ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੁਲਾਈ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਦੇ ਵਿਰੋਧ ਵਿੱਚ ਯੂਥ ਕਾਂਗਰਸ ਦੇ ਮੈਂਬਰਾਂ ਨੇ ਅੱਜ ਸ਼ਿਵਾਜੀ ਬ੍ਰਿਜ ਰੇਲਵੇ ਸਟੇਸ਼ਨ ’ਤੇ ਕਈ ਰੇਲ ਗੱਡੀਆਂ ਰੋਕ ਦਿੱਤੀਆਂ। ਪਾਰਟੀ ਵਰਕਰ ਰੇਲ ਪਟੜੀਆਂ ’ਤੇ ਪੈ ਗਏ ਅਤੇ ਉਨ੍ਹਾਂ ਵਿੱਚੋਂ ਕੁਝ ਰੇਲਗੱਡੀ ’ਤੇ ਚੜ੍ਹ ਗਏ। ਪ੍ਰਦਰਸ਼ਨਕਾਰੀਆਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਅਤੇ ਵਿੱਤੀ ਜਾਂਚ ਏਜੰਸੀ ਈਡੀ ਵਿਰੁੱਧ ਨਾਅਰੇਬਾਜ਼ੀ ਕੀਤੀ। ਪਹਿਲਾਂ ਉਨ੍ਹਾਂ ਇੱਕ ਈਐੱਮਯੂ ਰੇਲ ਗੱਡੀ ਜੋ ਲੋਕਲ ਰੂਟਾਂ ਉਪਰ ਚੱਲਦੀ ਹੈ ਨੂੰ ਸ਼ਿਵਾਜੀ ਸਟੇਸ਼ਨ ਉਪਰ ਰੋਕ ਦਿੱਤਾ ਗਿਆ। ਇਹ ਰੇਲ ਦਿੱਲੀ ਤੋਂ ਚੱਲ ਕੇ ਮਥੁਰਾ ਵੱਲ ਜਾ ਰਹੀ ਸੀ।
ਕਾਂਗਰਸੀ ਵਰਕਰਾਂ ਨੇ ਇੱਕ ਐਕਸਪ੍ਰੈੱਸ ਸੁਪਰਫਾਸਟ ਰੇਲ ਵੀ ਰੋਕ ਦਿੱਤੀ। ਇਸ ਦੌਰਾਨ ਰੇਲਵੇ ਪੁਲੀਸ ਬੇਵੱਸ ਨਜ਼ਰ ਆਈ। ਜ਼ਿਕਰਯੋਗ ਹੈ ਕਿ 20 ਜੂਨ ਨੂੰ ਵੀ ਯੂਥ ਕਾਂਗਰਸੀ ਕਾਰਕੁਨਾਂ ਨੇ ਸ਼ਿਵਾਜੀ ਸਟੇਸ਼ਨ ਉਪਰ ਅਚਾਨਕ ਰੇਲ ਗੱਡੀਆਂ ਰੋਕਣ ਲਈ ਰੇਲ ਪੱਟੜੀਆਂ ’ਤੇ ਭੀੜ ਲਾ ਦਿੱਤੀ ਸੀ। ਕਾਰਕੁਨਾਂ ਦੀ ਇਸ ਕਾਰਵਾਈ ਨਾਲ ਰੇਲਵੇ ਦਾ ਦਿੱਲੀ-ਮਥੁਰਾ ਰੂਟ ਪ੍ਰਭਾਵਿਤ ਹੋਇਆ ਤੇ ਕਈ ਰੇਲ ਗੱਡੀਆਂ ਦਾ ਸਮਾਂ ਖੁੰਝਿਆ। ਯੂਥ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਇਹ ਤਾਨਾਸ਼ਾਹੀ ਵਿਰੁੱਧ ਪ੍ਰਤੀਕਾਤਮਕ ਪ੍ਰਦਰਸ਼ਨ ਹੈ ਜੋ ਸੰਵਿਧਾਨ ਅਤੇ ਲੋਕਤੰਤਰ ਨੂੰ ਲਗਾਤਾਰ ਕੁਚਲਣ ’ਤੇ ਤੁਲੀ ਹੋਈ ਹੈ।
ਭਾਰਤੀ ਯੂਥ ਕਾਂਗਰਸ ਦੇ ਸ੍ਰੀਨਿਵਾਸ ਬੀਵੀ ਕੌਮੀ ਪ੍ਰਧਾਨ ਨੇ ਕਿਹਾ ਕਿ ਅਸੀਂ ਨਾ ਹਿੱਲਾਂਗੇ ਨਾ ਡਰਾਂਗੇ, ਸੱਚ ਲਈ ਸਾਡਾ ਸੰਘਰਸ਼ ਜਾਰੀ ਰਹੇਗਾ।’ ਇਸ ਦੌਰਾਨ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਜਨਪਥ ਚੌਕ ’ਤੇ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕੌਮੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ, ਬੇਰੁਜ਼ਗਾਰੀ ਵਰਗੇ ਅਹਿਮ ਮੁੱਦਿਆਂ ’ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਤੋਂ ਰੋਕਣ ਲਈ ਕਾਂਗਰਸ ਦੇ ਆਗੂਆਂ ਖ਼ਿਲਾਫ਼ ਈਡੀ ਦੀ ਵਰਤੋਂ ਕਰ ਰਹੀ ਹੈ ਪਰ ਯੂਥ ਕਾਂਗਰਸ ਵਰਕਰ ਬਿਨਾਂ ਕਿਸੇ ਡਰ ਦੇਸਰਕਾਰ ਨੂੰ ਸਖ਼ਤ ਸਵਾਲ ਪੁੱਛਣ ਦਾ ਫਰਜ਼ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਲੋਕਾਂ ਦੇ ਮੁੱਦੇ ਉਠਾਉਂਦੇ ਹਨ ਤੇ ਇਸ ਕਾਰਨ ਸਰਕਾਰ ਦੀ ਨੀਂਦ ਹਰਾਮ ਹੋ ਜਾਂਦੀ ਹੈ। ਇਸੇ ਲਈ ਕੇਂਦਰ ਸਰਕਾਰ ਏਜੰਸੀਆਂ ਨੂੰ ਪਿੱਛੇ ਲਾ ਰਹੀ ਹੈ। ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕ ਹਿੱਤ ਵਿੱਚ ਬੁਲੰਦ ਕੀਤੀ ਆਵਾਜ਼ ਨੂੰ ਤਾਨਾਸ਼ਾਹੀ ਦਬਾ ਨਹੀਂ ਸਕੇਗੀ। ਇਹ ਆਵਾਜ਼ਾਂ ਇਸੇ ਤਰ੍ਹਾਂ ਗੂੰਜਦੀਆਂ ਰਹਿਣਗੀਆਂ। ਇਸ ਦੌਰਾਨ ਰਾਹੁਲ ਰਾਓ ਨੇ ਕਿਹਾ ਕਿ ਇਸ ਸਰਕਾਰ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਕਿ ਇਹ ਦੇਸ਼ ਕੀ ਸੋਚ ਰਿਹਾ ਹੋਵੇਗਾ। ਕਾਂਗਰਸ ਦੇ ਰਾਜ ਵਿੱਚ ਅਜਿਹਾ ਨਹੀਂ ਸੀ।
ਕਾਂਗਰਸ ਵਰਕਰਾਂ ਵੱਲੋਂ ਲੈਫਟੀਨੈਂਟ ਗਵਰਨਰ ਦੀ ਰਿਹਾਇਸ਼ ਦਾ ਘਿਰਾਓ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਈਡੀ ਨੂੰ ਪ੍ਰੋਡਕਸ਼ਨ ’ਤੇ ਤਲਬ ਕਰਨ ਦੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਲੈਫਟੀਨੈਂਟ ਗਵਰਨਰ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰਾ ਦੇਸ਼ ਸੋਨੀਆ ਦੇ ਨਾਲ ਖੜ੍ਹਾ ਹੈ ਅਤੇ ਕਾਂਗਰਸ ਦਾ ਕੋਈ ਵੀ ਸਿਪਾਹੀ ਨਾ ਕਦੇ ਡਰਿਆ ਹੈ ਅਤੇ ਨਾ ਹੀ ਡਰੇਗਾ ਅਤੇ ਤਾਨਾਸ਼ਾਹ ਮੋਦੀ ਸਰਕਾਰ ਦੇ ਖਿਲਾਫ ਸੱਚ ਅਤੇ ਇਨਸਾਫ ਦੀ ਲੜਾਈ ਲੜਦੇ ਰਹਾਂਗੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੋਨੀਆ ਗਾਂਧੀ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਅੱਜ ਵੀ ਪੁਲੀਸ ਨੇ ਸੂਬਾ ਪ੍ਰਧਾਨ ਸਣੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ| ਉਨ੍ਹਾਂ ਦੱਸਿਆ ਕਿ ਈਡੀ ਸਿਆਸਤ ਤੋਂ ਪ੍ਰੇਰਿਤ ਰਾਹੁਲ ਗਾਂਧੀ ਤੋਂ ਵੀ 54 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਿਉਂਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੱਚ ਹਮੇਸ਼ਾ ਸੱਚ ਰਹਿੰਦਾ ਹੈ, ਨਿਡਰ ਰਹਿੰਦਾ ਹੈ, ਨਿਡਰ ਰਹਿੰਦਾ ਹੈ, ਇਮਾਨਦਾਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੇ ਆਗੂਆਂ ’ਤੇ ਨਕੇਲ ਕੱਸਣ ਦੀ ਇਹ ਭਾਜਪਾ ਦੀ ਪੁਰਾਣੀ ਕੋਸ਼ਿਸ਼ ਹੈ, ਜਿਸ ਨੂੰ ਕਿਸੇ ਸਾਜ਼ਿਸ਼ ਤਹਿਤ ਅੰਜਾਮ ਦੇਣ ਵਿੱਚ ਭਾਜਪਾ ਕਦੇ ਵੀ ਸਫਲ ਨਹੀਂ ਹੋ ਸਕੀ।