ਪ੍ਰੋ. ਸੁਹਿੰਦਰ ਬੀਰ
‘ਸਮਿਆਂ ਤੋਂ ਪਾਰ’ ਪਿਆਰਾ ਸਿੰਘ ਕੁਦੋਵਾਲ ਦਾ ਪਲੇਠਾ-ਕਾਵਿ ਸੰਗ੍ਰਹਿ ਹੈ। ਭਾਵੇਂ ਉਸ ਦੀ ਰਚਨਾਤਮਕ ਸਾਧਨਾਂ ਰਾਹੀਂ ਨਾਟਕ, ਇਕਾਂਗੀ, ਕਹਾਣੀ, ਕਵਿਤਾ ਆਦਿ ਸਾਹਿਤ-ਰੂਪਾਂ ਨੇ ਜਨਮ ਧਾਰਿਆ ਹੈ ਅਤੇ ਇਨ੍ਹਾਂ ਦੀ ਪ੍ਰਕਾਸ਼ਨਾ ਮਾਸਕ, ਤ੍ਰੈ-ਮਾਸਕ, ਰਸਾਲਿਆਂ ਅਤੇ ਸਾਹਿਤ ਸਭਾਵਾਂ ਵਿਚ ਪੇਸ਼ਕਾਰੀ ਵੀ ਹੁੰਦੀ ਰਹੀ ਹੈ। ਪਰ ਪੁਸਤਕ ਰੂਪ ਵਿਚ ਕਵਿਤਾ ਨੂੰ ਹੀ ਸਭ ਤੋਂ ਪਹਿਲਾਂ ਸਾਹਮਣੇ ਆਉਣ ਦਾ ਅਵਸਰ ਹਾਸਲ ਹੋਇਆ ਹੈ। ਉਹ ਹੁਣ ਤਕ ‘ਸਰਹਿੰਦ ਫ਼ਤਹਿ’ ਅਤੇ ‘ਸੂਰਜ ਨਹੀਂ ਮੋਇਆ’ ਕਾਵਿ-ਸੰਗ੍ਰਹਿਆਂ ਦੀ ਰਚਨਾ ਕਰ ਚੁੱਕਾ ਹੈ ਜਿਸ ਤੋਂ ਉਸ ਦੀ ਕਾਵਿ-ਪ੍ਰਤਿਭਾ ਦੀ ਨੁਹਾਰ ਸਾਹਮਣੇ ਆਉਂਦੀ ਹੈ।
ਪਿਆਰਾ ਸਿੰਘ ਕੁਦੋਵਾਲ ਦਾ ਸੁਭਾਅ ਅਤੇ ਸ਼ਖ਼ਸੀਅਤ ਅਜਿਹੀ ਹੈ ਕਿ ਜੋ ਨਿਸ਼ਕਿਰਿਆਸ਼ੀਲ ਹੋ ਕੇ ਨਹੀਂ ਰਹਿ ਸਕਦੀ, ਉਸ ਨੇ ਹਰ ਹਾਲ ਵਿਚ ਕਿਰਿਆਸ਼ੀਲ ਹੋਣਾ ਹੀ ਹੈ। ਸਰਗਰਮੀ ਬੇਸ਼ੱਕ ਕੋਈ ਵੀ ਹੋਵੇ, ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਉਸ ਨੇ ਬੇਚੈਨੀ ਅਤੇ ਬੇਆਰਾਮੀ ਵਿਚ ਰਹਿਣਾ ਹੀ ਹੈ, ਇਹ ਸਰਗਰਮੀ ਉਸ ਦੀ ਰੂਹ ਦੀ ਖੁਰਾਕ ਬਣ ਚੁੱਕੀ ਹੈ। ਜੇ ਉਸ ਨੇ ਚੈਨ, ਆਰਾਮ, ਸਹਿਜ ਨਿਸ਼ਕਿਰਿਆ ਆਦਿ ਦਾ ਜੀਵਨ ਬਸਰ ਕਰਨਾ ਹੁੰਦਾ ਤਾਂ ਕੁਦੋਵਾਲ ਪਿੰਡ ਹੀ ਉਸ ਵਾਸਤੇ ਕਾਫ਼ੀ ਸੀ, ਪਰ ਪਿੰਡ ਕੁਦੋਵਾਲ ਅਤੇ ਵਿਸ਼ਵ ਪਿਆਰਾ ਸਿੰਘ ਦੀ ਸ਼ਖ਼ਸੀਅਤ ਦੇ ਅੰਤਰ ਸੁਭਾਅ ਵਿਚ ਚੁੰਬਕੀ-ਸ਼ਕਤੀ ਵਾਂਗ ਬੱਝੇ ਪ੍ਰਤੀਤ ਹੁੰਦੇ ਹਨ। ਉਹ ਪਿੰਡ ਤੋਂ ਮਸੂਰੀ, ਮਸੂਰੀ ਤੋਂ ਬੈਂਕਾਕ, ਬੈਂਕਾਕ ਤੋਂ ਸਾਂਹੋਜ਼ੇ, ਸਾਂਹੌਜ਼ੇ ਤੋਂ ਟੋਰਾਂਟੋ ਆਦਿ ਸ਼ਹਿਰਾਂ ਅਤੇ ਦੇਸ਼ਾਂ ਦੀ ਭਾਲ ਵਿਚ ਆਪਣੀ ਮਾਨਸਿਕ ਬੇਚੈਨੀ ਨੂੰ ਦੂਰ ਕਰਨ ਲਈ, ਜੀਵਨ ਦਾ ਵਿਕਾਸ ਕਰਨ ਲਈ ਅਤੇ ਕਦੇ ਰੁਜ਼ਗਾਰ ਦੀ ਭਾਲ ਵਿਚ, ਬਸ ਹਮੇਸ਼ਾਂ ਤੁਰਦਾ ਹੀ ਜਾਂਦਾ ਹੈ। ਇਸ ਸਫ਼ਰ ਦੌਰਾਨ ਦੇਸ, ਪਰਦੇਸ ਅਤੇ ਵਿਸ਼ਵ ਦੇ ਵੰਨ-ਸੁਵੰਨੇ ਰਮਣੀਕ ਅਨੁਭਵ ਉਸ ਦੀ ਅੰਤਰ ਦ੍ਰਿਸ਼ਟੀ ਨੂੰ ਵਿਸ਼ਾਲ ਕਰੀ ਜਾਂਦੇ ਹਨ। ਪਿੰਡ ਦੀ ਰਹਿਤਲ ਬਹੁਤ ਸਾਦ-ਮੁਰਾਦੀ ਹੁੰਦੀ ਹੈ, ਪਰ ਜਦੋਂ ਹੀ ਬੰਦਾ ਪਿੰਡ/ਦੇਸ਼ ਛੱਡ ਕੇ ਪਰਦੇਸੀ ਹੋ ਜਾਂਦਾ ਹੈ ਤਾਂ ਧਰਤੀ ’ਤੇ ਪੈਰ ਟਿਕਾਉਣ ਲਈ ਬੰਦਾ ਮਸਰੂਫ਼ੀਅਤ ਦੀ ਜਕੜ ਵਿਚ ਬੱਝ ਜਾਂਦਾ ਹੈ। ਉਹ ਆਪਣੇ ਪਿੰਡ/ਦੇਸ਼ ਨਾਲ ਤਾਂ ਜੁੜਿਆ ਰਹਿੰਦਾ ਹੈ, ਪਰ ਇਹ ਸਾਂਝ ਉਸ ਦੀ ਵਿਹਾਰਕ ਨਹੀਂ, ਭਾਵਨਾਤਮਕ ਹੁੰਦੀ ਹੈ। ਵਿਹਾਰਕ ਰੂਪ ਵਿਚ ਤਾਂ ਉਹ ਪਰਵਾਸੀ ਹੋ ਜਾਂਦਾ ਹੈ, ਪਰ ਦੇਸ਼ ਦੇ ਵਿਛੋੜੇ ਜਾਂ ਭੂ ਹੇਰਵੇ ਦੀ ਛਿਲਤ ਕਾਲਜੇ ਵਿਚ ਚੁੱਭਦੀ ਰਹਿੰਦੀ ਹੈ, ਕੁਦੋਵਾਲ ਇਸ ਪੀੜ ਤੋਂ ਰਚਨਾਤਮਕ ਸਾਧਨਾਂ ਰਾਹੀਂ ਨਿਜਾਤ ਹਾਸਲ ਕਰਦਾ ਹੈ। ਅਵਚੇਤਨ ਕਵਿਤਾ ਦਾ ਸੁਚੇਤ ਬੋਲ ਬਣ ਜਾਂਦਾ ਹੈ। ਜਿਵੇਂ ਪਿਆਰਾ ਸਿੰਘ ਲਿਖਦਾ ਹੈ:
* ਕੁਦੋਵਾਲ ਨਾ ਭੁਲਿਓ, ਬੱਚੇ ਲੈ ਜਾਣਾ ਦੇਸ਼,
ਪਿੰਡ ਕਹਿੰਦੇ ਨੇ, ਬਖ਼ਸ਼ਿਸ਼ ਹੈ ਹਜ਼ੂਰ ਦੀ।
