ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ : The Tribune India

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਜਤਿੰਦਰ ਚੀਮਾ

ਸੋਲਾਂ ਨਵੰਬਰ ਨੂੰ ਅਕਤੂਬਰ ਮਹੀਨੇ ਦੀ ਕੈਨੇਡਾ ਦੀ ਮਹਿੰਗਾਈ ਦਰ 6.9 ਫੀਸਦੀ ਰਿਕਾਰਡ ਕੀਤੀ ਗਈ ਹੈ। ਇਹ ਸਤੰਬਰ ਮਹੀਨੇ ਦੇ ਮੁਕਾਬਲੇ ਨਾ ਵਧੀ ਹੈ ਤੇ ਨਾ ਘਟੀ ਹੈ। ਚਾਹੇ ਮੁੱਖ ਤੌਰ ਤੇ ਆਰਥਿਕ ਮਾਹਿਰ ਵੀ ਇਹ ਮੰਨ ਰਹੇ ਸਨ ਕਿ ਸ਼ਾਇਦ ਇਸ ਵਾਰ ਇਹ 7 ਫੀਸਦੀ ਨੂੰ ਛੂਹ ਜਾਵੇ, ਪਰ ਅਜਿਹਾ ਨਹੀਂ ਹੋਇਆ। ਇਸ ਦਾ ਮੁੱਖ ਕਾਰਨ ਖਾਣ ਵਾਲੀਆਂ ਚੀਜ਼ਾਂ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਕੁਝ ਠੱਲ੍ਹ ਪੈਣਾ ਹੈ। ਦੂਜੇ ਪਾਸੇ ਗੈਸ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਕਤੂਬਰ ਦੌਰਾਨ ਕਾਫ਼ੀ ਉਛਾਲ ਰਿਕਾਰਡ ਕੀਤਾ ਗਿਆ। ਪਿਛਲੇ ਦਿਨੀਂ ਸੀਬੀਸੀ ਰੇਡੀਓ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮਕੈਲਮ ਨੇ ਕੈਨੇਡਾ ਵਾਸੀਆਂ ਨੂੰ ਸਾਵਧਾਨ ਕੀਤਾ ਕਿ ਆਉਣ ਵਾਲਾ ਸਰਦੀ ਦਾ ਮੌਸਮ ਆਰਥਿਕਤਾ ਪੱਖੋਂ ਲੋਕਾਂ ਲਈ ਕਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।

ਇਸ ਦਾ ਮੁੱਖ ਕਾਰਨ ਮਹਿੰਗਾਈ ਦਰ ਨੂੰ ਦੁਬਾਰਾ ਮਿੱਥੇ ਟੀਚੇ ’ਤੇ ਲਿਆਉਣ ਲਈ ਵਿਆਜ ਦਰਾਂ ਵਿੱਚ ਹੋ ਰਿਹਾ ਵਾਧਾ ਹੈ ਜੋ ਅੱਗੇ ਵੀ ਜਾਰੀ ਰਹਿ ਸਕਦਾ ਹੈ। ਚਾਹੇ ਜੂਨ ਵਿੱਚ ਮਹਿੰਗਾਈ ਦਰ 8.1 ਫੀਸਦੀ ਨੂੰ ਛੂਹਣ ਤੋਂ ਬਾਅਦ ਲਗਾਤਾਰ ਘਟ ਰਹੀ ਹੈ, ਪਰ ਇਹ ਅਜੇ ਵੀ ਮਿੱਥੇ ਨਿਸ਼ਾਨੇ ਤੋਂ ਕਾਫ਼ੀ ਦੂਰ ਹੈ। ਇਹ ਸੰੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਬੈਂਕ ਆਫ ਕੈਨੇਡਾ ਅਗਲੇ ਮਹੀਨੇ 7 ਦਸੰਬਰ ਨੂੰ ਆਪਣੀਆਂ ਵਿਆਜ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਜਿਹੜਾ 25 ਬੇਸਿਕ ਪੁਆਇੰਟ ਤੋਂ ਲੈ ਕੇ 50 ਬੇਸਿਕ ਪੁਆਇੰਟ ਤੱਕ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਘਰਾਂ ਦੀਆਂ ਕੀਮਤਾਂ ਵਿੱਚ ਚੱਲ ਰਹੀ ਗਿਰਾਵਟ ਹੋਰ ਅੱਗੇ ਵੀ ਜਾਰੀ ਰਹਿ ਸਕਦੀ ਹੈ।

