ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਕੌਮੀ ਰਾਜਧਾਨੀ ਦੇ ਲਗਭਗ 40 ਪਿੰਡਾਂ ਦੇ ਨਾਮ ਬਦਲਣ ਦੇ ਪ੍ਰਸਤਾਵ ‘ਤੇ ਭਾਜਪਾ ਦੀ ਆਲੋਚਨਾ ਕਰਦੇ ਹੋਏ ਪੁੱਛਿਆ ਕਿ ਇਸ ਦਾ ਦੇਸ਼ ਵਿੱਚ ਮਹਿੰਗਾਈ ਅਤੇ ਵਧਦੀ ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਕੀ ਕੋਈ ਪ੍ਰਭਾਵ ਪਵੇਗਾ।
ਅਲਵੀ ਨੇ ਕਿਹਾ, ‘ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਭਾਜਪਾ ਨੇਤਾਵਾਂ ਵਿੱਚ ਇਹ ਮੁਕਾਬਲਾ ਹੈ ਕਿ ਕੌਣ ਲੋਕਾਂ ਵਿੱਚ ਵੱਧ ਨਫ਼ਰਤ ਫੈਲਾ ਸਕਦਾ ਹੈ। ਤੁਸੀਂ ਇਸ ਤੋਂ ਕੀ ਪ੍ਰਾਪਤ ਕਰੋਗੇ, ਕੀ ਕੀਮਤਾਂ ਹੇਠਾਂ ਆਉਣਗੀਆਂ, ਜਾਂ ਕੀ ਪਿੰਡਾਂ ਦੇ ਨਾਂ ਬਦਲਣ ਨਾਲ ਨੌਕਰੀਆਂ ਪੈਦਾ ਹੋਣਗੀਆਂ? ਕਿਉਂਕਿ ਤੁਸੀਂ ਸੱਤਾ ਵਿੱਚ ਹੋ ਤੁਸੀਂ ਇਹ ਕਰ ਸਕਦੇ ਹੋ ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ?’ ਗੁਪਤਾ ਦੇ ਇਨ੍ਹਾਂ ਪਿੰਡਾਂ ਦੇ ਨਾਂ ਇਸਲਾਮਿਕ ਸ਼ਾਸਨ ਨਾਲ ਸਬੰਧਤ ਹੋਣ ਦੇ ਤਰਕ ਦਾ ਵਿਰੋਧ ਕਰਦੇ ਹੋਏ ਅਲਵੀ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਰੇ ਸੰਸਦ ਮੈਂਬਰ ਅੰਗਰੇਜ਼ੀ ਸਰਕਾਰ ਦੇ ਬਣਾਏ ਬੰਗਲਿਆਂ ਵਿੱਚ ਰਹਿ ਰਹੇ ਹਨ ਤੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲ੍ਹੇ ਦੀ ਫਸੀਲ ’ਤੇ ਸੰਬੋਧਨ ਕਰਨ ਕਿਉਂ ਜਾਂਦੇ ਹਨ। ਅਲਵੀ ਨੇ ਕਿਹਾ, ‘ਭਾਜਪਾ ਲੀਡਰਸ਼ਿਪ ਸੋਚਦੀ ਹੈ ਕਿ ਬੁਲਡੋਜ਼ਰ ਰਾਹੀਂ ਉਹ ਐਮਸੀਡੀ ਚੋਣਾਂ ਜਿੱਤ ਸਕਦੀ ਹੈ। ਉਹ ਸਮਾਜ ਦੇ ਇੱਕ ਖਾਸ ਵਰਗ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਲੋਕ ਰੋਟੀ ਚਾਹੁੰਦੇ ਹਨ ਤੇ ਰੁਜ਼ਗਾਰ ਚਾਹੁੰਦੇ ਹਨ।’
ਦਿੱਲੀ ਦਾ ਨਾਂ ‘ਇੰਦਰਪ੍ਰਸਥ’ ਰੱਖਣ ਦੀ ਮੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੀ ਦਿੱਲੀ ਇਕਾਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੂੰ 40 ਪਿੰਡਾਂ ਦਾ ਨਾਂ ਬਦਲਣ ਲਈ ਕਹਿਣ ਤੋਂ ਬਾਅਦ ਸਵਾਮੀ ਚੱਕਰਪਾਣੀ ਮਹਾਰਾਜ ਨੇ ਸ਼ੁੱਕਰਵਾਰ ਨੂੰ ਦਿੱਲੀ ਦਾ ਨਾਂ ‘ਇੰਦਰਪ੍ਰਸਥ’ ਰੱਖਣ ਦੀ ਮੰਗ ਕੀਤੀ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਤੇ ਸੰਤ ਮਹਾਸਭਾ ਦੇ ਪ੍ਰਧਾਨ ਸਵਾਮੀ ਚੱਕਰਪਾਣੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਰਾਜਧਾਨੀ ਦਾ ਨਾਂ ‘ਇੰਦਰਪ੍ਰਸਥ’ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸੰਸਥਾ ਵੱਲੋਂ ਦਸਤਖਤ ਮੁਹਿੰਮ ਚਲਾਈ ਜਾਵੇਗੀ।ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਧਰ, ਦਿੱਲੀ ਦਿਹਾਤ ਸੰਗਠਨ ਦੇ ਪ੍ਰਧਾਨ ਦੀਵਾਨ ਸਿੰਘ ਨੇ ਕਿਹਾ ਕਿ ਦਿੱਲੀ ਦਾ ਨਾਂ ਢਿੱਲੋਂ (ਹਿੰਦੀ ਵਿੱਚ ਢਿੱਲਨ) ਰਾਜਾ ਦੇ ਨਾਂ ਉਪਰ ਪਿਆ ਸੀ ਤੇ ਅੰਗਰੇਜ਼ਾਂ ਵੱਲੋਂ ਢਿੱਲਨ ਉਚਾਰਨ ਵਿਗਾੜ ਦਿੱਤਾ ਤੇ ਸੌਖਾ ਕਰਦੇ ਹੋਏ ‘ਦਿੱਲੀ’ ਕਰ ਦਿੱਤਾ।