ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਕੋਨੇ-ਕੋਨੇ ਵਿੱਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮੁਹਿੰਮ ‘ਸਿੱਖ ਕੌਮ ਵੱਲੋਂ ਖੂਨਦਾਨ’ ਜ਼ੋਰਾਂ ’ਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ ਵਿੱਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ ਇਸ ਕਾਰਜ ਨੂੰ ‘ਦੇਸ਼ ’ਚ ਸਭ ਤੋਂ ਵੱਡੀ ਖੂਨਦਾਨ ਲਹਿਰ’ ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ।
ਦਰਅਸਲ, ਕੈਨੇਡਾ ਵਿੱਚ ਇਹ ਉਪਰਾਲਾ 1999 ਵਿੱਚ ਅਰੰਭ ਹੋਇਆ ਸੀ ਅਤੇ ਅਕਤੂਬਰ 2021 ਤੱਕ 1 ਲੱਖ 60 ਹਜ਼ਾਰ ਤੋਂ ਵੱਧ ਜਾਨਾਂ ਸਿੱਖ ਕੌਮ ਵੱਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟੋਰਾਂਟੋ, ਮੌਂਟਰੀਆਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਟਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਜ਼ ਲੇਕ, ਸਸਕੈਚਵਾਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ ਵਿੱਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਇਸ ਵਾਰ ਵੀ 2 ਨਵੰਬਰ ਨੂੰ ਕੈਨੇਡਾ ਦੀ ਰਾਜਧਾਨੀ ਤੋਂ ਸਿੱਖ ਕੌਮ ਵੱਲੋਂ ਖੂਨਦਾਨ ਮੁਹਿੰਮ ਸ਼ੁਰੂ ਹੋ ਕੇ ਮਹੀਨਾ ਭਰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਚੱਲੇਗੀ। ਸੰਸਾਰ ਪੱਧਰ ’ਤੇ ਜਿੱਥੇ ਸਿੱਖਾਂ ਦਾ ਅਕਸ ਉਜਾਗਰ ਕਰਨ ਲਈ ਇਹ ਉਪਰਾਲਾ ਇਤਿਹਾਸਕ ਹੈ, ਉੱਥੇ 37 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ। ਨਸਲਕੁਸ਼ੀ ਦੀ ਪੀੜਤ ਸਿੱਖ ਕੌਮ ਨਾਲ ਸਬੰਧਤ ਲੋਕ ਅੱਜ ਵੀ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ।
ਕੈਨੇਡੀਅਨ ਲੋਕ ਜਦੋਂ ਦੇਸ਼ ਵਿੱਚ ਥਾਂ-ਥਾਂ ’ਤੇ ਲੱਗੇ ਖੂਨਦਾਨ ਕੈਂਪਾਂ ਵਿੱਚ ਸਿੱਖਾਂ ਦੇ ਵਾਲੰਟੀਅਰ ਪਰਿਵਾਰਾਂ, ਯੂਨੀਵਰਸਿਟੀ ਵਿੱਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁੱਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਖੂਨ ਲੈਣ ਵਿੱਚ ਨਹੀਂ, ਖੂਨ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਕੈਨੇਡਾ ਭਰ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੀਆਂ ਅਨੇਕਾਂ ਮਿਸਾਲਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ ਤਾਂ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫਿਰਕੇ ਨੂੰ ਇੱਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਅਣਗਿਣਤ ਜਾਨਾਂ ਬਚਾਈਆਂ।
ਕੈਨੇਡਾ ਦੇ ਕਈ ਹਾਈਵੇਜ਼ ਅਤੇ ਰਾਸ਼ਟਰੀ ਮਾਰਗਾਂ ’ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਅਤੇ ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਅੱਜ ਇਹ ਖੂਨਦਾਨ ਲਹਿਰ ਆਸਟਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ ਵਿੱਚ ਫੈਲ ਚੁੱਕੀ ਹੈ।
ਕੈਨੇਡਾ ਵਿੱਚ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦ੍ਰਿੜ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ ਇਰਾਦੇ ਦੀ ਅਲੰਬਰਦਾਰ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵੱਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ ਬਿੰਦੂ ਹੈ।
ਸਿੱਖ ਕੌਮ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਕੈਨੇਡਾ ਦੇ ਭਾਰੀ ਸਹਿਯੋਗ ਕਾਰਨ ਹੀ ਸਰੀ ਸਿਟੀ ਕੌਂਸਲ ਅਤੇ ਮੇਅਰ ਵੱਲੋਂ ਬੀਤੇ ਵਰ੍ਹੇ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਦੇ ਯਾਦਗਾਰੀ ਮਹੀਨੇ ਵਜੋਂ ਐਲਾਨਿਆ ਗਿਆ, ਜਦੋਂਕਿ ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ ਇਸ ਮੁਹਿੰਮ ਨੂੰ ਦੇਸ਼ ਦੀ ਸਭ ਤੋਂ ਵੱਡੀ ਮੁਹਿੰਮ ਵਜੋਂ ਸਨਮਾਨਿਆ ਗਿਆ।
ਸੰਪਰਕ: 001 604 825 1550