੇ ਦਿਲ ਨੂੰ ਕੋਈ ਪੁੱਛ ਕੇ ਦੇਖੇ ਤਾਂ ਪਤਾ ਲੱਗੇਗਾ ਕਿ ਉਹ ਕਿੰਨਾ ਕੁਝ ਇਸ ਘਰ ਵਿੱਚ ਛੱਡ ਕੇ ਜਾ ਰਹੀ ਹੈ। ਉਹ ਆਪਣੀਆਂ ਗੁੱਡੀਆਂ ਪਟੋਲੇ, ਕਿਤਾਬਾਂ, ਕਾਪੀਆਂ ਅਤੇ ਬਹੁਤ ਪਿਆਰੀਆਂ ਯਾਦਾਂ ਛੱਡ ਕੇ ਜਾ ਰਹੀ ਹੈ। ਮਾਪਿਆਂ ਦਾ ਦਾਈਆ, ਭਰਾਵਾਂ ਦਾ ਮਾਣ ਅਤੇ ਭੈਣਾਂ ਦਾ ਮੋਹ ਸਭ ਕੁਝ ਇਸ ਘਰ ਦੇ ਹਵਾਲੇ ਕਰਕੇ ਜਾ ਰਹੀ ਹੈ। 25 ਸਾਲ ਤੀਕ ਇਸ ਦੀਆਂ ਕੰਧਾਂ/ਕਮਰਿਆਂ ਨੂੰ ਘਰ ਸਮਝਣ ਵਾਲੀ ਦਰਾਂ ’ਤੇ ਪਾਣੀ ਡੋਲ੍ਹਣ ਵਾਲੀ ਅਤੇ ਇਸ ਦੀਆਂ ਖੈਰਾਂ ਮੰਗਣ ਵਾਲੀ ਇੱਕ ਘਰ ਨੂੰ ਅਲਵਿਦਾ ਕਹਿ ਕੇ ਨਵਾਂ ਘਰ ਵਸਾਉਣ ਲਈ ਜਦੋਂ ਘਰੋਂ ਤੁਰਦੀ ਹੈ ਤਾਂ ਉਹ ਬਹੁਤ ਕੁਝ ਆਪਣੇ ਨਾਲ ਲਿਜਾ ਕੇ ਵੀ ਬਹੁਤ ਕੁਝ ਘਰ ਵਿੱਚ ਸਦਾ ਲਈ ਛੱਡ ਜਾਂਦੀ ਹੈ। ਘਰ ਜਿਸ ਨੇ ਉਸ ਨੂੰ ਸੁਪਨੇ ਦਿੱਤੇ, ਉਸ ਦੀ ਪਰਵਾਜ਼ ਨੂੰ ਨਵਾਂ ਅੰਦਾਜ਼ ਦਿੱਤਾ, ਉਸ ਦੀਆਂ ਆਸ਼ਾਵਾਂ ਦੀ ਪੂਰਤੀ ਲਈ ਆਪਣਾ ਹੱਥ ਕਦੇ ਨਾ ਘੁੱਟਿਆ, ਜਿਸ ਦੀ ਮਹਿਫੂਜ਼ੀ ਵਿੱਚ ਉਸ ਨੂੰ ਬਹਿਸ਼ਤੀ ਅਪਣੱਤ ਮਿਲੀ। ਇਸ ਦੀ ਆਗੋਸ਼ ਵਿੱਚ ਉਹ ਸੁਸਤਾ ਸਕਦੀ ਸੀ, ਮੰਗਾਂ ਮਨਾ ਸਕਦੀ ਸੀ ਅਤੇ ਜ਼ਿੱਦ ਪੁਗਾ ਸਕਦੀ ਸੀ ਕਿਉਂਕਿ ਉਸ ਦੀ ਜ਼ਿੱਦ ਸਾਹਵੇਂ ਇਸ ਘਰ ਦਾ ਸਮੁੱਚ ਤਰਲ ਹੋ ਜਾਂਦਾ ਸੀ। ਅਜਿਹੇ ਮੌਕੇ ਜਦੋਂ ਕੋਈ ਬਾਪ ਨੂੰ ਪੁੱਛਦਾ ਹੈ ਕਿ ਜਾਣ ਵੇਲੇ ਧੀ ਸਭ ਕੁਝ ਲੈ ਗਈ ਹੈ ਤਾਂ ਬਾਪ ਭਾਵੇਂ ਕਹਿ ਦਿੰਦਾ ਕਿ ਸਭ ਕੁਝ ਲੈ ਗਈ। ਪਰ ਇਹ ਬਾਪ ਨੂੰ ਹੀ ਪਤਾ ਹੁੰਦਾ ਕਿ ਉਸ ਦੀ ਧੀ ਦਾ ਬਹੁਤ ਕੁਝ ਹੈ ਜੋ ਚਾਹ ਕੇ ਵੀ ਨਹੀਂ ਲਿਜਾ ਸਕਦੀ। ਉਸ ਦੇ ਬਚਪਨੀ ਰੋਸੇ, ਮੰਨਤਾਂ, ਨਿੱਕੀਆਂ ਰਿਆੜਾਂ, ਕੁਲਫ਼ੀ ਖਾਣ ਦੀ ਜ਼ਿੱਦ ਅਤੇ ਕਦੇ ਸਕੂਟਰ ’ਤੇ ਝੂਟਾ ਲੈਣ ਦੀ ਤਮੰਨਾ। ਇਨ੍ਹਾਂ ਨਿੱਕੀਆਂ ਖੁਸ਼ੀਆਂ ਦੇ ਬਹੁਤ ਵੱਡੇ ਅਰਥ ਜੋ ਮਨ ਦੀ ਜੂਹ ਵਿੱਚ ਸਦਾ ਸੁਰੱਖਿਅਤ ਨੇ, ਉਨ੍ਹਾਂ ਨੂੰ ਧੀ ਕਿਵੇਂ ਲਿਜਾ ਸਕਦੀ ਏ? ਧੀਆਂ ਮਾਪਿਆਂ ਦੇ ਘਰੋਂ ਬਹੁਤ ਕੁਝ ਲਿਜਾ ਕੇ ਬਹੁਤ ਕੁਝ ਅਜਿਹਾ ਘਰ ਦੇ ਨਾਮ ਲਾ ਜਾਂਦੀਆਂ ਹਨ ਜਿਨ੍ਹਾਂ ’ਤੇ ਮਾਪਿਆਂ ਨੂੰ ਨਾਜ਼ ਹੁੰਦਾ ਹੈ, ਜਿਨ੍ਹਾਂ ਦੀ ਫੱਖਰਤਾ ਵਿੱਚ ਉਨ੍ਹਾਂ ਦਾ ਸਿਰ ਉੱਚਾ ਹੁੰਦਾ ਹੈ। ਬਾਪ ਇਹ ਸੋਚਦਾ ਸੋਚਦਾ ਫਿਰ ਅੰਦਰ ਆ ਜਾਂਦਾ ਹੈ ਕਿਉਂਕਿ ਧੀ ਦੀ ਵਿਦਾਈ ਤੋਂ ਬਾਅਦ ਘਰ ਦੀ ਸੱਖਣਤਾ ਨੇ ਹੀ ਉਸ ਨੂੰ ਨਿੱਤ ਮਿਲਿਆ ਕਰਨਾ ਹੈ। ਪਰ ਘਰ ਦੀ ਫਿਜ਼ਾ ਵਿੱਚ ਧੀ ਦੀ ਖੁਸ਼ਬੋਈ ਨੇ ਇਸ ਘਰ ਨੂੰ ਸਦਾ ਭਰਦੇ ਰਹਿਣਾ ਹੈ।
ਪੁੱਤ ਪ੍ਰਦੇਸ ਨੂੰ ਜਾਣ ਲਈ ਤਿਆਰ ਹੋ ਰਿਹਾ ਹੈ। ਹਰ ਚੀਜ਼ ਪੈਕ ਕਰਦਾ ਹੈ ਅਤੇ ਘਰੋਂ ਬਾਹਰ ਪੈਰ ਪੁੱਟਣ ਤੋਂ ਪਹਿਲਾਂ ਪੁੱਤ ਫਿਰ ਅੰਦਰ ਵੱਲ ਨੂੰ ਅਹੁਲਦਾ ਹੈ। ਸਭ ਲੈ ਲਿਆ ਹੈ, ਪਰ ਪੁੱਤ ਮਨ ਹੀ ਮਨ ਸੋਚਦਾ ਹੈ ਕਿ ਮੱਥੇ ਵਿੱਚ ਸੁਪਨੇ ਲੈ ਕੇ ਜਾ ਰਿਹਾ ਹਾਂ, ਸਭ ਕੁਝ ਲੈਣ ਦੇ ਬਾਵਜੂਦ ਬਹੁਤ ਕੁਝ ਘਰ ਵਿੱਚ ਰਹਿ ਗਿਆ ਹੈ। ਮੇਰੇ ਜੀਵਨ ਦੀਆਂ ਨਿੱਘੀਆਂ ਯਾਦਾਂ। ਮਾਂ ਬਾਪ ਦਾ ਲਾਡ ਦੁਲਾਰ। ਉਨ੍ਹਾਂ ਦੀਆਂ ਅੱਖਾਂ ਵਿੱਚ ਆਪਣੀ ਔਲਾਦ ਲਈ ਕੀਤੀ ਹੋਈ ਮਿਹਨਤ, ਵਹਾਇਆ ਪਸੀਨਾ। ਸਾਰੀ ਸਾਰੀ ਰਾਤ ਖੇਤਾਂ ਨੂੰ ਪਾਣੀ ਲਾਉਣਾ ਅਤੇ ਮਿਹਨਤ ਦੇ ਮੁੜਕੇ ਨਾਲ ਆਪਣੇ ਲਾਡਲੇ ਲਈ ਪਹਿਲਕਦਮੀਆਂ ਲਈ ਦੁਆ ਕਰਨਾ। ਬੱਚਿਆਂ ਦੇ ਜੀਵਨ ਨੂੰ ਨਵੀਆਂ ਬੁਲੰਦੀਆਂ ਦਾ ਮਾਣ ਬਣਦੇ ਦੇਖਣਾ। ਮਾਂ ਦੀਆਂ ਦੁਆਵਾਂ ਅਤੇ ਬਾਪ ਦੀ ਛਾਂ ਵਿਦੇਸ਼ ਵਿੱਚ ਨਹੀਂ ਮਿਲਣੀ। ਇਹ ਸਭ ਕੁਝ ਤਾਂ ਛੱਡ ਕੇ ਜਾ ਰਿਹਾ ਹਾਂ। ਘਰ ਦੀਆਂ ਕੱਚੀਆਂ ਕੰਧਾਂ ’ਤੇ ਉੱਕਰੀਆਂ ਯਾਦਾਂ ਦਾ ਜੰਮਘਟਾ ਮੇਰੀ ਉਡੀਕ ਜ਼ਰੂਰ ਕਰੇਗਾ ਅਤੇ ਮੈਂ ਇਨ੍ਹਾਂ ਨੂੰ ਮਿਲਣ ਲਈ ਵਾਰ ਵਾਰ ਪਰਤਦਾ ਰਹਾਂਗਾ।