* ਤੂੰ ਕੁਦੋਵਾਲ ਆ ਜਾ, ਵਸਦਾ ਜਹਾਨ ਜਿੱਥੇ
ਪਰਦੇਸਾਂ ਵਿਚ ਪੈਂਦੀ, ਦੱਸ ਤੇਰੀ ਕੀ ਕਦਰ।
* ਜਦ ਚੇਤਾ ਵਤਨ ਦਾ ਆਵੇਗਾ
ਕੁਦੋਵਾਲ ਨੇ ਬਿਰਹਾ ਗਾਉਣਾ ਹੈ।
* ਕੁਦੋਵਾਲ ਪਿੰਡ ਦੇ ਰੁੱਖ, ਉਦਾਸ ਬੜੇ
ਤੇਰੇ ਚੇਤੇ ਸੱਥ ਵਿਚ ਆਉਂਦੇ ਰਹਿੰਦੇ ਨੇ
* ਧਨ ਦੌਲਤ ਘਰ-ਬਾਰ ਤਾਂ ਬਣਦੇ ਰਹਿੰਦੇ ਨੇ,
ਕੁਦੋਵਾਲ ਕੀ ਜੀਣਾ, ਇਕ ਸਤਿਕਾਰ ਬਿਨਾਂ।
* ਬੇ ਵਤਨ ਹੋਣਾ, ਜੇ ਸਜ਼ਾ ਹੈ, ਮੇਰੇ ਇਸ਼ਕ ਦੀ,
ਮੌਤ ਮੁਤਾਬਿਕ ਕੁੱਦੋਵਾਲ, ਛੱਡਣਾ ਨਾ ਦਰ ਨੂੰ।
ਪੰਜਾਬੀ ਬੰਦਾ ਇਕ ਵੱਖਰੀ ਪਛਾਣ ਵਾਲੀ ਰਹਿਤਲ ਵਿਚ ਜੀਵਨ ਜਿਉਂਦਾ ਹੈ, ਇਹ ਰਹਿਤਲ ਰਾਤ-ਬਰਾਤੇ ਨਹੀਂ ਸਦੀਆਂ ਦਾ ਸਫ਼ਰ ਕਰਕੇ ਅਜੋਕੇ ਬੰਦੇ ਪਾਸ ਹਾਜ਼ਰ-ਨਾਜ਼ਰ ਹੁੰਦੀ ਹੈ। ਜਦੋਂ ਇਹੀ ਪੰਜਾਬੀ ਬੰਦਾ ਦੇਸ ਤੋਂ ਪਰਦੇਸ ਚਲੇ ਜਾਂਦਾ ਹੈ ਤਾਂ ਉਸ ਦੀ ਅਗਲੀ ਪੀੜ੍ਹੀ ਆਪਣੀ ਭਾਸ਼ਾ ਅਤੇ ਰਹਿਤਲ ਤੋਂ ਨਾਬਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਵੀਂ ਪੀੜ੍ਹੀ ਆਪਣੀ ਸਥਾਨਕਤਾ ਦੀ ਆਬੋ-ਹਵਾ ਵਿਚ ਪਲਕੇ ਆਪਣੇ ਆਪ ਨੂੰ ਨਵੇਂ ਰੰਗ-ਰੂਪ ਵਿਚ ਢਾਲਦੀ ਹੈ। ਪਿਤਾ-ਪੁਰਖਿਆਂ ਦਾ ਦੇਸ਼ ਤਾਂ ਉਸ ਦੇ ਵਡੇਰਿਆਂ ਦਾ ਭਾਵਨਾਤਮਕ ਅਤੇ ਅਤੀਤ ਹੁੰਦਾ ਹੈ। ਵਿਹਾਰਕ ਰੂਪ ਵਿਚ ਪਰਵਾਸੀ ਬੰਦਾ ਵੀ ਦੇਸ ਪਰਤਣ ਨੂੰ ਤਰਜੀਹ ਨਹੀਂ ਦਿੰਦਾ। ਪਰਦੇਸ ਤਾਂ ਦੂਰ ਹੈ, ਪਿੰਡਾਂ ਤੋਂ ਸ਼ਹਿਰ ਗਏ ਪਤਵੰਤੇ ਸੱਜਣਾਂ ਨੂੰ ਵੀ ਵਾਪਸ ਪਰਤਣਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਪਹਿਲਾਂ ਪਹਿਲ ਪੰਜਾਬੀ ਬਰਤਾਨੀਆ ਗਏ ਤਾਂ ਉਨ੍ਹਾਂ ਦੇਸ਼ ਪਰਤਣ ਦੀ ਰਟ ਲਾਈ, ਪਰ ਜਗਤਾਰ ਢਾਅ ਨੇ ‘ਚਾਂਦੀ ਨਗਰ ਅਤੇ ਪਰਿੰਦਾ’ ਵਿਚ ਇਹ ਜ਼ਾਹਿਰ ਕਰ ਦਿੱਤਾ ਸੀ ਕਿ ਇਹ ਪਰਦੇਸੀਆਂ ਕੋਲੋਂ ਸੰਭਵ ਨਹੀਂ ਹੋ ਸਕਣਾ। ਵਾਪਸ ਪਰਤਣ ਦਾ ਸੁਪਨਾ ਜਦੋਂ ਹਕੀਕਤ ਵਿਚ ਗੁਜ਼ਰਿਆ ਤਾਂ ਸਥਾਨਕਤਾ ਨਾਲ ਸਮਝੌਤਾ ਕਰਨਾ ਹੀ ਪਿਆ, ਸੋ ਕਵਿਤਾ ਅਚੇਤ ਦੀ ਪੇਸ਼ਕਾਰੀ ਹੈ ਅਤੇ ਜੀਵਨ ਸੁਚੇਤ ਜਗਿਆਸਾ ਦਾ ਦੂਸਰਾ ਨਾਮ ਹੈ।
ਜਦੋਂ ਤੋਂ ਪਿਆਰਾ ਸਿੰਘ ਕੁਦੋਵਾਲ ਨੇ ਸਾਹਿਤਕਾਰੀ ਵਿਚ ਪੈਰ ਧਰਿਆ ਹੈ ਉਦੋਂ ਤੋਂ ਲੈ ਕੇ ਅੱਜ ਤਕ ਪਿੰਡ, ਦੇਸ, ਪਰਦੇਸ ਅਤੇ ਸਾਰੇ ਵਿਸ਼ਵ ਵਿਚ ਜੋ ਵੀ ਕੁਦਰਤੀ, ਰਾਜਸੀ, ਸਮਾਜਿਕ, ਧਾਰਮਿਕ, ਆਰਥਿਕ ਆਦਿ ਕਰੋਪੀਆਂ ਵਾਪਰੀਆਂ ਹਨ, ਉਨ੍ਹਾਂ ਨੂੰ ਕਵੀ ਨੇ ਆਪਣੇ ਤਨ ਮਨ ਉੱਪਰ ਹੰਢਾਇਆ ਹੈ। ਕਵੀ ਇਕ ਸੰਵੇਦਨਸ਼ੀਲ ਅਤੇ ਸੁਹਿਰਦ ਇਨਸਾਨ ਹੁੰਦਾ ਹੈ। ਉਸ ਨੇ ਆਪਣੀ ਮਾਨਸਿਕਤਾ ਵਿਚ ਇਕ ਸੁਪਨ-ਸੰਸਾਰ ਵਸਾਇਆ ਹੁੰਦਾ ਹੈ। ਜਿਸ ਨੂੰ ਆਦਰਸ਼-ਸੰਸਾਰ ਦਾ ਨਾਮ ਦਿੱਤਾ ਜਾ ਸਕਦਾ ਹੈ। ਜਦੋਂ ਵੀ ਇਸ ਆਦਰਸ਼-ਸੰਸਾਰ ਦੀਆਂ ਨੀਹਾਂ ਹਿੱਲਦੀਆਂ ਹਨ, ਕੰਧਾਂ ਢਹਿੰਦੀਆਂ ਹਨ ਅਤੇ ਅਮਾਨਵੀ ਹਾਲਤਾਂ ਪੈਦਾ ਹੁੰਦੀਆਂ ਹਨ ਤਾਂ ਕਵੀ ਦੀ ਮਾਨਸਿਕਤਾ ਵਲੂੰਧਰੀ ਜਾਂਦੀ ਹੈ। ਇਹ ਅਮਾਨਵੀ ਹਾਲਤਾਂ ਬੇਸ਼ੱਕ ਲਬਿਨਾਨ ਵਿਚ ਪੈਦਾ ਹੋਣ ਜਾਂ ਪੰਜਾਬ ਵਿਚ, ਹੀਰੋਸ਼ੀਮਾ-ਨਾਗਾਸਾਕੀ ਵਿਚ ਪੈਦਾ ਹੋਣ ਜਾਂ ਅੰਮ੍ਰਿਤਸਰ, ਦਿੱਲੀ, ਕਾਨਪੁਰ ਵਿਚ, ਪਾਕਿਸਤਾਨ ਵਿਚ ਪੈਦਾ ਹੋਣ ਜਾਂ ਅਫ਼ਗਾਨਿਸਤਾਨ ਵਿਚ, ਅੱਜ ਦਾ ਸੰਵੇਦਨਸ਼ੀਲ ਬੰਦਾ ਗਲੋਬਲ ਪਿੰਡ ਵਿਚ ਰਹਿ ਰਿਹਾ ਹੈ, ਦੇਸ਼ ਬੰਦੇ ਲਈ ਗਲੀ-ਗੁਆਂਢ ਵਾਂਗ ਹੀ ਸਿਮਟੇ ਹੋਏ ਹਨ। ਕੁਦੋਵਾਲ ਦੀ ਖ਼ਾਸੀਅਤ ਹੈ ਕਿ ਉਹ ਸਦਾ ਲਤਾੜੀ ਜਾ ਰਹੀ ਧਿਰ ਨਾਲ ਸਾਥ ਦਿੰਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਵਾਂਗ ਸੱਚ ਦੇ ਬੋਲ ਉਦੋਂ ਉਚਾਰਦਾ ਹੈ ਜਦੋਂ ‘ਸੱਚ ਬੋਲਣ ਦਾ ਵੇਲਾ’ ਹੁੰਦਾ ਹੈ। ਰਾਜਸੀ ਲੋਕ ਤਾਂ ਸੰਕਟ ਦੇ ਸਮੇਂ ਘੁਰਨਿਆਂ ਵਿਚ ਵੜ ਜਾਂਦੇ ਹਨ। ਸਾਹਿਤਕਾਰ ਹੀ ਅਜਿਹੇ ਮਨੁੱਖ ਹੁੰਦੇ ਹਨ ਜੋ ਮੌਤ ਨੂੰ ਲਲਕਾਰ ਕੇ, ਝੂਠ-ਸੱਚ ਨੂੰ ਨਿਤਾਰ ਕੇ ਸਮਾਜਿਕ ਕਟਹਿਰੇ ਵਿਚ ਖਲੋ ਕੇ ਪੈਗੰਬਰੀ ਬੋਲ ਉਚਾਰਦੇ ਹਨ। ਕੁਦੋਵਾਲ ਦੀ ਪ੍ਰਤੀਬੱਧਤਾ, ਉਸ ਦੀਆਂ ਕਵਿਤਾਵਾਂ ਵਿਚ ਥਾਂ-ਪਰ-ਥਾਂ ਵੇਖੀ ਜਾ ਸਕਦੀ ਹੈ :
* ਕੁਦੋਵਾਲ ਕੀ ਉਹਦਾ ਜੀਣਾ
ਜੋ ਮਰ ਕੇ ਜੀਵਿਆ
ਉਹ ਸਮਿਆਂ ਤੋਂ ਪਾਰ ਗਿਆ
ਜੋ ਖੜ੍ਹਾ ਸਥਿਰ ਰਿਹਾ।
* ਉਂਜ ਤਾਂ ਇਸ ਸ਼ਹਿਰ ਦਾ
ਹਰ ਸ਼ਖ਼ਸ ਕੰਡਾ ਬਣ ਚੁੱਕੇ
ਕੌਣ ਹੈ ਜੋ ਬਣ ਕੇ ਖ਼ੁਸ਼ਬੂ ਵਿਚ
ਹਵਾ ਦੇ ਬਿਖਰ ਰਿਹੈ।
* ਅਸੀਂ ਤੇਰੀਆਂ ਰਾਹਵਾਂ ਤੇ,
ਨਿਤ ਪਹਿਰਾ ਦੇਵਾਂਗੇ ਸਾਥੀ
ਨਜ਼ਰਾਂ ਤੋਂ ਓਝਲ ਹੋਇਓ ਨੂੰ
ਪਰ ਦਿਲ ਤੋਂ ਦੂਰ ਨਹੀਂ।
* ਨਹੀਂ ਹਾਰੇਗਾ,
ਨਾ ਹਾਰਿਆ ਹੈ ਕੁਦੋਵਾਲ
ਕਥਾ ਬਾਰੂਦ ਯੁੱਗ ਦੀ,
ਜਾਂ ਹੋਵੇ ਪੱਥਰਾਂ ਦੀ
* ਇਕੋ ਵਾਰੀ ਜੱਗ ’ਤੇ ਆਉਣਾ ਕੁਦੋਵਾਲ
ਸੂਰਮਿਆਂ ਦੇ ਵਾਂਗੂੰ ਜੀਣਾ ਮਰਨਾ ਹੈ।
* ਇਕ ਨਿਕੱਦਾ ਰੁੱਖ,
ਜੜਾਂ ਤਕ ਨੰਗਾ ਖੜ੍ਹਾ
ਨਦੀ ਦੀ ਮਾਰ ਵਿਚ ਵੀ,
ਲਲਕਾਰੇ ਹਰ ਲਹਿਰ ਨੂੰ।
ਇਸ ਸ਼ਾਇਰੀ ਵਿਚ ਪਿਆਰਾ ਸਿੰਘ ਕੁਦੋਵਾਲ ਇਕ ਅਜਿਹੇ ਲੋਹ-ਪੁਰਖ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਜੋ ਆਪਣੀ ਕਹਿਣੀ ਤੇ ਕਥਨੀ ਵਿਚ ਪੂਰਾ ਉੱਤਰਦਾ ਹੈ। ਭਾਵੇਂ ਉਹ ਇਹ ਜਾਣਦਾ ਹੈ ਕਿ ਖ਼ਪਤ ਸੱਭਿਆਚਾਰ ਦੀ ਲਪੇਟ ਵਿਚ ਸਾਰਾ ਵਿਸ਼ਵ ਆ ਗਿਆ ਹੈ। ਸਮੂਹਗਤ ਮੁੱਲਾਂ ਦੇ ਵਿਪਰੀਤ ਵਿਅਕਤੀਗਤ ਹਿੱਤਾਂ ਅਤੇ ਖ਼ੁਦਗ਼ਰਜੀ ਦਾ ਬੋਲ-ਬਾਲਾ ਹੋ ਗਿਆ ਹੈ, ਇਸ ਦੇ ਬਾਵਜੂਦ ਪੰਜਾਬੀ ਰਹਿਤਲ ਅਤੇ ਅਮੀਰ ਵਿਰਸੇ ਵਿਚੋਂ ਜੋ ਉਸ ਨੇ ਸਦਾਚਾਰਕ ਅਤੇ ਕਦਰਾਂ-ਕਮੀਤਾਂ ਨੂੰ ਅਪਣਾਇਆ ਹੈ, ਉਨ੍ਹਾਂ ’ਤੇ ਪਹਿਰਾ ਦੇਣਾ ਉਹ ਆਪਣਾ ਪ੍ਰਥਮ ਫ਼ਰਜ਼ ਸਮਝਦਾ ਹੈ।
ਡਾ. ਅਮਰਜੀਤ ਕੌਂਕੇ ਦਾ ਉਸ ਦੀ ਕਵਿਤਾ ਬਾਰੇ ਕਿਹਾ ਕਥਨ ਦਰੁੱਸਤ ਹੈ ਕਿ ਪਿਆਰਾ ਸਿੰਘ ਕੁਦੋਵਾਲ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਸ਼ਾਇਰ ਹੈ। ਆਲੇ ਦੁਆਲੇ ਵਾਪਰੀ ਹਰ ਘਟਨਾ ਉਸ ਨੂੰ ਟੁੰਬਦੀ ਹੈ। ਉੁਸ ਦੇ ਸੰਵੇਦਨਸ਼ੀਲ ਮਨ ’ਤੇ ਗਹਿਰੀ ਛਾਪ ਛੱਡਦੀ ਹੈ। ਉਹ ਆਪਣੇ ਆਲੇ ਦੁਆਲੇ ਜਾਂ ਨੇੜੇ ਤੇੜੇ ਦੇ ਜੀਵਨ ਨੂੰ ਹੀ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਵਾਪਰਦੇ ਵਰਤਾਰਿਆਂ ਦੀ ਵੀ ਡੂੰਘੀ ਸਮਝ ਰੱਖਦਾ ਹੈ ਅਤੇ ਇਨ੍ਹਾਂ ’ਤੇ ਆਪਣਾ ਕਾਵਿਕ ਪ੍ਰਤੀਕਰਮ ਵੀ ਪੇਸ਼ ਕਰਦਾ ਹੈ।
