ਗੁਰਮਲਕੀਅਤ ਸਿੰਘ ਕਾਹਲੋਂ
ਭਵਿੱਖ ਸੰਵਾਰਨ ਲਈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰੁਜ਼ਗਾਰ ਲੱਭਣਾ ਤੇ ਉੱਥੇ ਵੱਸ ਜਾਣਾ ਭਾਰਤੀਆਂ ਅਤੇ ਖ਼ਾਸਕਰ ਪੰਜਾਬੀਆਂ ਦੇ ਖੂਨ ਵਿੱਚ ਹੈ। ਪਰ ਕੁਝ ਦਹਾਕਿਆਂ ਤੋਂ ਪਰਵਾਸ ਦੀ ਲੱਗੀ ਹੋੜ ਦਿਨ ਬਦਿਨ ਤੇਜ਼ੀ ਫੜਦੀ ਹੋਣ ਕਾਰਨ ਸੋਚਣ ਲਈ ਮਜਬੂਰ ਕਰਦੀ ਹੈ। ਇਸ ਰੁਝਾਨ ਵਿੱਚੋਂ ਘਾਤਕ ਨਤੀਜੇ ਨਿਕਲ ਰਹੇ ਹਨ। ਉਹ ਨਤੀਜੇ ਜੋ ਪੰਜਾਬੀਆਂ ਵੱਲੋਂ ਸੰਜੋਏ ਸੁਪਨਿਆਂ ਨੂੰ ਤੋੜਦੇ ਹਨ।
ਭਾਰਤੀਆਂ ਦੇ ਕੈਨੇਡਾ ਵਿੱਚ ਪਰਵਾਸ ਦੀ ਸ਼ੁਰੂਆਤ ਪਿਛਲੀ ਸਦੀ ਦੇ ਪਹਿਲੇ ਸਾਲਾਂ ਵਿੱਚ ਹੋਣ ਲੱਗ ਪਈ ਸੀ। ਪਰ 21ਵੀਂ ਸਦੀ ਚੜ੍ਹਨ ਤੱਕ ਇਸ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ, ਜੋ ਸਾਲ ਦਰ ਸਾਲ ਵਧ ਰਹੀ ਹੈ। ਲੰਘੇ ਪੰਜ ਕੁ ਸਾਲਾਂ ਤੋਂ ਕੈਨੇਡਾ ਸਰਕਾਰ ਦੀ ਵਿਦਿਅਕ ਵੀਜ਼ਿਆਂ ਦੀਆਂ ਸ਼ਰਤਾਂ ਵਿੱਚ ਨਰਮੀ ਨੇ ਪੰਜਾਬੀ ਨੌਜੁਆਨਾਂ ਦੇ ਮਨਾਂ ਵਿੱਚ ਕੈਨੇਡਾ ਦਾ ਨਾਂ ਆਪਣੇ ਕਰੀਅਰ ਦੇ ਪੜਾਅ ਵਜੋਂ ਵਸਾ ਦਿੱਤਾ ਹੈ। ਹਰ ਸਾਲ ਕੈਨੇਡਾ ਆਉਣ ਵਾਲੇ ਵਿਦਿਅਰਥੀਆਂ ਦੀ ਗਿਣਤੀ ਹਜ਼ਾਰਾਂ ਤੋਂ ਵਧ ਕੇ ਲੱਖਾਂ ਤੱਕ ਪਹੁੰਚ ਗਈ ਹੈ। ਕੈਨੇਡਾ ਦੇ ਸਰਕਾਰੀ ਅੰਕੜਿਆਂ ਅਨੁਸਾਰ 2016 ਵਿੱਚ ਭਾਰਤ ਤੋਂ 35403 ਵਿਦਿਆਰਥੀ ਇੱਥੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਨ ਆਏ, ਜਿਨ੍ਹਾਂ ਵਿੱਚੋਂ 72 ਫੀਸਦ ਪੰਜਾਬੀ ਮਾਂ ਬੋਲੀ ਵਾਲੇ ਸਨ। ਕੈਨੇਡੀਅਨ ਆਰਥਿਕਤਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਯੋਗਦਾਨ ਹੈਰਾਨ ਕਰਨ ਵਾਲਾ ਹੈ। 2008 ਵਿੱਚ ਇਹ 6.5 ਅਰਬ ਡਾਲਰ ਸੀ, ਜੋ 2018 ਤੱਕ ਵਧ ਕੇ ਤਿੱਗਣੇ ਤੋਂ ਵੀ ਉੱਪਰ ਯਾਨੀ 21.6 ਅਰਬ ਡਾਲਰ ’ਤੇ ਪਹੁੰਚ ਗਿਆ। 2020-21 ਦੇ ਸਰਕਾਰੀ ਅੰਕੜੇ ਤਾਂ ਬਾਹਰ ਨਹੀਂ ਆਏ, ਪਰ ਪਿਛਲੇ ਸਾਲ ਤਤਕਾਲੀ ਆਵਾਸ ਮੰਤਰੀ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ 27 ਅਰਬ ਡਾਲਰ ਕਹਿ ਕੇ ਇਸ ਰਕਮ ਨੂੰ ਕੈਨੇਡਾ ਦੀ ਆਰਥਿਕਤਾ ਦੇ ਥੰਮ੍ਹ ਵਜੋਂ ਸਵੀਕਾਰਿਆ ਸੀ।
ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ 2008 ਵਿੱਚ ਭਾਰਤ ਤੋਂ ਸਿਰਫ਼ 5235 ਵਿਦਿਆਰਥੀ ਆਏ ਸਨ। ਜਿਨ੍ਹਾਂ ਵਿੱਚੋਂ 3665 ਨੇ ਯੂਨੀਵਰਸਿਟੀਆਂ ਵਿੱਚ ਤੇ 1570 ਨੇ ਕਾਲਜਾਂ ਵਿੱਚ ਦਾਖਲਾ ਲਿਆ। 2010 ਵਿੱਚ ਇਹ ਗਿਣਤੀ ਕ੍ਰਮਵਾਰ 9840, 4835, 5005 ਹੋ ਗਈ। ਸਪੱਸ਼ਟ ਹੈ ਕਿ ਕਾਲਜਾਂ ਦੇ ਦਾਖਲੇ ਵਿਚਲਾ ਫਰਕ +2 ਤੋਂ ਬਾਅਦ ਡਿਪਲੋਮਾ ਕਰਨ ਵਾਲਿਆਂ ਦੇ ਵਾਧੇ ਕਾਰਨ ਪਿਆ। ਇਹੀ ਫਰਕ ਵਧਦਾ ਵਧਦਾ 2016 ਤੱਕ 35403 ਵਿੱਚੋਂ 15090/20313 ਤੱਕ ਪਹੁੰਚ ਗਿਆ। 2016 ਤੋਂ ਬਾਅਦ ਭਾਰਤ ਤੋਂ ਜ਼ਿਆਦਾਤਰ ਪੜ੍ਹਾਕੂ ਆਏ ਹੀ +2 ਪਾਸ ਕਰਕੇ ਤੇ ਆਈਲੈਟਸ ਵਿੱਚ ਬੈਂਡ ਲੈ ਕੇ ਹਨ। 2019 ਤੱਕ ਯੂਨੀਵਰਸਿਟੀ/ ਕਾਲਜ ਵਿਚਲਾ ਫਰਕ 27%/ 73%’ ਤੇ ਜਾ ਪਹੁੰਚਿਆ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਬਾਰ੍ਹਵੀਂ ਪਾਸ ਕਰਨ ਤੱਕ ਨੌਜਵਾਨਾਂ ਦੀ ਜੀਵਨ ਸੋਝੀ ਪਰਿਪੱਕ ਨਹੀਂ ਹੋਈ ਹੁੰਦੀ, ਪਰ ਮਾਪਿਆਂ ਵੱਲੋਂ ਮਨ ’ਤੇ ਪੱਥਰ ਰੱਖ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਔਖੇ ਪੰਧ ’ਤੇ ਤੋਰ ਦਿੱਤਾ ਜਾਂਦੈ। ਮਾਪਿਆਂ ਦੀ ਇਹ ਮਜਬੂਰੀ ਵੀ ਹੈ ਤੇ ਰੀਸ ਵੀ।