ਫਰਵਰੀ 2022 ਵਿੱਚ ਜਦੋਂ ਕੈਨੇਡਾ ਵਿੱਚ ਘਰਾਂ ਦੀ ਔਸਤਨ ਕੀਮਤ ਅੱਠ ਲੱਖ ਡਾਲਰ ਤੋਂ ਟੱਪ ਗਈ ਸੀ, ਉਸ ਦੇ ਮੁਕਾਬਲੇ ਇਹ ਸਤੰਬਰ 2022 ਵਿੱਚ ਘਟ ਕੇ 640479 ਡਾਲਰ ਹੀ ਰਹਿ ਗਈ। ਇਸ ਦੀ ਗਿਰਾਵਟ 21 ਫੀਸਦੀ ਬਣਦੀ ਹੈ। ਇਹ ਅੰਕੜਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਜਾਰੀ ਕੀਤਾ ਗਿਆ ਸੀ ਜਿਹੜੀ 155000 ਰਿਐਲਟਰਾਂ ਦੀ ਨੁਮਾਇੰਦਗੀ ਕਰਦੀ ਹੈ। ਇਸੇ ਸੰਸਥਾ ਵੱਲੋਂ ਜਾਰੀ ਇੱਕ ਹੋਰ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਮੁਕਾਬਲੇ ਅਕਤੂਬਰ ਵਿੱਚ ਘਰਾਂ ਦੀ ਵਿਕਰੀ ਵਿੱਚ 1.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਚਾਹੇ ਇਹ ਵਾਧਾ ਮਾਮੂਲੀ ਜਿਹਾ ਲੱਗਦਾ ਹੈ, ਪਰ ਯਾਦ ਰਹੇ ਕਿ ਫਰਵਰੀ 2022 ਤੋਂ ਘਰਾਂ ਦੀ ਵਿਕਰੀ ਵਿੱਚ ਹਰ ਮਹੀਨੇ ਗਿਰਾਵਟ ਦਰਜ ਕੀਤੀ ਜਾ ਰਹੀ ਸੀ।

ਚਾਹੇ ਅਕਤੂਬਰ 2022 ਮਹੀਨੇ ਦੀ ਵਿਕਰੀ ਅਕਤੂਬਰ 2021 ਦੇ ਮੁਕਾਬਲੇ 30 ਫੀਸਦੀ ਘੱਟ ਰਿਕਾਰਡ ਕੀਤੀ ਗਈ ਹੈ, ਪਰ ਕੀਮਤਾਂ ਵਿੱਚ ਐਨੀ ਗਿਰਾਵਟ ਨਹੀਂ ਦੇਖੀ ਜਾ ਰਹੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵੇਚਣ ਵਾਲੇ ਅਜੇ ਵੀ ਆਸਵੰਦ ਹਨ ਕਿ ਕੀਮਤਾਂ ਵਿੱਚ ਇੱਕ ਵਾਰ ਫਿਰ ਉਛਾਲ ਆਵੇਗਾ। ਜਦੋਂ ਕਿ ਦੂਜੇ ਪਾਸੇ ਖਰੀਦਦਾਰ ਇਹ ਸੋਚ ਰਹੇ ਹਨ ਕਿ ਵੱਧ ਵਿਆਜ ਦਰ ਦੇ ਚੱਲਦਿਆਂ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆਵੇਗੀ। ਜੇਕਰ ਰੀਅਲ ਅਸਟੇਟ ਨਾਲ ਜੁੜੇ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਘਰਾਂ ਦੀਆਂ ਕੀਮਤਾਂ ਵਿੱਚ ਅਜੇ ਆਉਣ ਵਾਲੀ ਬਸੰਤ ਰੁੱਤ ਤੱਕ ਇਹ ਗਿਰਾਵਟ ਜਾਰੀ ਰਹੇਗੀ ਜਿਹੜੀ ਕਿ 9 ਫੀਸਦੀ ਤੱਕ ਵੀ ਜਾ ਸਕਦੀ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਦੀ ਰੀਅਲ ਅਸਟੇਟ ਮਾਰਕੀਟ ਡੂੰਘੇ ਆਰਥਿਕ ਸੰਕਟ ਵਿੱਚ ਫਸ ਸਕਦੀ ਹੈ। ਜਿਨ੍ਹਾਂ ਨਿਵੇਸ਼ਕਾਂ ਨੇ ਦਸੰਬਰ 2020 ਤੋਂ ਲੈ ਕੇ ਫਰਵਰੀ 2022 ਤੱਕ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਨਿਵੇਸ਼ ਕੀਤਾ ਸੀ ਉਨ੍ਹਾਂ ਲਈ ਇਹ ਗਿਰਾਵਟ ਗੰਭੀਰ ਆਰਥਿਕ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਮੌਰਟਗੇਜ ਦੇ ਰੇਟਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਵੀ ਬਲਦੀ ’ਤੇ ਤੇਲ ਦਾ ਕੰਮ ਕਰ ਰਿਹਾ ਹੈ।

