ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਦਿੱਲੀ ਤੇ ਉੱਤਰੀ ਰਾਜਾਂ ਦੇ ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਨਾਲ ਯਮੁਨਾ ਨਦੀ ਦੇ ‘ਕੈਚਮੈਂਟ’ ਖੇਤਰਾਂ ਤੋਂ ਪਾਣੀ ਯਮੁਨਾ ਨਦੀ ਵਿੱਚ ਆਉਣ ਕਰਕੇ ਇਹ ਦਰਿਆ ਦਿੱਲੀ ਵਿੱਚ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਤੇ ਇਸ ਦਾ ਪਾਣੀ ਕਿਨਾਰੇ ਖੜ੍ਹੀਆਂ ਫਸਲਾਂ ਤੇ ਨੀਵੇਂ ਇਲਾਕਿਆਂ ਵਿੱਚ ਵੜ ਗਿਆ ਹੈ। ਦਿੱਲੀ ਦੇ ਸਿੰਜਾਈ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਲੋਹੇ ਦੇ ਪੁੱਲ ਕੋਲ ਯਮੁਨਾ ਦਾ ਪਾਣੀ 205.33 ਮੀਟਰ ਦੇ ਨਿਸ਼ਾਨ ਤੱਕ ਅਪੜ ਗਿਆ ਸੀ ਜੋ ਕਿ ਚੇਤਾਵਨੀ ਨਿਸ਼ਾਨ 205.33 ਮੀਟਰ ਨਾਲੋਂ ਉੱਚਾ ਸੀ। ਪ੍ਰਸ਼ਾਸਨ ਵੱਲੋਂ ਦਿੱਲੀ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਤੇ ਯਮੁਨਾ ਦੇ ‘ਫਲੱਡ ਪਲੇਨ’ ਦੇ ਖੇਤਰਾਂ ਵਿੱਚ ਵਸੇ ਲੋਕਾਂ ਨੂੰ ਇਲਾਕੇ ਖਾਲੀ ਕਰਨ ਲਈ ਆਖ ਦਿੱਤਾ ਗਿਆ ਤੇ ਅਜਿਹੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਪ੍ਰਬੰਧ ਵੀ ਕੀਤੇ ਗਏ। ਸਿੰਜਾਈ ਤੇ ਹੜ੍ਹ ਰੋਕੂ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ 6 ਵਜੇ ਪਾਣੀ ਦਾ ਪੱਧਰ 205.10 ਮੀਟਰ ਦਰਜ ਕੀਤਾ ਗਿਆ ਜੋ 11 ਵਜੇ 205.33 ਮੀਟਰ ਤੱਕ ਪਹੁੰਚ ਗਿਆ। ਅਧਿਕਾਰੀ ਨੇ ਦੱਸਿਆ ਕਿ ਲਗਭਗ 13 ਕਿਸ਼ਤੀਆਂ ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਕੋਨਿਆਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਤੇ 21 ਹੋਰ ਤਿਆਰ ਰੱਖੀਆਂ ਗਈਆਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਪ੍ਰਸ਼ਾਸਨ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਪੁਲੀਸ ਤੇ ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਯਮੁਨਾ ਦੇ ਹੜ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਕਿਉਂਕਿ ਨਾਲ ਲੱਗਦੇ ਹਰਿਆਣਾ ਨਦੀ ਵਿੱਚ ਹੋਰ ਪਾਣੀ ਛੱਡ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਯਮੁਨਾ ਪੁਸ਼ਤਾ ਖੇਤਰ ਵਿੱਚ ਦਿੱਲੀ ਸਰਕਾਰ ਦੇ ਆਸਰਾ ਘਰਾਂ ਵਿੱਚ ਭੇਜਿਆ। ਦਿੱਲੀ ਹੜ੍ਹ ਕੰਟਰੋਲ ਰੂਮ ਅਨੁਸਾਰ ਹਥਨੀਕੁੰਡ ਬੈਰਾਜ ਵਿੱਚ ਡਿਸਚਾਰਜ ਰੇਟ ਮੰਗਲਵਾਰ ਦੁਪਹਿਰ ਨੂੰ 1.60 ਲੱਖ ਕਿਊਸਿਕ ’ਤੇ ਪਹੁੰਚ ਗਿਆ, ਜੋ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਦਰਮਿਆਨੀ ਬਾਰਿਸ਼ ਲਈ ‘ਸੰਤਰੀ’ ਚਿਤਾਵਨੀ ਵੀ ਜਾਰੀ ਕੀਤੀ। ਦਿੱਲੀ ਵਿਚ ਭਾਰੀ ਬਾਰਸ਼ ਕਾਰਨ ਸਾਰੇ ਸ਼ਹਿਰ ਵਿਚ ਕਈ ਥਾਵਾਂ ਤੇ ਪਾਣੀ ਭਰਨ ਦੀ ਸਥਿਤੀ ਬਣ ਗਈ ਤੇ ਇਥੋਂ ਤਕ ਕਿ ਆਵਾਜਾਈ ਵਿਚ ਵੀ ਵਿਘਨ ਪਿਆ।
ਮੀਂਹ ਕਾਰਨ ਕਪਾਹ ਦੀ ਫ਼ਸਲ ਖਰਾਬ ਹੋਣ ਦਾ ਖ਼ਦਸ਼ਾ
ਜੀਂਦ /ਉਚਾਨਾ (ਮਹਾਂਵੀਰ ਮਿੱਤਲ): ਇੱਥੇ ਬੁੱਧਵਾਰ ਤੋਂ ਲੱਗੀ ਸਾਉਣ ਦੀ ਝੜੀ ਵਿੱਚ ਅੱਜ ਵੀ ਮੀਂਹ ਪੈਂਦਾ ਰਿਹਾ। ਮੀਂਹ ਕਾਰਨ ਲੋਕਾਂ ਦੇ ਮਕਾਨ ਚੋਣ ਲਗ ਪਏ ਹਨ ਤੇ ਕਿਸਾਨਾਂ ਦੀ ਕਪਾਹ ਦੀ ਫਸਲ ਵੀ ਖਤਰੇ ਵਿੱਚ ਪੈ ਗਈ ਹੈ। ਪਿਛਲੇ ਦਿਨੀਂ ਇੱਥੇ ਭਿਵਾਨੀ ਰੋਡ ਉੱਤੇ ਇੱਕ ਸਰਕਾਰੀ ਬੱਸ ਫਸ ਗਈ ਜਿਸ ਨੂੰ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਭੋਂਗਰਾ, ਬੁਡਾਇਨ ਦੇ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਫਸਲਾਂ ਦੇ ਖਰਾਬ ਹੋਣ ਦਾ ਖ਼ਦਸ਼ਾ ਹੈ।