ਮਾਂ ਆਪਣੇ ਦਫ਼ਤਰ ਜਾਣ ਲਈ ਤਿਆਰ ਹੋ ਰਹੀ ਹੈ। ਨਿੱਕਾ ਬੱਚਾ ਰਿਆੜ ਕਰ ਰਿਹਾ ਹੈ ਅਤੇ ਆਪਣੀ ਮਾਂ ਨਾਲ ਜਾਣ ਦੀ ਜ਼ਿੱਦ ਕਰਦਾ ਹੈ। ਬੱਚੇ ਨੂੰ ਸੰਭਾਲਣ ਵਾਲੀ ਆਇਆ ਬੱਚੇ ਨੂੰ ਮਾਂ ਨਾਲੋਂ ਝੰਜੋੜ ਕੇ ਵੱਖ ਕਰਦੀ ਹੈ ਅਤੇ ਮਾਂ ਦਰਾਂ ਤੋਂ ਬਾਹਰ ਨਿਕਲ ਜਾਂਦੀ ਹੈ। ਮਾਂ ਆਪਣੇ ਪਰਸ ਵਿੱਚ ਦੇਖਦੀ ਹੈ ਕਿ ਉਹ ਘਰ ਵਿੱਚ ਕੁਝ ਛੱਡ ਕੇ ਤਾਂ ਨਹੀਂ ਜਾ ਰਹੀ। ਵਸਤਾਂ ਤਾਂ ਪੂਰੀਆਂ ਨੇ, ਪਰ ਉਸ ਦਾ ਦਿਲ ਕਹਿੰਦਾ ਹੈ ਕਿ ਉਹ ਉਸ ਬੱਚੇ ਨੂੰ ਹੀ ਆਇਆ ਦੀ ਸਪੁਰਦਗੀ ਵਿੱਚ ਘਰ ਛੱਡ ਆਈ ਹੈ, ਜਿਸ ਲਈ ਉਹ ਇਹ ਸਭ ਕੁਝ ਕਰ ਰਹੀ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਨਿਆਮਤ ਨੂੰ ਵਿਸਾਰ ਕੇ ਕੰਮ ’ਤੇ ਜਾ ਰਹੀ ਹੈ ਅਤੇ ਕਹਿੰਦੀ ਹੈ ਕਿ ਇਹ ਸਭ ਕੁਝ ਬੱਚੇ ਲਈ ਹੀ ਕੀਤਾ ਜਾ ਰਿਹਾ ਹੈ। ਇਹ ਮਨ ਦੀ ਤੱਕੜੀ ਵਿੱਚ ਸਦਾ ਆਸਾਵਾਂ ਹੀ ਤੁਲੇਗਾ। ਮਾਂ ਦਫ਼ਤਰ ਵਿੱਚ ਹੁੰਦਿਆਂ ਵੀ ਸਦਾ ਘਰ ਵਿੱਚ ਹੀ ਹੁੰਦੀ ਹੈ। ਉਸ ਦੀਆਂ ਸੋਚਾਂ ਵਿੱਚ ਬੱਚਾ ਅਤੇ ਇਸ ਨਾਲ ਜੁੜੀਆਂ ਉਹ ਸਾਰੀਆਂ ਕਿਰਿਆਵਾਂ ਵਾਰ ਵਾਰ ਮਨ ’ਤੇ ਦਸਤਕ ਦਿੰਦੀਆਂ ਰਹਿਣਗੀਆਂ ਕਿ ਬੱਚਾ ਆਹ ਨਾ ਕਰ ਲਵੇ, ਬੱਚਾ ਭੁੱਖਾ ਤਾਂ ਨਹੀਂ ਆਦਿ। ਹਰ ਰੋਜ਼ ਨੌਕਰੀ ਦੇ ਲਾਲਚ ਵਿੱਚ ਮਾਂ ਸਭ ਕੁਝ ਘਰੋਂ ਲੈ ਕੇ ਜਾਂਦੀ ਵੀ ਬਹੁਤ ਕੁਝ ਘਰ ਦੀ ਚਾਰ-ਦੀਵਾਰੀ ਵਿੱਚ ਛੱਡ ਜਾਂਦੀ ਹੈ ਜੋ ਉਸ ਦੇ ਮਨ ਦੀ ਭਟਕਣਾ ਵਧਾਉਂਦਾ ਹੈ। ਉਸ ਨੂੰ ਸੂਲੀ ’ਤੇ ਚਾੜ੍ਹੀ ਰੱਖਦਾ ਹੈ।