ਜਿਵੇਂ ਉੱਪਰ ਜ਼ਿਕਰ ਕੀਤਾ ਹੈ ਕਿ ਕੈਨੇਡੀਅਨ ਆਰਥਿਕਤਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਯੋਗਦਾਨ ਨੂੰ ਸਰਕਾਰ ਵੀ ਠੁੰਮਣਾ ਮੰਨ ਚੁੱਕੀ ਹੈ, ਪਰ ਇੱਥੋਂ ਦੇ ਸੁਚੱਜੇ ਮੰਨੇ ਜਾਂਦੇ ਸਿਸਟਮ ਨੂੰ ਪੁੱਜ ਰਹੇ ਨੁਕਸਾਨ ਬਾਰੇ ਕੋਈ ਗੰਭੀਰ ਨਹੀਂ। ਬੇਸ਼ੱਕ ਕਦੇ ਕਦੇ ਅਜਿਹੀਆਂ ਆਵਾਜ਼ਾਂ ਉੱਠਦੀਆਂ ਹਨ, ਪਰ ਸਥਾਨਕ ਮੀਡੀਆ ਵੱਲੋਂ ਅਣਗੋਲਿਆ ਕਰਨ ਕਰਕੇ ਉਹ ਆਵਾਜ਼ਾਂ ਦੱਬਕੇ ਰਹਿ ਜਾਂਦੀਆਂ ਹਨ। ਇਸ ਸਾਲ ਵੱਡੀ ਗਿਣਤੀ ਹੋਈਆਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਵਿੱਚ ਇਹ ਚਿੰਤਾ ਜ਼ਰੂਰ ਉਭਾਰੀ ਹੈ। ਲੰਘੇ ਕਈ ਮਹੀਨਿਆਂ ਤੋਂ ਜਹਾਜ਼ਾਂ ਰਾਹੀਂ ਜਾਂਦੇ ਲਾਸ਼ਾਂ ਵਾਲੇ ਬਕਸੇ ਵੇਖ ਕੇ ਸ਼ਾਇਦ ਹੀ ਕੋਈ ਭਾਵੁਕ ਹੋਣ ਤੋਂ ਰਿਹਾ ਹੋਵੇ। ਆਮ ਕਰਕੇ ਇਨ੍ਹਾਂ ਮੌਤਾਂ ਨੂੰ ਹਾਦਸੇ ਜਾਂ ਧੜਕਣ ਰੁਕਣ ਦੇ ਖਾਤੇ ਪਾ ਦਿੱਤਾ ਜਾਂਦਾ ਹੈ, ਜੋ ਪੂਰਾ ਸੱਚ ਨਹੀਂ ਹੁੰਦਾ। ਹਾਂ, ਸਾਰੀਆਂ ਮੌਤਾਂ ਨੂੰ ਸ਼ੱਕੀ ਨਹੀਂ ਕਿਹਾ ਜਾ ਸਕਦਾ, ਕੁਝ ਹਾਦਸੇ ਵਾਪਰਦੇ ਹਨ। ਪਰ ਬਹੁਤੀਆਂ ਮੌਤਾਂ ਦਾ ਕਾਰਨ ਕਰਜ਼ੇ ਦੇ ਭਾਰ ਹੇਠ ਆਏ ਮਾਪਿਆਂ ਦੀ ਚਿੰਤਾ, ਉਮੀਦ ਮੁਤਾਬਕ ਕਮਾਈ ਨਾ ਹੋਣਾ, ਮਹਿੰਗਾਈ ਕਾਰਨ ਸਥਾਪਤੀ ਦੇ ਸੁਪਨਿਆਂ ਦਾ ਚੂਰ ਹੋਣਾ, ਹਫ਼ਤੇ ਵਿੱਚ 20 ਘੰਟੇ ਕੰਮ ਦੀ ਬੰਦਿਸ਼, ਕੁਝ ਰੁਜ਼ਗਾਰ ਦਾਤਿਆਂ ਵੱਲੋਂ ਗੁਲਾਮਾਂ ਵਰਗੇ ਵਿਵਹਾਰ, ਘੱਟ ਤਨਖਾਹ, ਕੁੜੀਆਂ ਦੇ ਸਰੀਰਕ ਸ਼ੋਸ਼ਣ, ਪੱਕੇ ਹੋਣ ਦੀਆਂ ਸ਼ਰਤਾਂ ਦਾ ਦਿਨ ਬਦਿਨ ਸਖ਼ਤ ਹੋਣ ਕਾਰਨ ਉਮੀਦਾਂ ਦਾ ਮੱਧਮ ਹੁੰਦੇ ਜਾਣਾ, ਅਣਜਾਣੇ ਵਿੱਚ ਡਰੱਗ ਕਾਰੋਬਾਰੀਆਂ ਦੇ ਵਿਛਾਏ ਜਾਲ ਵਿੱਚ ਫਸ ਜਾਣਾ, ਅਮੀਰ ਭਾਰਤੀ ਮਾਪਿਆਂ ਵੱਲੋਂ ਬੇਹਿਸਾਬੇ ਪੈਸੇ ਭੇਜੀ ਜਾਣਾ, ਸੰਵੇਦਨਸ਼ੀਲ ਮੁੰਡੇ ਕੁੜੀਆਂ ਨਾਲ ਹੁੰਦੇ ਧੋਖੇ ਅਤੇ ਇੱਥੋਂ ਦੇ ਸਿਸਟਮ ਵਿੱਚ ਨਾ ਢਲਣਾ ਸਮੇਤ ਕਈ ਕਾਰਨ ਹਨ, ਜੋ ਮੁੰਡੇ/ਕੁੜੀਆਂ ਨੂੰ ਮੌਤ ਦੇ ਮੂੰਹ ਪੈਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਹਨ।
ਮੌਤ ਦੇ ਅਸਲ ਕਾਰਨਾਂ ਨੂੰ ਲੁਕੋਣ ਵਾਲੀ ਮਨਸ਼ਾ ਬਾਰੇ ਸਭ ਦੇ ਮਨਾਂ ਵਿਚ ਸਵਾਲ ਪੈਦਾ ਹੋਣਾ ਕੁਦਰਤੀ ਹੈ। ਪਰ ਇੱਥੇ ਉਹ ਕਥਨ ਢੁਕ ਜਾਂਦਾ ਹੈ ਕਿ ਕਿਸੇ ਨੂੰ ਨੁਕਸਾਨ ਤੋਂ ਬਚਾਉਣ ਲਈ ਬੋਲਿਆ ਝੂਠ ਜਾਂ ਛੁਪਾਇਆ ਸੱਚ ਗ਼ਲਤ ਨਹੀਂ ਹੁੰਦਾ। ਸਰਕਾਰ ਵੀ ਇਸੇ ਨੀਤੀ ’ਤੇ ਚੱਲਦੀ ਹੈ। ਉਹ ਨਹੀਂ ਚਾਹੇਗੀ ਕਿ ਮੌਤ ਦੇ ਅਸਲ ਕਾਰਨ ਜਾਣ ਕੇ ਵਿਦਿਅਕ ਵੀਜ਼ੇ ਦੇ ਚਾਹਵਾਨ ਨਿਰਾਸ਼ ਹੋਣ ਅਤੇ ਆਏ ਹੋਇਆਂ ਵਿੱਚ ਨਿਰਾਸ਼ਤਾ ਫੈਲੇ। ਇਸੇ ਕਰਕੇ ਵਿਦਿਆਰਥੀ ਮੌਤਾਂ ਦੀ ਗੱਲ ਨੂੰ ਬਹੁਤਾ ਉੱਭਰਨ ਹੀ ਨਹੀਂ ਦਿੱਤਾ ਜਾਂਦਾ। ਅਸਲ ਵਿੱਚ ਆਬਾਦੀ ਦਾ ਸੰਤੁਲਨ ਬਣਾਈ ਰੱਖਣ ਲਈ ਸਾਲਾਨਾ ਤਿੰਨ ਚਾਰ ਲੱਖ ਵਿਦੇਸ਼ੀਆਂ ਨੂੰ ਆਵਾਸ ਦੇਣਾ ਕੈਨੇਡਾ ਦੀ ਲੋੜ ਹੈ। ਵਿਦੇਸ਼ੀ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ ਸਹਿਯੋਗੀ ਬਣਦੇ ਹਨ। ਇਹ ਗੱਲ ਸੱਚ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 