ਕਿਰਨ ਕੌਰ
ਹਰ ਇਨਸਾਨ ਜ਼ਿੰਦਗੀ ਵਿੱਚ ਇਹ ਚਾਹੁੰਦਾ ਹੈ ਕਿ ਉਹ ਸਫਲ ਹੋਵੇ, ਕੁਝ ਵੱਡਾ ਕਰੇ, ਨਾਮ ਕਮਾਵੇ। ਪਰ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਆਪਣੇ ਇਹ ਸੁਪਨੇ ਪੂਰੇ ਕਰ ਪਾਉਂਦੇ ਹਨ। ਗੱਲ ਇਹ ਨਹੀਂ ਕਿ ਉਨ੍ਹਾਂ ਵਿੱਚ ਸਫਲ ਹੋਣ ਦੀ ਕਾਬਲੀਅਤ ਨਹੀਂ। ਗੱਲ ਤਾਂ ਇਹ ਹੈ ਕਿ ਉਹ ਆਪਣੇ ਆਪ ਨਾਲ ਲੜਦੇ ਨਹੀਂ। ਸਾਡੀਆਂ ਆਪਣੀਆਂ ਹੀ ਕੁਝ ਅਜਿਹੀਆਂ ਆਦਤਾਂ ਜਾਂ ਵਿਸ਼ਵਾਸ ਬਣੇ ਹੁੰਦੇ ਹਨ ਜੋ ਸਾਨੂੰ ਸਫਲਤਾ ਤੋਂ, ਸਾਡੇ ਸੁਪਨਿਆਂ ਤੋਂ ਕੋਹਾਂ ਮੀਲ ਦੂਰ ਲੈ ਜਾਂਦੇ ਹਨ। ਇੱਥੇ ਅਸੀਂ ਅਜਿਹੀਆਂ ਹੀ ਰੁਕਾਵਟਾਂ ਬਾਰੇ ਗੱਲ ਕਰਾਂਗੇ ਤਾਂ ਕਿ ਅਸੀਂ ਆਪਣੇ ਰਸਤੇ ਨੂੰ ਸਾਫ਼ ਕਰਕੇ ਆਪਣੀ ਮੰਜ਼ਿਲ ਨੂੰ ਪਾ ਸਕੀਏ।
ਪਹਿਲੀ ਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਸਾਨੂੰ ਸਫਲ ਹੋਣ ਤੋਂ ਰੋਕਦੀ ਹੈ, ਉਹ ਹੈ ਸਾਡੀਆਂ ਆਪਣੀਆਂ ਆਦਤਾਂ। ਆਦਤਾਂ ਸਮੇਂ ਦੇ ਨਾਲ ਨਾਲ ਹੋਰ ਵੀ ਗੂੜ੍ਹੀਆਂ ਹੁੰਦੀਆਂ ਜਾਂਦੀਆਂ ਹਨ। ਇਸ ਲਈ ਪੁਰਾਣੀਆਂ ਆਦਤਾਂ ਨੂੰ ਛੱਡ ਕੇ ਨਵੀਆਂ ਅਪਣਾਉਣ ਵਿੱਚ ਥੋੜ੍ਹਾ ਜਿਹਾ ਕਸ਼ਟ ਤਾਂ ਜ਼ਰੂਰ ਹੁੰਦਾ ਹੈ, ਪਰ ਪੁਰਾਣੀਆਂ ਆਦਤਾਂ ਨੂੰ ਛੱਡ ਕੇ ਨਵੀਆਂ ਨੂੰ ਅਪਣਾਉਣਾ ਸਫਲਤਾ ਦੇ ਰਾਹ ਦਾ ਪਹਿਲਾ ਤੇ ਮਹੱਤਵਪੂਰਨ ਕਦਮ ਹੈ। ਅਸੀਂ ਕਹਿੰਦੇ ਬਹੁਤ ਕੁਝ ਹਾਂ, ਪਰ ਕਰਦੇ ਬਹੁਤ ਘੱਟ ਤੇ ਕਈ ਤਾਂ ਬਸ ਗੱਲਾਂ ਹੀ ਕਰਦੇ ਹਨ। ਸਫਲ ਹੋਣਾ ਜਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ, ਇਹ ਆਪਣੇ ਆਪ ਵਿੱਚ ਲੰਬੀ ਯਾਤਰਾ ਅਤੇ ਮਿਹਨਤ ਮੰਗਦੇ ਹਨ, ਪਰ ਅਸੀਂ ਪੁਰਾਣੀਆਂ ਜਾਂ ਗ਼ਲਤ ਆਦਤਾਂ ਵਿੱਚ ਫਸੇ ਹੁੰਦੇ ਹਾਂ ਤੇ ਸਿਰਫ਼ ਸਫਲ ਹੋਣ ਬਾਰੇ ਸੋਚਦੇ ਰਹਿੰਦੇ ਹਾਂ। ਜਿਸ ਨਾਲ ਸਫਲ ਹੋਣਾ ਤਾਂ ਦੂਰ ਅਸੀਂ ਸਫਲਤਾ ਦੇ ਰਾਹ ’ਤੇ ਵੀ ਤੁਰ ਨਹੀਂ ਪਾਉਂਦੇ।
ਉਦਾਹਰਣ ਵਜੋਂ ਜੇਕਰ ਕਿਸੇ ਦਾ ਸੁਪਨਾ ਫ਼ੌਜ ਵਿੱਚ ਭਰਤੀ ਹੋਣਾ ਹੈ, ਪਰ ਉਹ ਆਪਣੇ ਇਸ ਟੀਚੇ ਬਾਰੇ ਸਿਰਫ਼ ਸੋਚਦਾ ਹੈ, ਕਰਦਾ ਕੁਝ ਨਹੀਂ ਤਾਂ ਉਸ ਦਾ ਇਹ ਸੋਚਣਾ ਕਿਸੇ ਕੰਮ ਨਹੀਂ। ਉਹ ਆਪਣੀ ਜ਼ਿੰਦਗੀ ਵਿੱਚ ਜੇਕਰ ਆਪਣੀਆਂ ਪੁਰਾਣੀਆਂ ਆਦਤਾਂ ਵਿੱਚ ਹੀ ਜਕੜਿਆ ਹੋਇਆ ਹੈ, ਜਿਵੇਂ ਸਰੀਰਕ ਕਸਰਤ ਵੱਲ ਧਿਆਨ ਨਾ ਦੇਣਾ, ਜ਼ਿਆਦਾ ਸਮਾਂ ਸੌਣਾ ਤਾਂ ਉਹ ਕਦੇ ਵੀ ਆਪਣੇ ਸੁਪਨੇ ਪੂਰੇ ਨਹੀਂ ਕਰ ਸਕੇਗਾ। ਉਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਵੀਆਂ ਆਦਤਾਂ ਅਪਣਾਉਣੀਆਂ ਪੈਣਗੀਆਂ। ਆਪਣੀ ਜ਼ਿੰਦਗੀ ਵਿੱਚ ਥੋੜ੍ਹਾ ਫੇਰ ਬਦਲ ਕਰਨਾ ਪਵੇਗਾ। ਪਰ ਜੇਕਰ ਉਹ ਇੰਜ ਨਹੀਂ ਕਰਦਾ ਤਾਂ ਅੰਤ ਉਸ ਦਾ ਜੀਵਨ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਉਹ ਬਾਅਦ ਵਿੱਚ ਕਿਸਮਤ ਨੂੰ ਦੋਸ਼ ਦੇਵੇਗਾ।
ਅਸਲ ਵਿੱਚ ਸਾਡੀਆਂ ਆਦਤਾਂ ਉਦੋਂ ਹੀ ਬਦਲਣਗੀਆਂ ਜਦੋਂ ਅਸੀਂ ਆਪਣੇ ਆਪ ਵਿੱਚ ਪੱਕਾ ਨਿਸ਼ਚਾ ਕਰ ਲਵਾਂਗੇ। ਅਸਲੀਅਤ ਤਾਂ ਇਹ ਹੈ ਕਿ ਸਾਡੇ ਵਿੱਚੋਂ ਬਹੁਤੇ ਲੋਕ ਸਿਰਫ਼ ਗੱਲਾਂ ਹੀ ਕਰਦੇ ਹਨ, ਪਰ ਉਹ ਦਿਲੋਂ ਪੂਰੇ ਨਿਸ਼ਚੇ, ਪੂਰੇ ਵਿਸ਼ਵਾਸ ਨਾਲ ਆਪਣੇ ਆਪ ਨੂੰ ਕੋਈ ਟੀਚਾ ਦਿੰਦੇ ਹੀ ਨਹੀਂ। ਅਜਿਹੇ ਕੱਚੇ ਟੀਚਿਆਂ ’ਤੇ ਇੱਕ-ਦੋ ਦਿਨ ਤਾਂ ਕੰਮ ਕੀਤਾ ਜਾ ਸਕਦਾ ਹੈ, ਪਰ ਲੰਬੇ ਸਮੇਂ ਉਸ ਦਾ ਆਨੰਦ ਕਦੇ ਨਹੀਂ ਉਠਾਇਆ ਜਾ ਸਕਦਾ। ਸਫਲਤਾ ਤਾਂ ਉਹ ਰਾਹ ਹੁੰਦਾ ਹੈ ਜਿਸ ’ਤੇ ਠੋਕਰਾਂ ਦਾ ਵੀ ਆਨੰਦ ਆਵੇ, ਸਾਨੂੰ ਪਤਾ ਹੋਵੇ ਕਿ ਪਲ ਪਲ ਅਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਹਾਂ। ਅਸੀਂ ਪੂਰੀ ਲਗਨ ਅਤੇ ਨਿਸ਼ਠਾ ਨਾਲ ਆਪਣਾ ਕੰਮ ਕਰ ਰਹੇ ਹਾਂ। ਆਪਣੇ ਸੁਪਨਿਆਂ ਉੱਤੇ ਮਿਹਨਤ ਕਰ ਰਹੇ ਹਾਂ। ਇਸ ਰਾਹ ’ਤੇ ਜਾਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਵਿੱਚ ਪੂਰਨ ਵਿਸ਼ਵਾਸ ਤੇ ਸ਼ਰਧਾ ਭਰ ਲੈਣੀ ਚਾਹੀਦੀ ਹੈ। ਆਪਣੇ ਆਪ ਨੂੰ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਮੈਂ ਇਹ ਹਾਸਲ ਕਰਕੇ ਹੀ ਰਹਾਂਗਾ ਤੇ ਫਿਰ ਹੀ ਤੁਹਾਡਾ ਅੰਦਰ, ਤੁਹਾਡੀ ਆਤਮਾ ਤੁਹਾਨੂੰ ਆਵਾਜ਼ ਦੇਵੇਗੀ ਕਿ ਇਸ ’ਤੇ ਕੰਮ ਕਰ, ਜਿਸ ਨਾਲ ਤੁਸੀਂ ਆਪਣੀਆਂ ਆਦਤਾਂ ਬਦਲਣ ’ਤੇ ਮਜਬੂਰ ਹੋ ਜਾਓਗੇ।
ਜੇਕਰ ਹੁਣ ਤੁਸੀਂ ਪੱਕਾ ਨਿਸ਼ਚਾ ਕਰ ਲਿਆ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਹੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸਵੈ ਪੜਤਾਲ ਕਰਨੀ ਪਵੇਗੀ। ਬਿਲਕੁਲ ਆਪਣੇ ਆਪ ਨੂੰ ਜਾਣੇ ਸਮਝੇ ਬਿਨਾਂ ਅੱਗੇ ਵਧਣਾ ਬੇਵਕੂਫ਼ੀ ਹੈ। ਆਪਣੇ ਬਾਰੇ ਤੁਹਾਨੂੰ ਜੋ ਵੀ ਸਕਾਰਾਤਮਕ ਅਤੇ ਨਕਾਰਾਤਮਕ ਪਤਾ ਹੈ, ਉਨ੍ਹਾਂ ਚੀਜ਼ਾਂ ਦੀ ਇੱਕ ਸੂਚੀ ਬਣਾ ਲੈਣੀ ਚਾਹੀਦੀ ਹੈ। ਕਿਉਂਕਿ ਸਫਲਤਾ ਦੇ ਮਾਰਗ ’ਤੇ ਸਭ ਤੋਂ ਵੱਡੀ ਰੁਕਾਵਟ ਤੁਹਾਡੀਆਂ ਆਪਣੀਆਂ ਕਮਜ਼ੋਰੀਆਂ ਹੀ ਹੋਣਗੀਆਂ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਿਹਤਰ ਕਰਨਾ, ਆਪਣੀਆਂ ਕਮਜ਼ੋਰੀਆਂ ’ਤੇ ਕਾਬੂ ਪਾਉਣਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਆਉਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਉਤੇਜਨਾ ਉੱਪਰ ਤੁਹਾਡਾ ਕਿੰਨਾ ਕੁ ਕਾਬੂ ਹੈ? ਤੁਹਾਡੇ ਵਿੱਚ ਕਿੰਨਾ ਕੁ ਸਬਰ ਹੈ? ਤੁਹਾਡਾ ਸਵੈ-ਪ੍ਰੇਰਨਾ ਪੱਧਰ ਕਿੰਨਾ ਕੁ ਹੈ? ਤੁਹਾਡੇ ਵਿੱਚ ਕੰਮ ਕਰਨ ਦੀ ਲਗਨ ਕਿੰਨੀ ਹੈ?
ਇਸ ਲਈ ਸਫਲਤਾ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ’ਤੇ ਕੰਮ ਕਰਨਾ ਪਵੇਗਾ। ਜੋ ਘੱਟ ਹੈ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕਰੋ, ਜੋ ਨਕਾਰਾਤਮਕ ਹੈ ਉਸ ਨੂੰ ਖਤਮ ਕਰੋ, ਆਪਣੀ ਸਕਾਰਾਤਮਕਤਾ ਨੂੰ ਆਪਣੀ ਤਾਕਤ, ਆਪਣਾ ਹਥਿਆਰ ਬਣਾ ਲਓ ਤੇ ਮੰਜ਼ਿਲ ਵੱਲ ਵਧਦੇ ਜਾਓ।
ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਅਸੀਂ ਕੋਈ ਨਵਾਂ ਕੰਮ ਕਰਦੇ ਹਾਂ ਤਾਂ ਅਸੀਂ ਉਸ ਨੂੰ ਪਹਿਲਾਂ ਪਹਿਲਾਂ ਤਾਂ ਬਹੁਤ ਉਤਸ਼ਾਹ ਤੇ ਸ਼ੌਕ ਨਾਲ ਕਰਦੇ ਹਾਂ, ਪਰ ਬਾਅਦ ਵਿੱਚ ਉਹ ਉਤਸ਼ਾਹ ਓਨਾ ਨਹੀਂ ਰਹਿੰਦਾ ਤੇ ਅੰਤ ਅਸੀਂ ਉਸ ਚੀਜ਼ ਤੋਂ ਉੱਬ ਜਾਂਦੇ ਹਾਂ ਤੇ ਉਸ ਨੂੰ ਉੱਥੇ ਹੀ ਛੱਡ ਦਿੰਦੇ ਹਾਂ। ਅਸਲ ਵਿੱਚ ਇਹ ਉਹ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਪੂਰਨ ਤੌਰ ’ਤੇ ਦਿਲੋਂ ਭਾਵਨਾਤਮਕ ਤੌਰ ’ਤੇ ਜੁੜੇ ਨਹੀਂ ਹੁੰਦੇ। ਸਾਡਾ ਆਪਣੇ ਕੰਮ ਪ੍ਰਤੀ ਭਾਵਨਾਤਮਕ ਤੌਰ ’ਤੇ ਜੁੜੇ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕਿਸੇ ਤੋਂ ਸੁਣ ਕੇ ਜਾਂ ਬਾਕੀ ਲੋਕਾਂ ਵੱਲ ਦੇਖ ਕੇ ਕੰਮ ਕਰਨ ਲੱਗ ਪੈਂਦੇ ਹਾਂ ਜਿਸ ਦਾ ਸ਼ੁਰੂ ਸ਼ੁਰੂ ਵਿੱਚ ਤਾਂ ਮਜ਼ਾ ਆਉਂਦਾ ਹੈ, ਪਰ ਹੌਲੀ ਹੌਲੀ ਉਹ ਚੀਜ਼ਾਂ ਬੇਕਾਰ ਹੋ ਜਾਂਦੀਆਂ ਹਨ। ਇਸ ਲਈ ਆਪਣੀ ਜ਼ਿੰਦਗੀ ਦਾ ਟੀਚਾ ਮਿੱਥਣ ਲੱਗਿਆਂ ਆਪਣੇ ਦਿਲ ਦੀ ਆਵਾਜ਼ ਸੁਣੋ।
ਦਿਲੋਂ ਮਿੱਥਿਆ ਗਿਆ ਟੀਚਾ ਤੁਸੀਂ ਸਰ ਕਰ ਸਕੋਗੇ ਤੇ ਤੁਹਾਡੇ ਵਿੱਚ ਉਤਸ਼ਾਹ ਹਮੇਸ਼ਾਂ ਬਰਕਰਾਰ ਰਹੇਗਾ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਉਤਸ਼ਾਹਿਤ ਰਹਿਣਾ ਬੜਾ ਜ਼ਰੂਰੀ ਹੈ। ਉਤਸ਼ਾਹ ਨਾਲ ਚੀਜ਼ਾਂ ਵਧੀਆ ਹੋ ਸਕਦੀਆਂ ਹਨ। ਜਿੰਨਾ ਤੁਹਾਡੇ ਵਿੱਚ ਆਪਣੇ ਕੰਮ ਨੂੰ ਲੈ ਕੇ ਉਤਸ਼ਾਹ ਹੋਵੇਗਾ, ਨਤੀਜਾ ਵੀ ਓਨਾ ਹੀ ਵਧੀਆ ਹੋਵੇਗਾ। ਜੇਕਰ ਤੁਸੀਂ ਆਪਣੀ ਮੰਜ਼ਿਲ ਪ੍ਰਤੀ ਉਤਸ਼ਾਹਿਤ ਨਹੀਂ ਤਾਂ ਤੁਸੀਂ ਉਸ ਨੂੰ ਕਦੀ ਵੀ ਪਿਆਰ ਨਹੀਂ ਕਰ ਸਕਦੇ। ਦੂਸਰਿਆਂ ਨੂੰ ਵੀ ਅਸੀਂ ਤਾਂ ਹੀ ਉਤਸ਼ਾਹਿਤ ਕਰ ਸਕਦੇ ਹਾਂ ਜਦੋਂ ਅਸੀਂ ਖੁਦ ਉਤਸ਼ਾਹਿਤ ਹੋਈਏ।
ਮੁਕਾਬਲਾ ਸਿਰਫ਼ ਕਿਸੇ ਹੋਰ ਨਾਲ ਹੀ ਨਹੀਂ, ਆਪਣੇ ਆਪ ਨਾਲ ਵੀ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਆਪਣੇ ਆਪ ਵਿੱਚ ਬਹੁਤ ਬਿਹਤਰ ਕਰ ਦੇਵੇਗਾ ਤੇ ਬਾਹਰੀ ਮੁਸੀਬਤਾਂ ਨਾਲ ਲੜਨ ਦੀ ਜਾਚ ਵੀ ਮਿਲੇਗੀ। ਆਪਣੇ ਆਪ ਨੂੰ ਆਰਡਰ ਦੇਣਾ ਸਿੱਖੋ। ਮੰਨ ਲਓ ਤੁਸੀਂ ਸੋਚਦੇ ਹੋ ਕਿ ਤੁਸੀਂ ਹਰ ਰੋਜ਼ 15 ਕਿਲੋਮੀਟਰ ਦੌੜਨਾ ਹੈ, ਪਰ ਇਸ ਦੀ ਸ਼ੁਰੂਆਤ ਤਾਂ ਤੁਸੀਂ ਇੱਕ ਕਿਲੋਮੀਟਰ ਜਾਂ ਅੱਧਾ ਕਿਲੋਮੀਟਰ ਤੋਂ ਹੀ ਕਰੋਗੇ। ਜਿਸ ਦਿਨ ਤੁਸੀਂ ਸ਼ੁਰੂਆਤ ਅੱਧਾ ਕਿਲੋਮੀਟਰ ਤੋਂ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਦੋ ਤਿੰਨ ਦਿਨ ਅੱਗੇ ਦਾ ਇੱਕ ਆਰਡਰ ਦਿਓ ਕਿ ਮੈਂ ਇੰਨੇ ਦਿਨਾਂ ਵਿੱਚ ਇੰਨੇ ਕਿਲੋਮੀਟਰ ਪੂਰੇ ਕਰਨੇ ਹੀ ਕਰਨੇ ਹਨ। ਵੱਡੇ ਟੀਚੇ ਪੂਰੇ ਕਰਨ ਲਈ ਆਪਣੇ ਆਪ ਨੂੰ ਛੋਟੇ ਟੀਚਿਆਂ ਵਿੱਚ ਵੰਡ ਲਓ। ਹਰ ਰੋਜ਼ ਆਪਣੀ ਕੱਲ੍ਹ ਨਾਲ ਆਪਣਾ ਮੁਕਾਬਲਾ ਕਰੋ ਅਤੇ ਕੱਲ੍ਹ ਨਾਲੋਂ ਜ਼ਿਆਦਾ ਮਿਹਨਤ ਕਰਕੇ ਆਪਣੇ ਆਪ ਨੂੰ ਹੋਰ ਬਿਹਤਰ ਕਰਦੇ ਜਾਓ।
ਅਸੀਂ ਕਈ ਚੀਜ਼ਾਂ ਅਜਿਹੀਆਂ ਇਸ ਕਾਰਨ ਕਰ ਹੀ ਨਹੀਂ ਸਕਦੇ ਕਿਉਂਕਿ ਸਾਡੇ ਵਿੱਚ ਡਰ ਹੁੰਦਾ ਹੈ ਕਿ ਕਿਤੇ ਗ਼ਲਤ ਨਾ ਹੋ ਜਾਵੇ। ਸਾਨੂੰ ਗ਼ਲਤੀਆਂ ਤੋਂ ਡਰਨਾ ਨਹੀਂ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ ਬਲਕਿ ਗ਼ਲਤੀਆਂ ਨੂੰ ਤਾਂ ਖਿੜੇ ਮੱਥੇ ਸਵੀਕਾਰ ਕਰਕੇ ਉਨ੍ਹਾਂ ਤੋਂ ਸਿੱਖ ਕੇ ਹੋਰ ਵੀ ਬਿਹਤਰ ਬਣਦੇ ਜਾਣਾ ਚਾਹੀਦਾ ਹੈ। ਹਰ ਇਨਸਾਨ ਗ਼ਲਤੀਆਂ ਕਰਦਾ ਹੈ, ਇਸ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਇਸ ਲਈ ਗ਼ਲਤੀਆਂ ਤੋਂ ਸਿੱਖੋ ਅਤੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਬਿਹਤਰ ਬਣਾਉਂਦੇ ਜਾਓ।
ਸਫਲ ਹੋਣ ਲਈ ਸਿਰਫ਼ ਲੋੜ ਹੈ ਪੂਰਨ ਵਿਸ਼ਵਾਸ ਤੇ ਇਮਾਨਦਾਰੀ ਨਾਲ ਆਪਣਾ ਪੱਕਾ ਨਿਸ਼ਚਾ ਚੁਣਨ ਦੀ। ਉਸ ’ਤੇ ਲਗਨ ਨਾਲ ਕੰਮ ਕਰਨ ਦੀ। ਆਪਣੇ ਆਪ ਨੂੰ ਹਰ ਰੋਜ਼ ਬਿਹਤਰ ਬਣਾਉਂਦੇ ਜਾਣ ਦੀ। ਫਿਰ ਸਫਲਤਾ ਤੁਹਾਡੇ ਪੈਰ ਚੁੰਮੇਗੀ।
ਸੰਪਰਕ: +43 68864 013133