ਮਾਪੇ ਵਿਦੇਸ਼ ਵਿੱਚ ਵੱਸਦੇ ਆਪਣੇ ਪੁੱਤਰ ਨੂੰ ਮਿਲਣ ਜਾਂਦੇ ਹਨ ਤੇ ਕੁਝ ਮਹੀਨੇ ਉੱਥੇ ਰਹਿਣ ਤੋਂ ਬਾਅਦ ਵਾਪਸ ਪਰਤਦੇ ਹਨ ਤਾਂ ਪੁੱਤ ਪੁੱਛਦਾ ਹੈ ਕਿ ਸਭ ਕੁਝ ਲੈ ਲਿਆ। ਕੁਝ ਰਹਿ ਤਾਂ ਨਹੀਂ ਗਿਆ? ਮਾਪੇ ਆਪਣੇ ਪੁੱਤ ਦੇ ਘਰ ਨੂੰ ਨਿਹਾਰਦਿਆਂ ਕਹਿੰਦੇ ਨੇ ਕਿ ਨਹੀਂ। ਕੁਝ ਨਹੀਂ ਰਹਿ ਗਿਆ, ਪਰ ਉਨ੍ਹਾਂ ਦਾ ਮਨ ਕਹਿੰਦਾ ਹੈ ਕਿ ਸਭ ਕੁਝ ਤਾਂ ਇੱਥੇ ਰਹਿ ਗਿਆ ਹੈ ਤੇ ਕੁਝ ਵੀ ਨਹੀਂ ਲਿਜਾ ਰਹੇ। ਉਹ ਤਾਂ ਆਪਣੇ ਸੁਪਨੇ ਦਾ ਸੱਚ ਵੀ ਛੱਡ ਕੇ ਜਾ ਰਹੇ ਹਨ। ਆਪਣੀ ਡੰਗੋਰੀ ਨੂੰ ਛੱਡ ਕੇ ਬੁਢਾਪੇ ਦੇ ਦਿਨਾਂ ਨੂੰ ਕਿਵੇਂ ਜਿਊਣਗੇ? ਉਹ ਖੰਭ ਤਾਂ ਇੱਥੇ ਹੀ ਰਹਿ ਜਾਣਗੇ ਜਿਸ ਆਸਰੇ ਉੱਡਣਾ ਸੀ, ਮਾਣਮੱਤਾ ਮਹਿਸੂਸ ਕਰਨਾ ਸੀ, ਜੱਗ ’ਤੇ ਸ਼ਾਨ ਹੋਣੀ ਸੀ। ਆਪਣੇ ਪੁੱਤ ਦੇ ਰੁਤਬੇ ਅਤੇ ਸ਼ਾਨੋ-ਸ਼ੌਕਤ ਨੇ ਸ਼ਾਨ ਵਧਾਉਣੀ ਸੀ। ਵਾਰਸਾਂ ਤੋਂ ਬਗੈਰ ਕੀ ਏ ਮਾਪਿਆਂ ਦਾ ਜਿਊਣਾ? ਉਨ੍ਹਾਂ ਦੀ ਬੁੱਢ-ਵਰੇਸ ਵਿੱਚ ਪੁੱਤ ਤੋਂ ਬਗੈਰ ਕੌਣ ਕਰਵਾਏਗਾ ਚੇਤਾ ਕਿ ਦਵਾਈ ਕਦੋਂ ਖਾਣੀ ਹੈ, ਕਿਹੜੀ ਖਾਣੀ ਹੈ ਅਤੇ ਕੀ ਖਾਣਾ ਤੇ ਕੀ ਨਹੀਂ ਖਾਣਾ? ਕੌਣ ਜ਼ਿੰਮੇਵਾਰੀਆਂ ਦਾ ਬੋਝ ਢੋਵੇਗਾ ਅਤੇ ਕੌਣ ਢਾਰਸ ਬਣ ਕੇ ਔਖੇ ਵਕਤਾਂ ਵਿੱਚ ਨਾਲ ਹੋਵੇਗਾ? ਮਾਪੇ ਆਪਣੇ ਪੁੱਤ ਨੂੰ ਪੁੱਛਦੇ ਹਨ ਕਿ ਦੇਖ ਸਾਡੇ ਬੈਗ ਵਿੱਚ ਕੋਈ ਤੇਰੀ ਚੀਜ਼ ਨਾ ਆ ਗਈ ਹੋਵੇ? ਪੁੱਤ ਕਹਿੰਦਾ ਹੈ ਕਿ ਨਹੀਂ, ਪਰ ਉਹ ਜਾਣਦਾ ਹੈ ਕਿ ਮਾਪੇ ਚੱਲੇ ਨੇ, ਪਰ ਘਰ ਵਿੱਚ ਉਨ੍ਹਾਂ ਦੀ ਪੈੜਚਾਲ ਦੀ ਯਾਦ ਰਹਿ ਜਾਵੇਗੀ। ਉਨ੍ਹਾਂ ਦਾ ਹੁੰਗਾਰਾ, ਹਾਕ ਅਤੇ ਹੌਂਸਲਾ ਰਹਿ ਜਾਵੇਗਾ। ਉਨ੍ਹਾਂ ਦੀਆਂ ਦਿੱਤੀਆਂ ਮੱਤਾਂ ਤੇ ਸਿਆਣਪਾਂ ਰਹਿ ਜਾਣਗੀਆਂ। ਉਨ੍ਹਾਂ ਵੱਲੋਂ ਬਾਹਰਲੀ ਕਿਆਰੀ ਵਿੱਚ ਲਾਈਆਂ ਸਬਜ਼ੀਆਂ ਅਤੇ ਅਗਲੇ ਸਾਲ ਵੀ ਸਬਜ਼ੀਆਂ ਲਾਉਣ ਲਈ ਹਦਾਇਤਾਂ। ਆਪਣੇ ਪੋਤੇ/ਪੋਤੀ ਨਾਲ ਪਾਲਿਆ ਹੋਇਆ ਮੋਹ। ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਉੱਦਮ। ਉਨ੍ਹਾਂ ਨਾਲ ਲਡਾਏ ਲਾਡ। ਸੁਣਾਈਆਂ ਕਹਾਣੀਆਂ ਅਤੇ ਜੀਵਨ ਦੀਆਂ ਯਾਦਾਂ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਘੱਟ ਹੀ ਦੱਸਦੇ ਸਨ। ਬੱਚਿਆਂ ਨਾਲ ਪੰਜਾਬੀ ਵਿੱਚ ਗੱਲਾਂ ਕਰਨਾ ਅਤੇ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਨਾ। ਬੱਚਿਆਂ ਵੱਲੋਂ ਦਾਦਾ/ਦਾਦੀ ਦੇ ਬੈੱਡ ’ਤੇ ਹਰ ਰੋਜ਼ ਪਾਇਆ ਖਿਲਾਰਾ। ਉਨ੍ਹਾਂ ਨੂੰ ਕੰਪਿਊਟਰੀ ਖੇਡਾਂ ਵਿੱਚ ਉਲਝਾਈ ਅਤੇ ਰੁਝਾਈ ਰੱਖਣ ਦਾ ਵਿਸਮਾਦ। ਉਨ੍ਹਾਂ ਦੀ ਹਾਜ਼ਰੀ ਵਿੱਚ ਰੱਸਦਾ-ਵੱਸਦਾ ਆਰ-ਪਰਿਵਾਰ ਜਿਸ ਨਾਲ ਘਰ ਦਾ ਵਿਸਥਾਰ ਹੁੰਦਾ ਸੀ। ਇਹ ਸਭ ਕੁੱਝ ਤਾਂ ਉਹ ਇੱਥੇ ਹੀ ਛੱਡ ਕੇ ਜਾ ਰਹੇ ਨੇ ਭਾਵੇਂ ਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਭ ਕੁਝ ਲੈ ਲਿਆ ਹੈ।
ਜਦੋਂ ਕੋਈ ਆਪਣੇ ਮਿੱਤਰ ਪਿਆਰੇ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਨੂੰ ਪਰਤਣ ਲੱਗਦਾ ਹੈ ਤਾਂ ਮਿੱਤਰ ਪੁੱਛਦਾ ਹੈ ਕਿ ਕੀ ਸਭ ਕੁਝ ਲੈ ਲਿਆ? ਕੁਝ ਰਹਿ ਤਾਂ ਨਹੀਂ ਗਿਆ। ਉਹ ਹੱਸਦਾ ਹੈ ਅਤੇ ਕਹਿੰਦਾ ਹੈ ਕਿ ਸਭ ਕੁਝ ਲੈ ਲਿਆ ਹੈ, ਪਰ ਨਾਲ ਲੈ ਕੇ ਵੀ ਬਹੁਤ ਕੁਝ ਨਹੀਂ ਲਿਜਾ ਸਕਦਾ। ਉਹ ਸੋਚਦਾ ਹੈ ਕਿ ਕਿਵੇਂ ਲੈ ਕੇ ਜਾਵਾਂ ਯਾਰ ਦੀ ਦਿਲਦਾਰੀ। ਉਸ ਦਾ ਖਿੜਖਿੜਾ ਕੇ ਹੱਸਣਾ। ਉਸ ਨਾਲ ਪਾਈਆਂ ਦਿਲ ਦੀਆਂ ਬਾਤਾਂ, ਪੁਰਾਣੀਆਂ ਯਾਦਾਂ ਦੀ ਫਰੋਲਾ-ਫਰੋਲੀ। ਬਚਪਨੀ ਯਾਰੀਆਂ ਦੀਆਂ ਉਹ ਮਾਸੂਮ ਜਿਹੀਆਂ ਸ਼ਰਾਰਤਾਂ। ਚੋਰੀ ਬੇਰ, ਅੰਬ ਜਾਂ ਜਾਮਣਾਂ ਤੋੜਣ ਵਾਲੀਆਂ ਘਤਿੱਤਾਂ। ਰਾਹ ਜਾਂਦਿਆਂ ਖੇਤ ਵਿੱਚੋਂ ਗੰਨੇ ਭੰਨ ਲੈਣਾ। ਸਾਈਕਲ ਦੀ ਟੱਲੀ ਖੋਲ੍ਹ ਕੇ ਪਾਣੀ ਪੀਣਾ ਅਤੇ ਮੱਡਗਾਰਡ ’ਤੇ ਕੀਤੀ ਹੋਈ ਸਵਾਰੀ ਦੇ ਅਨਾਦੀ ਪਲ। ਮਿੱਤਰ-ਮੋਢੇ ’ਤੇ ਸਿਰ ਰੱਖ ਕੇ ਮਨ ਦੀਆਂ ਬਾਤਾਂ ਪਾਉਣ ਦੀ ਅਦਾ। ਮਿੱਤਰਾਂ ਦੀ ਸਲਾਹ ਜਿਸ ਵਿੱਚੋਂ ਸੁਪਨਿਆਂ ਦੀ ਸੰਦਲੀ ਭਾਅ ਉੱਗੀ ਸੀ। ਜਾਣ ਵਾਲਾ ਸ਼ਖ਼ਸ ਇਹ ਸਭ ਕੁਝ ਅਤੇ ਇਨ੍ਹਾਂ ਨਾਲ ਜੁੜੀਆਂ ਯਾਦਾਂ ਦਾ ਪਿਟਾਰਾ ਤਾਂ ਮਿੱਤਰ ਦੇ ਚੁਬਾਰੇ ਵਿੱਚ ਹੀ ਛੱਡ ਕੇ ਜਾ ਰਿਹਾ ਹੈ।
ਬੰਦਾ ਜੀਵਨ ਭਰ ਆਪਣੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਕੇ ਆਖਰੀ ਦਿਨ ਦਫ਼ਤਰ ਤੋਂ ਬਾਹਰ ਨਿਕਲਦਾ ਹੈ। ਫਿਰ ਇਕਦਮ ਵਾਪਸ ਅੰਦਰ ਜਾਂਦਾ ਹੈ। ਜਦੋਂ ਉਹ ਮੁੜਦਾ ਹੈ ਤਾਂ ਉਸ ਦੇ ਸਾਥੀ ਪੁੱਛਦੇ ਹਨ, ‘ਸਰ ਕੀ ਕੁਝ ਲਿਜਾਣ ਵਾਲਾ ਰਹਿ ਗਿਆ?’ ਉਹ ਮੂੰਹੋਂ ਤਾਂ ਕਹਿੰਦਾ ਹੈ ਕਿ ਕੁਝ ਨਹੀਂ, ਪਰ ਉਹ ਜਾਣਦਾ ਹੈ ਕਿ ਬਹੁਤ ਕੁਝ ਰਹਿ ਗਿਆ ਹੈ- ਇਸ ਅਦਾਰੇ ਵਿੱਚ, ਇਸ ਦਫ਼ਤਰ ਵਿੱਚ, ਇਨ੍ਹਾਂ ਸੰਗੀਆਂ ਸਾਥੀਆਂ ਵਿੱਚ ਅਤੇ ਇਸ ਚੌਗਿਰਦੇ ਵਿੱਚ ਜਿੱਥੇ ਜ਼ਿੰਦਗੀ ਦੀਆਂ ਤੀਹ ਬਹਾਰਾਂ ਬਿਤਾਈਆਂ ਹਨ। ਅਲਮਾਰੀ ਵਿੱਚ ਬੰਦ ਉਸ ਦੀ ਸਰਵਿਸ ਬੁੱਕ, ਉਸ ਦੀਆਂ ਕੀਰਤੀਆਂ ਤੇ ਕਰਨੀਆਂ ਦਾ ਲੇਖਾ ਜੋਖਾ ਆਪਣੇ ਵਿੱਚ ਸਮਾਈ ਕਦੇ ਕਦਾਈਂ ਜ਼ਰੂਰ ਉਡੀਕਿਆ ਕਰੇਗੀ ਕਿ ਕਦੇ ਤਾਂ ਇਸ ਸਰਵਿਸ ਬੁੱਕ ਦਾ ਮਾਲਕ ਆਵੇ। ਇਸ ਵਿੱਚ ਲਿਖੀ ਹੋਈ ਇਬਾਰਤ ਪੜ੍ਹੇ ਅਤੇ ਆਪਣੇ ਆਪ ਨੂੰ ਪਰਖੇ। ਜੀਵਨ ਵਿਚਲੀ ਸੇਧ ਅਤੇ ਸਿਰਨਾਵੇਂ ਨੂੰ ਸੁਪਨਿਆਂ ਦੀ ਪੂਰਤੀ ਦੇ ਨਾਵੇਂ ਲਾਉਣ ਵਾਲਾ ਨਜ਼ਰੀਆ ਪਰਤ ਆਵੇ। ਵਿਅਕਤੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਵੀ ਬਹੁਤ ਕੁਝ ਬਾਕੀ ਰਹਿ ਜਾਂਦਾ ਹੈ ਜਿਸ ਵਿੱਚ ਵਕਤ ਦੀ ਤਵਾਰੀਖ਼ ਹੁੰਦੀ ਹੈ। ਬੀਤੇ ਸਮੇਂ ਦੀਆਂ ਧੁੰਧਲੀਆਂ ਯਾਦਾਂ ਜਿਨ੍ਹਾਂ ਵਿੱਚ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਲਈ ਆਪਣੇ ਰਾਹਾਂ ਦੀ ਭਾਲ ਕੀਤੀ ਹੋਵੇ।