ਮੌਰਟਗੇਜ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਵਾਲੇ ਬੈਂਕ ਹੁਣ ਹੌਲੀ-ਹੌਲੀ ਆਪਣੇ ਪੈਰ ਪਿਛਾਂਹ ਨੂੰ ਖਿੱਚ ਰਹੇ ਹਨ। ਮੌਜੂਦਾ ਆਰਥਿਕ ਹਾਲਾਤ ਵਿੱਚ ਇਸ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਵਿਆਜ ਦਰਾਂ ਵਿੱਚ ਕੀਤੇ ਜਾ ਰਹੇ ਵਾਧੇ ਕਾਰਨ ਆਮ ਕੈਨੇਡੀਅਨ ਦਾ ਮੌਰਟਗੇਜ ਲਈ ਕੁਆਲੀਫਾਈ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਨਿਵੇਸ਼ਕਾਂ ਨੇ 2020-21 ਵਿੱਚ ਸਸਤੀਆਂ ਦਰਾਂ ’ਤੇ ਮੌਰਟਗੇਜ ਲਈਆਂ ਸਨ ਤੇ ਉਨ੍ਹਾਂ ਦੀਆਂ ਮੌਰਟਗੇਜ ਦਰਾਂ ਰੀਨਿਊ ਦੇ ਸਮੇਂ ਤਿੰਨ ਤੋਂ ਚਾਰ ਗੁਣਾ ਵਧ ਚੁੱਕੀਆਂ ਹੋਣਗੀਆਂ। ਅਜਿਹੇ ਹਾਲਾਤ ਵਿੱਚ ਜਦੋਂ ਇੱਕ ਪਾਸੇ ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਆ ਰਹੀ ਗਿਰਾਵਟ ਅਤੇ ਦੂਜੇ ਪਾਸੇ ਮੌਰਟਗੇਜ ਰੇਟਾਂ ਦਾ ਤਿੰਨ ਗੁਣਾ ਵੱਧ ਜਾਣਾ, ਦੂਹਰਾ ਨੁਕਸਾਨ ਕਰ ਸਕਦਾ ਹੈ। ਅਜਿਹੇ ਹਾਲਾਤ ਵਿੱਚ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਈ ਨਿਵੇਸ਼ਕਾਂ ਨੂੰ ਦੀਵਾਲੀਏਪਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕੈਨੇਡੀਅਨ ਆਰਥਿਕਤਾ ਲਈ ਗੰਭੀਰ ਸਿੱਟੇ ਪੈਦਾ ਕਰੇਗਾ।

ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮਕੈਲਮ ਨੇ ਹਾਊਸ ਆਫ ਕਾਮਨਜ਼ ਦੀ ਕਮੇਟੀ ਅੱਗੇ ਪੇਸ਼ ਹੁੰਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਦੋਂ ਤੱਕ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਧਾਉਣੀਆਂ ਜਾਰੀ ਰੱਖੇਗਾ ਜਦੋਂ ਤੱਕ ਮਹਿੰਗਾਈ ਉਨ੍ਹਾਂ ਦੇ ਕਾਬੂ ਨਹੀਂ ਆਉਂਦੀ। ਅਜੋਕੇ ਆਰਥਿਕ ਮਾਹੌਲ ਵਿੱਚ ਕੈਨੇਡੀਅਨ ਆਰਥਿਕਤਾ ਨੂੰ ਅਗਲੇ ਕੁਝ ਸਾਲਾਂ ਲਈ ਕਾਫ਼ੀ ਅਨਿਸ਼ਚਿਤਤਾ ਵਾਲੇ ਦੌਰ ਵਿੱਚੋਂ ਲੰਘਣਾ ਪੈ ਸਕਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ 2023 ਤੋਂ ਬਾਅਦ ਵਿਆਜ ਦਰਾਂ ਵਿੱਚ ਹੋ ਰਿਹਾ ਵਾਧਾ ਸ਼ਾਇਦ ਰੁਕ ਜਾਵੇ ਤਾਂ ਕਿ ਘਰਾਂ ਦੀਆਂ ਕੀਮਤਾਂ ਵਿੱਚ ਖੜੋਤ ਆ ਸਕੇ।
ਸੰਪਰਕ: -403-629-3577

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All