90 ਫੀਸਦ ਤੋਂ ਵੱਧ ਇੱਥੋਂ ਦੀ ਡਿਗਰੀ ਲੈਣ ਨਹੀਂ, ਪੱਕੇ ਵਸਨੀਕ (PR) ਬਣਨ ਲਈ ਆਉਂਦੇ ਹਨ। ਬੇਸ਼ੱਕ ਕੈਨੇਡੀਅਨ ਸਰਕਾਰ ਇਹ ਗੱਲ ਜਨਤਕ ਤੌਰ ’ਤੇ ਨਾ ਮੰਨੇ, ਪਰ ਵਿਦਿਅਕ ਵੀਜ਼ਿਆਂ ਦੀਆਂ ਸ਼ਰਤਾਂ ਵਿੱਚ ਨਰਮੀ ਦੇ ਇਹੀ ਕਾਰਨ ਹਨ। ਇੰਜ ਦੇਸ਼ ਨੂੰ ਪਲੇ ਪਲਾਏ, ਪੜ੍ਹੇ ਲਿਖੇ, ਹੁਨਰਮੰਦ ਤੇ ਸਿਹਤਮੰਦ ਮਿਹਨਤੀ ਨੌਜੁਆਨ ਮੁੰਡੇ-ਕੁੜੀਆਂ ਮਿਲ ਜਾਂਦੇ ਹਨ। ਬੇਸ਼ੱਕ ਸਰਕਾਰ ਨੇ ਹੁਨਰਮੰਦ ਵਿਦੇਸ਼ੀਆਂ ਲਈ ਐਕਸਪ੍ਰੈੱਸ ਐਂਟਰੀ ਵੀਜ਼ਾ ਪ੍ਰਣਾਲੀ ਵੀ ਚਲਾਈ ਹੋਈ ਹੈ, ਪਰ ਵਿਦਿਆਰਥੀਆਂ ਤੋਂ ਫੀਸਾਂ ਦੀਆਂ ਰਕਮਾਂ ਆਦਿ ਜਮ੍ਹਾਂ ਕਰਵਾਕੇ ਵੀਜ਼ੇ ਦੇਣ ਨਾਲ ਕੈਨੇਡਾ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਸੰਤੁਲਨ ਬਣਿਆ ਰਹਿੰਦਾ ਹੈ।
ਬੀਤੇ ਦਿਨੀਂ ਓਂਟਾਰੀਓ ਦੇ ਇੱਕ ਸ਼ਮਸ਼ਾਨਘਾਟ ਵੱਲੋਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਵਾਧੇ ’ਤੇ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ। ਇਸ ਰਿਪੋਰਟ ਨੇ ਜਿੱਥੇ ਸਰਕਾਰ ਅੱਗੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਸੰਗਠਨਾਂ ਦੀਆਂ ਜ਼ਿੰਮੇਵਾਰੀਆਂ ਵਧਾ ਦਿੱਤੀਆਂ ਹਨ। ਰਿਪੋਰਟ ਵਿੱਚ ਇਨ੍ਹਾਂ ਮੌਤਾਂ ਤੋਂ ਬਾਅਦ ਪੀੜਤ ਪਰਿਵਾਰਾਂ ਦੀ ਮਦਦ ਦੇ ਨਾਂ ’ਤੇ ਕੀਤੀ ਜਾਂਦੀ ਫੰਡ ਉਗਰਾਹੀ ’ਤੇ ਵੀ ਉਂਗਲਾਂ ਉੱਠਣ ਬਾਰੇ ਕਿਹਾ ਗਿਆ ਹੈ। ਟੋਰਾਂਟੋ ਨੇੜਲੇ ਸ਼ਮਸ਼ਾਨਘਾਟ ਦੇ ਖੁਲਾਸਿਆਂ ਕਾਰਨ ਪੈਦਾ ਹੋਈ ਹਲਚਲ ਮਗਰੋਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਪ੍ਰਮੁੱਖ ਸ਼ਮਸ਼ਾਨਘਾਟਾਂ ਤੋਂ ਵੀ ਅੰਕੜੇ ਇਕੱਤਰ ਕੀਤੇ ਜਾਣ ਲੱਗੇ ਹਨ।