ਬਾਪ ਦੀ ਚਿਖਾ ਨੂੰ ਅਗਨੀ ਦੇ ਦਿੱਤੀ ਗਈ ਹੈ। ਸਿਵਾ ਬਲ ਰਿਹਾ ਹੈ। ਲੋਕ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ। ਅੱਗ ਦੀਆਂ ਲਪਟਾਂ ਉੱਚੀਆਂ ਹੋ ਰਹੀਆਂ ਹਨ। ਪੁੱਤ ਲੋਕਾਂ ਦੇ ਨਾਲ ਹੀ ਘਰ ਨੂੰ ਤੁਰ ਪੈਂਦਾ ਹੈ ਅਤੇ ਫਿਰ ਇਕਦਮ ਪਰਤਦਾ ਹੈ ਅਤੇ ਸਿਵੇ ਦੇ ਕੋਲ ਜਾ ਕੇ ਕੁਝ ਦੇਖਦਾ ਹੈ। ਉਸ ਦਾ ਸਿਆਣੂ ਪੁੱਛਦਾ ਹੈ ਕੀ ਕੁਝ ਰਹਿ ਗਿਆ ਹੈ? ਮਸੋਸੇ ਜਿਹੇ ਬੋਲ ਨਾਲ ਕਹਿੰਦਾ ਹੈ ਕੁਝ ਵੀ ਨਹੀਂ, ਪਰ ਉਸ ਦਾ ਅੰਦਰ ਉੱਚੀ ਕੂਕਣਾ ਚਾਹੁੰਦਾ ਹੈ ਕਿ ਹਾਂ ਬਹੁਤ ਕੁਝ ਰਹਿ ਗਿਆ ਹੈ ਇਸ ਬਲਦੇ ਸਿਵੇ ਵਿੱਚ। ਮੇਰੇ ਬਾਪ ਦਾ ਨਿੱਗਰ ਸਰੀਰ ਜੋ ਰਾਖ਼ ਬਣ ਜਾਵੇਗਾ। ਬਾਪ ਦੀਆਂ ਉਂਗਲਾਂ ਜਿਨ੍ਹਾਂ ਨੂੰ ਫੜ ਕੇ ਮੈਂ ਤੁਰਨਾ ਸਿੱਖਿਆ ਅਤੇ ਜੋ ਮੈਨੂੰ ਪਹਿਲੇ ਦਿਨ ਸਕੂਲ ਛੱਡ ਕੇ ਆਈਆਂ ਸਨ। ਮੇਰੇ ਬਾਪ ਦਾ ਉਹ ਮੁਹਾਂਦਰਾ ਜਿਸ ਦੇ ਚਿਹਰੇ ’ਤੇ ਪੁੱਤ ਦੀਆਂ ਪ੍ਰਾਪਤੀਆਂ ਦਾ ਮਾਣ, ਮਿਹਨਤ ਤੇ ਮੁਸ਼ੱਕਤ ਦਾ ਨੂਰ ਤੇ ਸਾਫ਼ਗੋਈ ਦਾ ਸੰਦੇਸ਼ ਸੀ। ਕੂੜ-ਕਪਟ ਤੋਂ ਬੇਲਾਗਤਾ। ਸੋਚ ਦੀ ਪਾਕੀਜ਼ਗੀ ਦਾ ਅਲਹਾਮ। ਉਹ ਤਾਂ ਕਿਸੇ ਦੇ ਪੱਠੇ ਚੋਰੀ ਵੱਢਣ ਨੂੰ ਪਾਪ ਸਮਝਦਾ ਸੀ। ਇਸ ਸਿਵੇ ਵਿੱਚ ਮੱਚ ਰਹੀ ਹੈ ਬਾਪ ਦੀ ਫ਼ਕੀਰੀ, ਨਿਰ-ਉਚੇਚ ਕਿਸੇ ਦੇ ਕੰਮ ਆਉਣ ਦੀ ਤਮੰਨਾ। ਬੱਚਿਆਂ ਨੂੰ ਸਾਦਗੀ, ਸਮਰਪਣ, ਸਹਿਜਤਾ ਅਤੇ ਸੁਖਨ ਦਾ ਪਾਠ ਪੜ੍ਹਾਉਣ ਦੀ ਤਲਬ। ਸਿਵੇ ਵਿੱਚ ਸੜ ਕੇ ਵੀ ਬਾਪ ਕਿਧਰੇ ਨਹੀਂ ਜਾਂਦਾ। ਉਹ ਰਾਖ਼ ਹੋ ਕੇ ਸਾਡੀ ਸੋਚ ਦੇ ਪੱਲੇ ਵਿੱਚ ਕੁਝ ਪਾ ਜਾਂਦਾ ਹੈ ਜੋ ਸਾਨੂੰ ਜੀਵਨ ਭਰ ਕਿਧਰੇ ਵੀ ਨਹੀਂ ਥਿਆਉਣਾ। ਦਰਅਸਲ, ਬਾਪ ਜਾ ਕੇ ਵੀ ਕਿਧਰੇ ਨਹੀਂ ਜਾਂਦਾ। ਉਹ ਹਰਦਮ, ਹਰ ਪਲ ਅਤੇ ਹਰ ਮੋੜ ’ਤੇ ਤੁਹਾਡੀ ਰਹਿਨੁਮਾਈ ਕਰਦਾ, ਤੁਹਾਡੀਆਂ ਬਲਾਵਾਂ ਉਤਾਰਦਾ, ਅਦਿੱਖ ਰੂਪ ਵਿੱਚ ਤੁਹਾਡੇ ਸਮੁੱਚ ਵਿੱਚ ਸਦਾ ਹਾਜ਼ਰ ਨਾਜ਼ਰ ਰਹਿੰਦਾ ਹੈ।
ਜ਼ਿੰਦਗੀ ਵਿੱਚ ਕੁਝ ਵੀ ਸਮੇਟਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਕੁਝ ਅਜਿਹਾ ਛੱਡ ਕੇ ਜਾਈਏ ਜਿਹੜਾ ਅਸੀਂ ਨਾਲ ਨਹੀਂ ਲਿਜਾ ਸਕਦੇ। ਜੋ ਸਾਡੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਦੇ ਨਾਮ ਕਰੇਗਾ। ਦਰਅਸਲ, ਅਸੀਂ ਕੁਝ ਵੀ ਨਾਲ ਨਹੀਂ ਲਿਜਾਂਦੇ ਸਿਰਫ਼ ਛੱਡ ਕੇ ਹੀ ਜਾਂਦੇ ਹਾਂ। ਅਛੋਪਲੇ ਜਿਹੇ ਅਣਦਿਸਦੀਆਂ ਛੱਡਣ ਵਾਲੀਆਂ ਵਸਤਾਂ ਵਿੱਚ ਸਭ ਤੋਂ ਅਹਿਮ ਹੁੰਦੀਆਂ ਹਨ- ਨੇਕੀ, ਬੰਦਿਆਈ, ਭਲਾਈ ਅਤੇ ਸੱਜਣਤਾਈ ਜਿਸ ਨੇ ਕਰਨੀ ਹੁੰਦੀ ਹੈ ਮਾਨਵਤਾ ਦੀ ਰਹਿਨੁਮਾਈ। ਕੁਝ ਲੋਕ ਸਿਰਫ਼ ਵਰਤਮਾਨ ਵਿੱਚ ਹੀ ਜਿਉਂਦੇ ਹਨ, ਪਰ ਖੁਸ਼ਕਿਸਮਤ ਹੁੰਦੇ ਹਨ, ਉਹ ਲੋਕ ਜੋ ਵਰਤਮਾਨ ਦੇ ਨਾਲ ਨਾਲ ਭਵਿੱਖ ਵਿੱਚ ਵੀ ਜਿਉਂਦੇ ਹਨ। ਲੋਕ ਉਨ੍ਹਾਂ ਦੀਆਂ ਅਮਾਨਤਾਂ ਨੂੰ ਆਪਣੀ ਜ਼ਿੰਦਗੀ ਦੀ ਆਧਾਰਸ਼ਿਲਾ ਬਣਾ ਕੇ ਆਪਣੀਆਂ ਪ੍ਰਾਪਤੀਆਂ ਦੇ ਸ਼ਿਲਾਲੇਖਾਂ ਦਾ ਰੂਪ ਦਿੰਦੇ ਹਨ। ਕਦੇ ਆਧਾਰਸ਼ਿਲਾ ਤੋਂ ਸ਼ਿਲਾਲੇਖ ਬਣਨ ਦੇ ਰਾਹੀ ਬਣਨ ਦਾ ਸੁਪਨਾ ਜ਼ਰੂਰ ਲੈਣਾ ਕਿਉਂਕਿ ਸੁਪਨੇ ਲੈਣ ’ਤੇ ਹੀ ਪੂਰੇ ਹੁੰਦੇ ਹਨ। ਅਸੀਂ ਜਦੋਂ ਵੀ ਇੱਕ ਥਾਂ ਤੋਂ ਦੂਸਰੇ ਥਾਂ ਦੀ ਯਾਤਰਾ ’ਤੇ ਤੁਰਦੇ ਹਾਂ ਤਾਂ ਅਸੀਂ ਸਾਰੇ ਬਹੁਤ ਕੁਝ ਛੱਡ ਆਉਂਦੇ ਹਾਂ। ਇਸ ਛੱਡ ਕੇ ਆਏ ਬਹੁਤ ਕੁਝ ਨੂੰ ਕਦੇ ਭਾਲਣ ਦੀ ਕੋਸ਼ਿਸ਼ ਜ਼ਰੂਰ ਕਰਨਾ।