ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਭਾਰਤੀ ਯੂਥ ਕਾਂਗਰਸ ਨੇ ਦੇਸ਼ ਭਰ ਵਿੱਚ ਐੱਲਪੀਜੀ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕੀਤੇ ਪ੍ਰਦਰਸ਼ਨਾਂ ਤਹਿਤ ਅੱਜ ਇੱਥੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਜਦੋਂ ਸਮ੍ਰਿਤੀ ਇਰਾਨੀ ਵਿਰੋਧੀ ਧਿਰ ਵਿੱਚ ਸੀ ਤਾਂ ਉਹ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਹੋਏ ਪੰਜ ਰੁਪਏ ਦੇ ਵਾਧੇ ਖ਼ਿਲਾਫ਼ ਵੀ ਸੜਕਾਂ ’ਤੇ ਪ੍ਰਦਰਸ਼ਨ ਕਰਦੀ ਨਜ਼ਰ ਆਈ ਸੀ ਪਰ ਅੱਜ ਚਾਰੇ ਪਾਸੇ ਮਹਿੰਗਾਈ ਕਾਰਨ ਮੱਚੀ ਹਾਹਾਕਾਰ ਦੇ ਬਾਵਜੂਦ ਉਨ੍ਹਾਂ ਚੁੱਪ ਧਾਰੀ ਹੋਈ ਹੈ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਗੈਸ ਸਿਲੰਡਰਾਂ ਦੇ ਕੱਟਆਊਟ ਫੜੇ ਹੋਏ ਸਨ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਾ ਰਹੇ ਸਨ। ਇਸ ਦੌਰਾਨ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਵਿਚਕਾਰ ਹੱਥੋ-ਪਾਈ ਵੀ ਹੋਈ। ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਨਾਲ ਲਿਆਂਦੇ ਗੈਸ ਸਿਲੰਡਰ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਕਾਂਗਰਸੀ ਕਾਰਕੁਨਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ 2014 ਦੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਗਾਈ ਨੂੰ ਵੱਡਾ ਮੁੱਦਾ ਬਣਾਇਆ ਸੀ ਪਰ ਹੁਣ ਭਾਜਪਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਸਮੇਂ ਕਾਂਗਰਸ ਸਰਕਾਰ ਮਹਿੰਗੇ ਭਾਅ ਗੈਸ ਖਰੀਦਦੀ ਸੀ ਅਤੇ ਲੋਕਾਂ ਨੂੰ ਸਸਤੀ ਵੇਚਦੀ ਸੀ ਪਰ ਹੁਣ ਕੌਮਾਂਤਰੀ ਬਾਜ਼ਾਰ ਵਿੱਚ ਹਰ ਚੀਜ਼ ਸਸਤੀ ਹੋਣ ਦੇ ਬਾਵਜੂਦ ਲੋਕਾਂ ਨੂੰ ਮਹਿੰਗੀ ਗੈਸ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਪ੍ਰਤੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਅਮੀਰ ਹੋਰ ਅਮੀਰ ਗਰੀਬ ਹੋਰ ਗਰੀਬ ਹੋ ਗਿਆ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ਦਾ ਦਰਦ ਸਮਝਣਾ ਚਾਹੀਦਾ ਹੈ ਕਿਉਂਕਿ ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ, ਇਸ ਲਈ ਸਰਕਾਰ ਆਪਣੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਕੇ ਵਧੇ ਟੈਕਸ ਵਾਪਸ ਲਵੇ|