ਕਈ ਸਾਲਾਂ ਤੋਂ ਕਿਸੇ ਵਿਦਿਆਰਥੀ ਦੀ ਧੜਕਣ ਰੁਕਣ ਨਾਲ ਮੌਤ ਦੀ ਗੱਲ ਨਹੀਂ ਸੀ ਸੁਣੀ ਗਈ, ਪਰ ਇਸ ਸਾਲ ਵਿਦਿਆਰਥੀਆਂ ਦੀਆਂ ਹੋਈਆਂ ਮੌਤਾਂ ਵਿੱਚ ਕਈਆਂ ਦੀ ਮੌਤ ਦਾ ਕਾਰਨ ਇਹੀ ਦਰਜ ਹੋਇਆ ਹੈ। ਕੁਝ ਨੇ ਖੁਦਕੁਸ਼ੀ ’ਤੇ ਦਿਲ ਫੇਲ੍ਹ ਹੋਣ ਦੇ ਲੇਬਲ ਲਾ ਦਿੱਤੇ। ਕਈ ਹਾਦਸਿਆਂ ਦੀਆਂ ਜੜਾਂ ਫਰੋਲਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪਿਛੋਕੜ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ, ਪਰੇਸ਼ਾਨੀ, ਮਾਨਸਿਕ ਅਸਾਵਾਂਪਣ ਤੇ ਗ਼ੈਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸਿੱਧੇ ਤੌਰ ’ਤੇ ਜ਼ਿੰਮੇਵਾਰ ਸਨ। ਲੰਘੇ ਮਹੀਨੇ ਟੋਰਾਂਟੋ ਤੋਂ ਦੁਰਾਡੇ ਉੱਤਰੀ ਪਾਸੇ ਹੋਏ ਕਾਰ-ਰੇਲ ਹਾਦਸੇ ਵਿੱਚ ਚਾਰ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਆਮ ਅਣਗਹਿਲੀ ਖਾਤੇ ਨਹੀਂ ਪਾਈਆਂ ਜਾ ਸਕਦੀਆਂ। ਇਹੋ ਜਿਹੇ ਰੇਲ ਫਾਟਕਾਂ ’ਤੇ ਗੱਡੀ ਦੀ ਆਮਦ ਤੋਂ ਤਿੰਨ ਮਿੰਟ ਪਹਿਲਾਂ ਲਾਲ ਲਾਈਟਾਂ ਫਲੈਸ਼ ਹੋਣ ਅਤੇ ਟਨ ਟਨ ਹੋਣ ਲੱਗ ਜਾਂਦੀ ਹੈ। ਅਜਿਹਾ ਹੋਣ ’ਤੇ ਵੀ ਇਹ ਹਾਦਸਾ ਕਿਵੇਂ ਵਾਪਰ ਗਿਆ? ਕੁਝ ਸੂਬੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਨਿਖੇੜ ਕੇ ਨਹੀਂ ਦੱਸਦੇ, ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਹੋਣ ਵਾਲੀਆਂ ਅਜਿਹੀਆਂ ਮੌਤਾਂ ਵਿੱਚ ਅੱਲ੍ਹੜ ਉਮਰ ਦੇ ਪੰਜਾਬੀ ਮੁੰਡੇ ਕੁੜੀਆਂ ਦੀ ਗਿਣਤੀ ਨੂੰ ਨਜ਼ਰਅੰਦਾਜ਼ ਕਰਨ ਨੂੰ ਸੱਚ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਬੀਸੀ ਵਿੱਚ ਸਕੇ ਭਰਾਵਾਂ ਸਮੇਤ ਦਰਜਨਾਂ ਪੰਜਾਬੀ ਮੁੰਡੇ ਗੈਂਗ ਹਿੰਸਾ ਵਿੱਚ ਮਾਰੇ ਗਏ ਹਨ।
ਮੌਤਾ ਦੇ ਵਾਧੇ ਦੇ ਮਾਮਲੇ ਦੀਆਂ ਹੋਰ ਪ੍ਰਤਾਂ ਫਰੋਲਦਿਆਂ ਹੈਰਾਨੀਜਨਕ ਜਾਣਕਾਰੀਆਂ ਮਿਲਦੀਆਂ ਹਨ। ਭਾਰਤੀ ਵਿਦਿਆਰਥੀਆਂ ਵਿੱਚ ਬਹੁਤੇ ਸਾਧਾਰਨ ਘਰਾਂ ਦੇ ਮੁੰਡੇ ਕੁੜੀਆਂ ਹਨ, ਜਿਨ੍ਹਾਂ ਦੇ ਮਾਪਿਆਂ ਨੇ ਪਰਿਵਾਰ ਦੇ ਉੱਜਲ ਭਵਿੱਖ ਦੇ ਸੁਪਨੇ ਸੰਜੋਅ ਕੇ ਆਪਣੇ ਲਾਡਲਿਆਂ ਨੂੰ ਕੈਨੇਡਾ ਭੇਜਣ ਲਈ ਘਰ ਜਾਂ ਜ਼ਮੀਨਾਂ ਗਹਿਣੇ ਕਰਕੇ, ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚਕੇ ਪ੍ਰਬੰਧ ਕੀਤੇ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਤਾਂ ਦਿਨ ਰਾਤ ਇੱਕ ਕਰਕੇ ਮਾਪਿਆਂ ਦੀਆਂ ਉਮੀਦਾਂ ਨੂੰ ਠੰਢੀਆਂ ਨਹੀਂ ਪੈਣ ਦਿੰਦੇ। ਉਹ ਹਫ਼ਤਾਵਾਰ 20 ਘੰਟਿਆਂ ਵਾਲੀ ਬੰਦਸ਼ ਦਾ ਸੁਖਾਵਾਂ ਹੱਲ ਲੱਭ ਲੈਂਦੇ ਹਨ। ਪਰ ਕਈ ਅਜਿਹੇ ਹਨ ਜੋ ਹੱਡਾਂ ਵਿਚਲੀ ਆਰਾਮਪ੍ਰਸਤੀ ਦਾ ਤਿਆਗ ਨਹੀਂ ਕਰ ਸਕਦੇ। ਉਹ ਆਪਣੇ ਰਿਹਾਇਸ਼ੀ ਤੇ ਰੋਜ਼ਮਰਾ ਖਰਚੇ ਦੀ ਪੂਰਤੀ ਜਿੰਨਾ ਵੀ ਕਮਾ ਨਹੀਂ ਸਕਦੇ। ਗ਼ੈਰ ਸਮਾਜਿਕ ਗਰੋਹਾਂ ਦੀ ਅੱਖ ਅਕਸਰ ਐਸ਼ਪ੍ਰਸਤ ਸੋਚ ਵਾਲਿਆਂ ’ਤੇ ਟਿਕੀ ਹੁੰਦੀ ਹੈ। ਇੱਕ ਵਾਰ ਉਨ੍ਹਾਂ ਦੇ ਜਾਲ ਵਿੱਚ ਫਸੇ ਮੁੰਡੇ/ਕੁੜੀ ਦੀ ਆਮ ਜੀਵਨ ਵਿੱਚ ਵਾਪਸੀ ਔਖੀ ਹੋ ਜਾਂਦੀ ਹੈ। ਫਿਰ ਇਹੋ ਜਿਹਿਆਂ ਦੀ ਗਿਣਤੀ ਹੀ ਬਕਸਾ ਬੰਦ ਲਾਸ਼ਾਂ ਦੀ ਗਿਣਤੀ ਵਿੱਚ ਵਾਧਾ ਕਰਦੀ ਹੈ। ਜੇਲ੍ਹਾਂ ਵਿੱਚ ਡੱਕੇ ਹੋਣ ਵਾਲਿਆਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਆਬਾਦੀ ਫੀਸਦ ਤੋਂ ਕਈ ਗੁਣਾਂ ਵੱਧ ਹੈ।
ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਵਿਚਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵਿਦਿਆਰਥੀਆਂ ਦੇ ਲੜਾਈ ਝਗੜੇ ਜਾਂ ਗ਼ਲਤ ਕੰਮਾਂ ਰਾਹੀਂ ਕੈਨੇਡੀਅਨ ਸਿਸਟਮ ਵਿੱਚ ਵਿਗਾੜ ਪੈਦਾ ਕਰਨ ਵਾਲੇ ਪੰਜਾਬੀਆਂ ਵਿੱਚ ਬਹੁਤੇ ਉਹ ਹੁੰਦੇ ਹਨ, ਜੋ ਕਥਿਤ ਗ਼ਲਤ ਹਥਕੰਡਿਆਂ ਨਾਲ ਆਈਲੈਟਸ ਟੈਸਟ ਵਿੱਚੋਂ ਚੰਗੇ ਬੈਂਡ ਲੈ ਕੇ ਕੈਨੇਡਾ ਆਏ ਹੁੰਦੇ ਹਨ। ਅਮੀਰ ਪਿਛੋਕੜ ਤੋਂ ਹੋਣ ਕਾਰਨ ਮਾਪੇ ਉਨ੍ਹਾਂ ਨੂੰ ਨਿਰਵਿਘਨ ਪੈਸਾ ਭੇਜਦੇ ਰਹਿੰਦੇ ਹਨ।
ਵਿਦਿਆਰਥੀਆਂ ਦੇ ਵਰਤਾਰੇ ਦੀ ਗੱਲ ਕਰਦਿਆਂ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਕਰਨ ਆਇਆਂ ਬਾਰੇ ਸ਼ਿਕਾਇਤਾਂ ਨਾਂਮਾਤਰ ਹੁੰਦੀਆਂ ਹਨ। ਕਾਰਨ ਸਪੱਸ਼ਟ ਹੈ ਕਿ ਉਨ੍ਹਾਂ ਨੇ ਜਿਊਣ ਦੇ ਢੰਗਾਂ ਤੇ ਕਸੌਟੀਆਂ ਨੂੰ ਨੇੜੇ ਤੋਂ ਵੇਖ ਪਰਖ ਲਿਆ ਹੁੰਦਾ ਹੈ। ਉਨ੍ਹਾਂ ਦੀ ਸੋਚ ਪਰਿਪੱਕ ਹੋ ਗਈ ਹੁੰਦੀ ਹੈ। ਵਿਦਿਆਰਥੀ ਮੌਤਾਂ ਦੇ ਅੰਕੜਿਆਂ ਵਿੱਚੋਂ ਇਸ ਵਰਗ ਵਾਲਿਆਂ ਦੀ ਗਿਣਤੀ ਮਸੀਂ 13 ਫੀਸਦ ਬਣਦੀ ਹੈ। ਕੈਨੇਡਾ ਵੱਸਦੇ ਭਾਰਤੀ ਭਾਈਚਾਰੇ ਨੂੰ ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਹੋ ਰਹੀਆਂ ਮੌਤਾਂ ਦੇ ਕਾਰਨ ਸਮਝਣ, ਘੋਖਣ, ਹੱਲ ਲੱਭਣ ਅਤੇ ਸਰਕਾਰਾਂ ਨੂੰ ਇਸ ਸਮੱਸਿਆ ਬਾਰੇ ਜਗਾਉਣ ਦੀ ਲੋੜ ਹੈ।
ਸੰਪਰਕ: +16044427676