ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਦਸੰਬਰ
ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਟੀਮ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿਚਕਾਰ ਪੁੱਜ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੀ ਦਿਖਾਈ ਦੇ ਰਹੀ ਹੈ। ਖਾਸ ਤੌਰ ’ਤੇ ਮਹਿਲਾਵਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਉਹ ਦਿੱਲੀ ਦੇ ਸਾਰੇ ਬਾਰਡਰ ਜਿਸ ਵਿਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਰਹੀਆਂ ਹਨ ਅਤੇ ਖਾਸਤੌਰ ’ਤੇ ਮਹਿਲਾਵਾਂ ਨੂੰ ਜੋ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਸਨੂੰ ਦੂਰ ਕੀਤਾ ਜਾ ਰਿਹਾ ਹੈ।
ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ ਗਰਮ ਕਪੜੇ ਮਹਿਲਾਵਾਂ ਅਤੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਖੁਦ ਇਕ ਮਹਿਲਾ ਹਾਂ ਇਸ ਲਈ ਸਮਝ ਸਕਦੀ ਹਾਂ ਕਿ ਮਹਿਲਾ ਜੇਕਰ ਆਪਣੇ ਘਰ ਤੋਂ ਬਾਹਰ ਰਹਿੰਦੀ ਹੈ ਤਾਂ ਕਿਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਇਸ ਲਈ ਉਨ੍ਹਾਂ ਨਾਲ ਮਿਲ ਕੇ ਜੋ ਵੀ ਸਮੱਸਿਆ ਹੈ ਉਸ ਦਾ ਨਿਵਾਰਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਬਾਥਰੂਮ ਦੀ ਪਰੇਸ਼ਾਨੀ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 280 ਬਾਥਰੂਮ ਲਗਵਾਏ ਗਏ। ਇਸ ਤੋਂ ਇਲਾਵਾ ਠੰਢ ਦੇ ਮੌਸਮ ਦੌਰਾਨ ਪੇਸ਼ ਆਉਣ ਵਾਲੀਆਂ ਹੋਰਨਾਂ ਮੁਸ਼ਕਿਲਾਂ ਨੂੰ ਵੀ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਹਲ ਕੀਤਾ ਜਾ ਰਿਹਾ ਹੈ।ਬੀਬੀ ਰਣਜੀਤ ਕੌਰ ਦੇ ਨਾਲ ਬੀਬੀ ਸੁਰਬੀਰ ਕੌਰ, ਭੁਪਿੰਦਰ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ਸਮੇਤ ਮਹਿਲਾਵਾਂ ਦੀ ਪੂਰੀ ਟੀਮ ਕੰਮ ਕਰ ਰਹੀ ਹੈ।