ਪਿਆਰਾ ਸਿੰਘ ਕੁਦੋਵਾਲ ਦੀ ਇਹ ਧਾਰਨਾ ਹੈ ਕਿ ਦੁਨੀਆਂ ਦੇ ਤਮਾਮ ਮਸਲਿਆਂ ਨੂੰ ਗੋਲ ਮੇਜ਼ ’ਤੇ ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਵੀਹਵੀਂ ਸਦੀ ਵਿਚ ਦੋ ਵਿਸ਼ਵ ਜੰਗਾਂ ਨੇ ਮਨੁੱਖ ਦਾ ਬੇਤਹਾਸ਼ਾ ਘਾਣ ਕੀਤਾ ਹੈ। ਕੋਈ ਖਿੱਤਾ ਹੀ ਇਸ ਧਰਤੀ ਦਾ ਅਜਿਹਾ ਹੋਵੇਗਾ ਜਿਸ ਨੂੰ ਇਨ੍ਹਾਂ ਜੰਗਾਂ ਦਾ ਸੇਕ ਨਾ ਲੱਗਿਆ ਹੋਵੇ। ਜੰਗ ਕਦੇ ਵੀ ਮਨੁੱਖੀ ਵਿਕਾਸ ਦੀ ਨਿਸ਼ਾਨੀ ਜਾਂ ਚਿਹਨ ਨਹੀਂ ਬਣ ਸਕਦੀ, ਇਹ ਮਨੁੱਖ ਲਈ ਹਮੇਸ਼ਾਂ ਵਿਨਾਸ਼ਕਾਰੀ ਹੈ। ਸਖ਼ਤ ਤੋਂ ਸਖ਼ਤ ਬੰਦਿਆਂ ਦੀ ਮਾਨਸਿਕਤਾ ਨੂੰ ਵੀ ਉਹ ਨਰਮ ਕਰਨ ਦੀ ਕੋਸ਼ਿਸ਼ ਵਿਚ ਹੈ। ਅੱਜ ਦੁਨੀਆਂ ਦਾ ਕੋਈ ਵੀ ਖਿੱਤਾ ਲੈ ਲਓ, ਉਹ ਰਾਜਸੀ, ਧਾਰਮਿਕ, ਸਮਾਜਿਕ, ਭਾਸ਼ਾਈ ਮਸਲਿਆਂ ਕਰਕੇ ਆਪਣੇ ਆਪ ਨੂੰ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਅਮਨ ਅਤੇ ਚੈਨ ਦੀ ਜ਼ਿੰਦਗੀ ਅਲੋਪ ਹੋ ਰਹੀ ਹੈ। ਅਜਿਹੇ ਵਕਤਾਂ ਵਿਚ ਪਿਆਰਾ ਸਿੰਘ ਕੁਦੋਵਾਲ ‘ਅਮਨ ਦਾ ਮਸੀਹਾ’ ਬਣ ਕੇ ਸਾਹਮਣੇ ਆਉਂਦਾ ਹੈ ਜੋ ਸੰਸਾਰਕ ਅਮਨ ਲਈ ਸੱਚੇ ਮਨ ਸਹਿਤ ਸ਼ੁਭ ਭਾਵਨਾ ਨਾਲ ਅਰਦਾਸ ਕਰਦਾ ਹੈ। ਅਜਿਹੀ ਅਰਦਾਸ ਸੱਚੀ ਰੂਹ ਨਾਲ ਧੁਰ ਮਨ ਵਿਚ ਬੈਠ ਕੇ ਇਕ ਸ਼ਾਇਰ ਹੀ ਕਰ ਸਕਦਾ ਹੈ:
* ਆਉ ਪੱਥਰਾਂ ਨੂੰ ਵੀ ਘੜਕੇ,
ਪਾਰਦਰਸ਼ੀ ਕਰੀਏ
ਮੁੜ ਨਾ ਤਿੜਕਣ ਸ਼ੀਸ਼ੇ
ਤੇ ਸ਼ੀਸ਼ੇ ਦੀਆਂ ਦੀਵਾਰਾਂ।
* ਕੁਦੋਵਾਲ ਜੱਗ ’ਤੇ,
ਤੂੰ ਸ਼ਾਂਤੀ ਦਾ ਦੂਤ ਬਣ
ਜੰਗ ਨੇ ਵੀ ਜੱਗ ’ਤੇ,
ਹੈ ਭੂਤ ਬਣ ਕੇ ਵਿਚਰਨਾ।
ਦ੍ਰਿਸ਼ਟੀ ਦੇ ਪੱਖ ਤੋਂ ਪਿਆਰਾ ਸਿੰਘ ਕੁਦੋਵਾਲ ਦੀ ਸ਼ਾਇਰੀ ਨੂੰ ਅਮੀਰ ਸ਼ਾਇਰੀ ਕਿਹਾ ਜਾ ਸਕਦਾ ਹੈ। ਦੁਨੀਆਂ ਦਾ ਕੋਈ ਵੀ ਮਨੁੱਖ ਆਪਣੇ ਕੱਦ ਕਰਕੇ ਵੱਡਾ ਜਾਂ ਛੋਟਾ ਨਹੀਂ ਹੁੰਦਾ ਬਲਕਿ ਉਹ ਆਪਣੀ ਸੋਚ ਕਰਕੇ ਹੀ ਵੱਡਾ ਅਤੇ ਛੋਟਾ ਹੁੰਦਾ ਹੈ। ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਪਿਆਰਾ ਸਿੰਘ ਦੀ ਸੋਚ ਸਮਿਆਂ ਤੋਂ ਪਾਰ ਜਾਣ ਵਾਲੀ ਹੈ ਅਤੇ ਉਹ ਕਦੇ ਵੀ ਅਜਿਹੀ ਸੋਚ ਦਾ ਸ਼ਿਕਾਰ ਨਹੀਂ ਹੁੰਦਾ ਜੋ ਸੀਮਤ ਸਮਿਆਂ ਵਿਚ ਨਸ਼ਟ ਹੋ ਜਾਣ ਵਾਲੀ ਹੋਵੇ। ਇਸ ਸੋਚ ਨੇ ਜਦੋਂ ਸ਼ਾਇਰੀ ਵਿਚ ਪ੍ਰਵੇਸ਼ ਕਰਨਾ ਹੈ ਤਾਂ ਦ੍ਰਿਸ਼ਟੀ ਨੂੰ ਕਲਾ ਦੀ ਕੁਠਾਲੀ ਸਾਧਨਾ ਵਿਚ ਤਬਦੀਲ ਹੋਣਾ ਹੀ ਪੈਂਦਾ ਹੈ। ਕਵਿਤਾ ਦੀ ਸਤਰ ਨੂੰ ਜੋ ਰਵਾਨਗੀ ਅਤੇ ਸ਼ਬਦ ਨੂੰ ਇਸ ਤਰ੍ਹਾਂ ਗੋਲ ਪੀਪੂ ਹੋਣਾ ਚਾਹੀਦਾ ਹੈ ਕਿ ਉਹ ਪਾਠਕ ਦੀ ਜ਼ੁਬਾਨ ਵਿਚ ਪੂਰੇ ਰਸੀਲੇਪਨ ਨਾਲ ਰਚਮਿਚ ਜਾਵੇ, ਉਹ ਪਿਆਰਾ ਸਿੰਘ ਕੁਦੋਵਾਲ ਨੂੰ ਹਾਸਲ ਹੈ। ਉਹ ਆਪਣੇ ਜਜ਼ਬਾਤਾਂ ਨੂੰ ਸਰਲਤਾ ’ਤੇ ਸੁਖੈਨਤਾ ਨਾਲ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਆਉਣ ਵਾਲੀਆਂ ਰਚਨਾਵਾਂ ਵਿਚ ਉਹ ਹੋਰ ਬੁਲੰਦੀ ਵੱਲ ਕਦਮ ਪੁਟੇਗਾ, ਇਹ ਮੇਰੀ ਆਸ ਹੈ।
ਈਮੇਲ: birpoet@gmail.com